ਅਵਤਾਰ ਤਰਕਸ਼ੀਲ
ਪਿੰਡੋਂ ਬਾਹਰ ਦੀ ਜ਼ਿੰਦਗੀ
ਵੈਸੇ ਤਾਂ ਮੈਂ ਪੜ੍ਹਦਾ ਰਹਿੰਦਾ
ਕਦੇ ਕਦਾਈਂ ਲਿਖ ਲੈਂਦਾ ਹਾਂ।
ਉਮਰ ਤਾਂ ਸਾਰੀ ਸੁਣਦਿਆਂ ਲੰਘੀ
ਕਦੇ ਕਦਾਈਂ ਸੁਣਾ ਲੈਂਦਾ ਹਾਂ।
ਸ਼ਰਾਬ ਤਾਂ ਬੇਸ਼ੱਕ ਕਦੇ ਨਾ ਪੀਤੀ
ਹੋਰਾਂ ਦੀ ਪੀਤੀ ਜ਼ਰ ਲੈਂਦਾ ਹਾਂ।
ਲੜਨਾ ਲੜਾਉਣਾ ਕਦੇ ਨਾ ਸਿੱਖਿਆ
ਬਿਨਾਂ ਵਜ੍ਹਾ ਵੀ ਝੁਕ ਲੈਂਦਾ ਹਾਂ।
ਜ਼ਿੰਦਗੀ ਵਿੱਚ ਕਦੇ ਕਾਹਲ ਨਾ ਕੀਤੀ
ਵਿੱਚ ਵਿਚਾਲੇ ਰੁਕ ਲੈਂਦਾ ਹਾਂ।
ਅੱਗੇ ਲੰਘਦਿਆਂ ਦੇ ਮਗਰ ਨਾ ਭੱਜਿਆ
ਪਿਛਲਿਆਂ ਦੀ ਬਾਂਹ ਫੜ ਲੈਂਦਾ ਹਾਂ।
ਬੀਤਿਆ ਸਮਾਂ ਵਾਪਸ ਨਹੀਂ ਆਉਂਦਾ
ਜ਼ਿਕਰ ਬੀਤੇ ਦਾ ਕਰ ਲੈਂਦਾ ਹਾਂ।
ਰਾਹਾਂ ਵਿੱਚ ਖਿਲਾਰੇ ਰੋੜੇ ਸੱਜਣਾਂ ਜਿਹੜੇ
ਸਹਿਜੇ ਸਹਿਜੇ ਕਰਕੇ ਚੁਗ ਲੈਂਦਾ ਹਾਂ।
ਰੱਬ ‘ਤੇ ਭਾਵੇਂ ਯਕੀਨ ਨਾ ਕੀਤਾ
ਇਨਸਾਨਾਂ ਵਿੱਚ ਲੁਕੇ ਨੂੰ ਲੱਭ ਲੈਂਦਾ ਹਾਂ।
ਧਰਮ ਕੋਈ ਅਪਣਾਇਆ ਨਾ ਹੀ
ਚੰਗੀਆਂ ਸਿੱਖਿਆਵਾਂ ਅਪਣਾ ਲੈਂਦਾ ਹਾਂ।
ਧਾਰਮਿਕ ਅਸਥਾਨਾਂ ਨੂੰ ਦਾਨ ਨ੍ਹੀਂ ਕਰਦਾ
ਕਿਤਾਬਾਂ ਦਾ ਲੰਗਰ ਲਾ ਲੈਂਦਾ ਹਾਂ।
ਧਰਤੀਓਂ ਦੂਰ ਸਵਰਗ ਦੀ ਆਸ ਨਾ ਰੱਖਾਂ
ਇਸ ਧਰਤੀ ਨੂੰ ਸਵਰਗ ਬਣਾ ਲੈਂਦਾ ਹਾਂ।
ਜਾਤ ਪਾਤ ਵਿੱਚ ਫਸਿਆ ਕਦੇ ਨਾ
ਹਰ ਇੱਕ ਨੂੰ ਗਲ ਲਾ ਲੈਂਦਾ ਹਾਂ।
ਪੈਸੇ ਧੇਲੇ ਦਾ ਕਦੇ ਮਾਣ ਨਹੀਂ ਕਰਦਾ
ਯਾਦ ਤੰਬੂਆਂ ਵਿੱਚ ਸੌਣਾ ਕਰ ਲੈਂਦਾ ਹਾਂ।
ਕਈ ਮੈਨੂੰ ਪੰਜਾਬ ਦਾ ਬਾਗੀ ਆਖਣ
ਮਜਬੂਰੀ, ਫਰਜ਼, ਕਰਜ਼ ਦਾ ਮੈਂ ਨਾਂ ਲੈਂਦਾ ਹਾਂ।
ਰੋਟੀ ਖਾਤਰ ਪ੍ਰਦੇਸੀਂ ਲਾਏ ਡੇਰੇ
ਰੋਜ਼ਾਨਾ ਪਿੰਡਾਂ ਦੇ ਨਾਲ ਜੁੜ ਲੈਂਦਾ ਹਾਂ।
ਮਹਿੰਗੇ ਪਕਵਾਨਾਂ ਦੀ ਭਾਵੇਂ ਘਾਟ ਨਾ ਇੱਥੇ
ਸਾਗ, ਦੁੱਧ, ਲੱਸੀ ਤੇ ਦਹੀਂ ਛਕ ਲੈਂਦਾ ਹਾਂ।
ਮਜਬੂਰੀ ਖਾਤਰ ਅਵਤਾਰ ਪ੍ਰਦੇਸੀ ਹੋਇਆ
ਸੁਪਨੇ ਵਿੱਚ ਖੁਰਦਪੁਰ ਨੂੰ ਤੱਕ ਲੈਂਦਾ ਹਾਂ।
ਸੰਪਰਕ: 006421392147
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਇੱਕ ਓਅੰਕਾਰ ਤੇ ਓਮ ਖ਼ੁਦਾ
ਵਾਹਿਗੁਰੂ ਚਾਹੇ ਕਹਿ ਲਓ ਅੱਲ੍ਹਾ, ਜਪਲੋ ਕ੍ਰਿਸ਼ਨਾ ਰਾਮ
ਕੱਢ ਦਿਓ ਦਿਲ ‘ਚੋਂ ਦੂਈ ਦਵੈਤਾਂ…
ਰਾਮ ਨਾਮ ਦਾ ਸਿਮਰਨ ਕਰਕੇ, ਭਵਜਲ ਹੈ ਤਰ ਜਾਈਦਾ
ਇਹ ਤਦ ਹੁੰਦੈ ਵਾਹਿਗੁਰੂ, ਜਦ ਹਿਰਦੇ ਵਿੱਚ ਵਸਾਈਦਾ
ਮੁਕਤ ਹੋ ਜਾਂਦੈ ਪ੍ਰਾਣੀ, ਲੈ ਕੇ ਅੱਲ੍ਹਾ ਦਾ ਵਰਦਾਨ
ਕੱਢ ਦਿਓ ਦਿਲ ‘ਚੋਂ ਦੂਈ ਦਵੈਤਾਂ…
ਵਾਹਿਗੁਰੂ ਜਪ ਤਨ ਤੇ ਮਨ ਹੈ, ਪਾਕ-ਪਵਿੱਤਰ ਹੋ ਜਾਂਦਾ
ਅੱਲ੍ਹਾ ਰਾਮ ਜੋ ਬੋਲੇ ਪ੍ਰਾਣੀ, ਮਨ ਦੀ ਕਾਲਖ਼ ਧੋ ਜਾਂਦਾ
ਧੋਖਾ ਨਾ ਕੋਈ ਖਾਵੇ, ਇਹ ਸਭ ਇੱਕੋ ਰੱਬ ਦੇ ਨਾਮ
ਕੱਢ ਦਿਓ ਦਿਲ ‘ਚੋਂ ਦੂਈ ਦਵੈਤਾਂ…
ਪੀਰ ਫ਼ਕੀਰ ਤੇ ਦੇਵ ਦੇਵੀਆਂ, ਰੱਬ ਦੀ ਅੰਸ਼ ਹਨ ਸਾਰੇ
ਇਨਸਾਨਾਂ ਵਿੱਚ ਵੀ ਰੱਬ, ਉਹੀ ਜਾਣਲੋ ਸੱਚ ਪਿਆਰੇ
ਜੋ ਸਭਨਾ ਵਿੱਚ ਹੈ ਰੱਬ ਤੱਕਦੇ, ਹੋ ਜਾਂਦਾ ਕਲਿਆਨ
ਕੱਢ ਦਿਓ ਦਿਲ ‘ਚੋਂ ਦੂਈ ਦਵੈਤ…
ਸਲੇਮਪੁਰੇ ਦੇ ਲਖਵਿੰਦਰ ਨੇ ਪੜ੍ਹ ਲਏ ਗ੍ਰੰਥ ਅਨੇਕਾਂ
ਇੱਕ ਓਅੰਕਾਰ ਤੇ ਓਮ, ਖ਼ੁਦਾ ਨੂੰ ਸਭਨਾਂ ਵਿੱਚ ਹੀ ਦੇਖਾਂ
ਇੱਕੋ ਰੱਬ ਤੇ ਅਸੀਂ ਹਾਂ, ਸਾਰੇ ਇੱਕ ਦੀ ਹੀ ਸੰਤਾਨ
ਕੱਢ ਦਿਓ ਦਿਲ ‘ਚੋਂ ਦੂਈ ਦਵੈਤ, ਇੱਕ ਹੀ ਹੈ ਭਗਵਾਨ
ਸੰਪਰਕ: +447438398345
ਗੁਰਮਲਕੀਅਤ ਸਿੰਘ ਕਾਹਲੋਂ
ਇਸ਼ਕ ਇਬਾਦਤ
ਇਸ਼ਕ ਉੱਤੇ ਭੂਤ ਦਾ, ਮਲੱਮਾਂ ਚੜ੍ਹਾਉਣ ਵਾਲਿਓ
ਕਤਲਾਂ ਦੇ ਦੋਸ਼, ਇਸ਼ਕ ਸਿਰ ਮੜ੍ਹਾਉਣ ਵਾਲਿਓ।
ਹਿੱਕ ਸੱਚ ਦੀ ਉੱਤੇ, ਝੰਡੇ ਝੂਠੇ ਝੁਲਾਉਣ ਵਾਲਿਓ।
ਕਾਤਲ ਮਿਰਜ਼ੇ ਦੀ, ਸਹਿਬਾਂ ਨੂੰ ਕਹਿਣ ਵਾਲਿਓ।
ਸ਼ਾਇਦ ਤੁਸੀਂ ਨਈਂ ਚਖਿਆ, ਰਸ ਸੱਚੇ ਇਸ਼ਕ ਦਾ।
ਨਹੀਂ ਤਾਂ ਤੁਹਾਡੇ ਚਿਹਰੇ ਤੋਂ, ਨੂਰ ਹੁੰਦਾ ਝਲਕਦਾ।
ਸੁਚੱਜੀ ਜੀਵਨ ਜਾਚ ਦਾ, ਨਾਮ ਲੋਕੋ ਇਸ਼ਕ ਹੈ।
ਸੱਭਿਆਚਾਰ ਵੀ ਸਾਡਾ, ਇਸੇ ਦੀ ਹੀ ਲਿਸ਼ਕ ਹੈ।
ਇਸ਼ਕ ਦੀ ਛਤਰੀ ਤਾਣ ਕੇ, ਘੋਲਦੇ ਅਸੀਂ ਗੰਦ ਹਾਂ।
ਸਵਾਰਥ ਦੋਹਾਂ ਦੇ ਆਪਣੇ, ਕਹਿਣ ਨੂੰ ਰਜ਼ਾਮੰਦ ਹਾਂ।
ਇੱਜ਼ਤਾਂ ਦੇ ਮਾਮਲੇ ‘ਚ, ਮਰਦਾਂ ਦੇ ਹੱਕ ਨੇ ਰਾਖਵੇਂ।
ਔਰਤ ਜਨਨੀ ਮਰਦ ਦੀ, ਪਰ ਹੱਕ ਉਹਦੇ ਕਾਟਵੇਂ।
ਗਲਤੀਆਂ ਦੱਸ ਵੀਹ ਕਰੇ, ਮੁੰਡੇ ਲਈ ਤਾਂ ਮਾਫ਼ ਨੇ।
ਪਹਿਲੀ ਗਲਤੀ ਕੁੜੀ ਦੀ, ਮਾਫ਼ੀ ਤੋਂ ਹੱਥ ਸਾਫ਼ ਨੇ।
ਇਸ਼ਕ ਹੈ ਤਾਂ ਜਗਤ ਹੈ, ਗੁਰਬਾਣੀ ਥਾਂ ਥਾਂ ਬੋਲਦੀ।
ਕਾਦਰ ਨਾਲ ਇਕਮਿਕਤਾ, ਦੁਆਰ ਦਸਵੇਂ ਖੋਲ੍ਹਦੀ।
ਬਾਬੇ ਨਾਨਕ ਨੂੰ ਇਸ਼ਕ ਸੀ, ਪਾਖੰਡਾਂ ਤੋਂ ਪਰਦੇ ਚੁੱਕਣੇ।
ਪੈਦਲ ਦੁਨੀਆ ਗਾਹੁੰਦਿਆਂ, ਫਾਕੇ ਵੀ ਪੈ ਗਏ ਕੱਟਣੇ।
ਕੁਰਬਾਨੀ ਤੇ ਇਮਾਨ ਦੇ, ਇਸ਼ਕ ‘ਚੋਂ ਜਨਮਿਆ ਖਾਲਸਾ।
ਅੰਮ੍ਰਿਤ ਦzwj;ੇ ਛੱਟੇ ਪੰਜ ਹੀ, ਮੁਕਾਉਂਦੇ ਨਿੱਜ ਦੀ ਲਾਲਸਾ।
ਜਦ ਵੀ ਇਸ਼ਕ ਬੋਲ ਪੁਗਾਏ, ਸਿਰਜਿਆ ਇਤਿਹਾਸ ਹੈ।
ਬਹੁਤੀ ਦੇਰ ਨਾ ਟਿਕਦਾ, ਜੋ ਕੁਫਰੀਆ ਮਿਥਿਹਾਸ ਹੈ।
ਆਓ, ਮਨਾਂ ਨਾਲ ਆਪਣੇ, ਕਰੀਏ ਅੱਜ ਇਹ ਫੈਸਲਾ।
ਇਸ਼ਕ ਦੀ ਆੜ ਹੇਠ, ਨਹੀਂ ਕਰਨਾ ਕੋਈ ਢਕੌਂਸਲਾ।
ਕੰਮ ਤੇ ਵਿਹਾਰ ਇਸ਼ਕ, ਇਸ਼ਕ ਹੀ ਕਿਰਦਾਰ ਹੋਵੇ।
ਇੱਕ ਸਮਾਨ ਮਨੁੱਖਤਾ, ਸਭਦੇ ਨਾਲ ਪਿਆਰ ਹੋਵੇ।
ਲਾਲਸਾਵਾਂ ਨਾਲ ਕਦੇ ਵੀ, ਇਸ਼ਕ ਨੂੰ ਨਾ ਜੋੜੀਏ।
ਇਬਾਦਤ ਸੱਚੇ ਇਸ਼ਕ ‘ਚ, ਆਪਣਾ ਆਪ ਰੋੜੀਏ।
ਬੇਸ਼ੱਕ ਹੱਕ ਤੇ ਫਰਜ਼ ਨੇ, ਚੱਲਦੇ ਰੇਲ ਪਹੀਆਂ ਵਾਂਗ।
ਪਰ ਹੱਕ ਮੰਗਦੇ ਹੋਏ, ਫਰਜ਼ ਕਦੇ ਨਾ ਦੇਈਏ ਛਾਂਗ।
ਸਵਾਰਥਾਂ ਦੀ ਆੜ ਵਿੱਚ, ਇਸ਼ਕ ਨਾ ਹੋਵੇ ਬਦਨਾਮ।
ਆਸ਼ਕੀ ਇਮਾਨ ਦੀ ਅਤੇ ਕੁਰਬਾਨੀ ਹੀ ਹੋਵੇ ਮੁਕਾਮ।
ਸੁੁਰਿੰਦਰ ਗੀਤ
ਸੋਚ ਰਿਹਾ ਹਾਂ…
ਠੰਢੀ ਰਾਤ
ਫੁੱਟ-ਪਾਥ ‘ਤੇ ਲੇਟੀ
ਔਰਤ ਨੇ
ਆਪਣੇ ਨਾਲ ਪਏ
ਆਪਣੇ ਦਸ ਸਾਲਾ ਪੁੱਤ ਨੂੰ
ਸੀਨੇ ਨਾਲ ਲਾਇਆ
ਤੇ ਕਿਹਾ
ਸੌਂ ਜਾ ਪੁੱਤ
ਨਾ ਦੇਖੀ ਜਾ
ਇਸ ਉੱਚੀ
ਚਮਕਦੀ ਲਿਸ਼ਕਦੀ ਇਮਾਰਤ ਵੱਲ
ਬੱਚੇ ਨੇ
ਆਪਣਾ ਸਿਰ
ਮਾਂ ਦੀ ਛਾਤੀ ‘ਤੇ ਰੱਖਿਆ
ਆਪਣੇ ਮਿੱਟੀ ਨਾਲ
ਲਿੱਬੜੇ ਹੱਥਾਂ ਨਾਲ
ਮਾਂ ਦਾ ਖੁਰਦਰਾ ਚਿਹਰਾ ਪਲੋਸਿਆ
ਤੇ ਕਿਹਾ
ਮੈਨੂੰ ਯਾਦ ਹੈ
ਜਦੋਂ ਇਹ ਇਮਾਰਤ ਬਣਦੀ ਸੀ
ਤੂੰ ਮੈਨੂੰ ਰੁੱਖ ਦੀ ਛਾਵੇਂ ਬਿਠਾ
ਆਪਣੇ ਸਿਰ ‘ਤੇ
ਭਾਰੇ ਇੱਟਾਂ ਪੱਥਰ ਢੋਂਦੀ
ਘਾਣੀ ਵਿੱਚ
ਆਪਣਾ ਖੂਨ ਪਸੀਨਾ ਰਲਾਉਂਦੀ
ਠੇਕੇਦਾਰ ਦੀਆਂ
ਬਦਕਾਰ ਨਜ਼ਰਾਂ ਤੋਂ
ਆਪਣਾ ਆਪ ਬਚਾਉਂਦੀ
ਆਪਣੀ ਮਜ਼ਦੂਰੀ ਮੰਗਣ ‘ਤੇ
ਠੁੱਡੇ ਤੇ ਗਾਲ੍ਹਾਂ ਖਾਂਦੀ
ਡੰਗ ਦੀ ਰੋਟੀ ਕਮਾਉਂਦੀ ਸੀ
ਮਾਂ
ਅੱਜ ਮੈਂ ਅਚਨਚੇਤ
ਇਸ ਇਮਾਰਤ ਦੇ
ਖੂਨੀ ਇਤਿਹਾਸ ਬਾਰੇ
ਸੋਚ ਰਿਹਾ ਹਾਂ
ਤੇ ਡੁੱਲ੍ਹੇ ਲਹੂ ਪਸੀਨੇ ਦਾ
ਬਦਲਾ ਲੈਣਾ ਲੋਚ
ਰਿਹਾ ਹਾਂ।
ਗੁਰਦੀਸ਼ ਕੌਰ ਗਰੇਵਾਲ
ਮਾਂ ਮੇਰੀ ਦਾ ਏਡਾ ਜ਼ੇਰਾ
ਮਾਂ ਮੇਰੀ ਦਾ ਏਡਾ ਜ਼ੇਰਾ,
ਮੈਨੂੰ ਕੁਝ ਸਮਝਾਉਂਦਾ ਨੀਂ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ,
ਮੈਨੂੰ ਆਖ ਸੁਣਾਉਂਦਾ ਨੀਂ।
ਪਰਬਤ ਵਰਗਾ ਜ਼ੇਰਾ ਮਾਂ ਦਾ,
ਜ਼ਖ਼ਮ ਅਸਾਡੇ ਸੀਂ ਲੈਂਦੀ।
ਆਪਣੇ ਗ਼ਮ ਨੂੰ ਅੰਦਰੇ ਸਾਂਭੇ,
ਸਾਡੇ ਗ਼ਮ ਨੂੰ ਪੀ ਲੈਂਦੀ।
ਕੋਈ ਨਾ ਸਾਡੇ ਅੱਥਰੂ ਪੂੰਝੇ,
ਕੋਈ ਨਾ ਹੋਰ ਵਰਾਉਂਦਾ ਨੀਂ।
ਮਾਂ ਮੇਰੀ ਦਾ ਏਡਾ ਜ਼ੇਰਾ,
ਮੈਨੂੰ ਕੁਝ ਸਮਝਾਉਂਦਾ ਨੀਂ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ,
ਮੈਨੂੰ ਆਖ ਸੁਣਾਉਂਦਾ ਨੀਂ।
ਉਹਦੇ ਬੋਲਾਂ ਦੇ ਵਿੱਚ ਮਿਸ਼ਰੀ,
ਕਦੇ ਨਾ ਕੌੜਾ ਬੋਲੇ ਨੀਂ।
ਜਣੇ ਖਣੇ ਦੇ ਕੋਲ ਕਦੇ ਨਾ,
ਦਿਲ ਦੀ ਘੂੰਡੀ ਖੋਲ੍ਹੇ ਨੀਂ
ਜ਼ਿੰਦਗੀ ਦਾ ਹਰ ਪਲ ਹੀ ਉਹਦਾ,
ਸਤਿ ਸੰਤੋਖ ਸਿਖਾਉਂਦਾ ਨੀਂ।
ਮਾਂ ਮੇਰੀ ਦਾ ਏਡਾ ਜ਼ੇਰਾ,
ਮੈਨੂੰ ਕੁਝ ਸਮਝਾਉਂਦਾ ਨੀਂ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ,
ਮੈਨੂੰ ਆਖ ਸੁਣਾਉਂਦਾ ਨੀਂ।
ਦੁੱਖਾਂ ਵਾਲੇ ਸਮੇਂ ਬਥੇਰੇ,
ਸਿਰ ਉਹਦੇ ਤੋਂ ਲੰਘੇ ਨੀਂ।
ਭਲਾ ਬੁਰਾ ਨਾ ਕਿਸੇ ਨੂੰ ਆਖੇ,
ਖ਼ੈਰਾਂ ਸਭ ਦੀਆਂ ਮੰਗੇ ਨੀਂ।
‘ਨਾ ਕੋ ਵੈਰੀ ਨਾਹੀ ਬੇਗਾਨਾ’,
ਏਹੀ ਪਾਠ ਪੜ੍ਹਾਉਂਦਾ ਨੀਂ।
ਮਾਂ ਮੇਰੀ ਦਾ ਏਡਾ ਜ਼ੇਰਾ,
ਮੈਨੂੰ ਕੁਝ ਸਮਝਾਉਂਦਾ ਨੀਂ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ,
ਮੈਨੂੰ ਆਖ ਸੁਣਾਉਂਦਾ ਨੀਂ।
ਮਾਂ ਤਾਂ ਸੰਘਣੀ ਛਾਂ ਦਾ ਰੁੱਖੜਾ,
ਦੇਵੇ ਠੰਢੀਆਂ ਛਾਵਾਂ ਨੀਂ।
ਬਿਨ ਮੰਗੇ ਹੀ ਸਭ ਨੂੰ ਦੇਵੇ,
ਸੱਚੇ ਦਿਲੋਂ ਦੁਆਵਾਂ ਨੀਂ।
ਦਰੀਆਂ, ਖੇਸ ਤੇ ਸਾਲੂ ਦਾ ਫੁੱਲ,
ਉਹਦੀ ਯਾਦ ਕਰਾਉਂਦਾ ਨੀਂ।
ਮਾਂ ਮੇਰੀ ਦਾ ਏਡਾ ਜ਼ੇਰਾ,
ਮੈਨੂੰ ਕੁਝ ਸਮਝਾਉਂਦਾ ਨੀਂ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ,
ਮੈਨੂੰ ਆਖ ਸੁਣਾਉਂਦਾ ਨੀਂ।
ਪਿੰਡ ਆਪਣੇ ਦੇ ਵਿੱਚ ਉਸ ਤਾਂ,
ਇੱਜ਼ਤ ਬੜੀ ਕਮਾਈ ਨੀਂ।
ਅੱਜ ਉਹਦੀ ਫੁਲਵਾੜੀ ਉੱਤੇ,
ਮਿਹਨਤ ਰੰਗ ਲਿਆਈ ਨੀਂ।
ਸ਼ੀਸ਼ੇ ਵਰਗੇ ਨਿਰਮਲ ਮਨ ਦਾ,
‘ਦੀਸ਼’ ਨੂੰ ਮੋਹ ਸਤਾਉਂਦਾ ਨੀਂ।
ਮਾਂ ਮੇਰੀ ਦਾ ਏਡਾ ਜ਼ੇਰਾ,
ਮੈਨੂੰ ਕੁਝ ਸਮਝਾਉਂਦਾ ਨੀਂ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ,
ਮੈਨੂੰ ਆਖ ਸੁਣਾਉਂਦਾ ਨੀਂ।
ਸੰਪਰਕ: 98728-60488 (ਕੈਨੇਡਾ)
ਜਗਜੀਤ ਸੇਖੋਂ
ਦਰਦ-ਏ-ਸ਼ਹਿਰ
ਬਣ ਗਿਆ ਤਮਾਸ਼ਾ ਹਰ ਸ਼ਹਿਰ ਵਿਹੜਾ।
ਨਿੱਤ ਨਵਾਂ ਹੀ ਝੱਲਦੈ ਕਹਿਰ ਜਿਹੜਾ!
ਹਾਸੇ ਖੁਸ਼ੀਆਂ ਤੇ ਚਾਅ ਕਾਫ਼ੂਰ ਬਣ ਗਏ
ਲੱਭਦਾ ਨਹੀਂ ਹੈ ਖੁਸ਼ ਗਵਾਰ ਚਿਹਰਾ।
ਵਿਹੜੇ ਚੀਖਦੇ, ਡੱਸ ਗਿਆ ਨਾਗ ‘ਚਿੱਟਾ’
ਸਾਰ ਏਸਦੀ ਮਾਂਦਰੀ ਲਵੇ ਕਿਹੜਾ।
ਭਾਅ ਕੌਡੀਆਂ ਤੁਲ ਗਏ ਪੁੱਤ ਹੀਰੇ
ਸੱਥਾਂ ਸੁੰਨੀਆਂ ਦਵੇਂ ਧਰਵਾਸ ਕਿਹੜਾ।
ਇੱਥੇ ਹੁੰਦੀ ਸਿਆਸਤ ਮੌਤ ‘ਤੇ ਵੀ
ਇਸ ਤੋਂ ਡਿੱਗ ਕੇ ਕੰਮ ਹੈ ਨੀਚ ਕਿਹੜਾ।
ਕੂੜ ਨੀਚ ਰਾਜੇ, ਬੇਸ਼ਰਮ ਹਾਕਮ
ਵਾੜ ਖੇਤ ਖਾਵੇ, ਕਰੇ ਨਿਆਂ ਕਿਹੜਾ।
ਸੇਹ ਦਾ ਤੱਕਲਾ, ਆਪ ਹੀ ਗੱਡਿਆ ਏ
ਉੱਤੋਂ ਬਣਦਾ ਹੈ, ਖੈਰ ਖ਼ੁਆਹ ਜਿਹੜਾ
ਸਿਜਦੇ ਕਰਦਿਆਂ ਸਦੀਆਂ ਬੀਤ ਗਈਆਂ
ਰੱਬ ਨੇ ਵੇਖਿਆ ਕਦੇ ਨੀਂ ਪਾ ਫੇਰਾ।
ਜਿਹੜੇ ਪਾ ਮਖੌਟਾ ਨੇ ਤੁਰੇ ਫਿਰਦੇ
ਇੱਕ ਦਿਨ ਹੋਵੇਗਾ ਬੇ-ਨਕਾਬ ਚਿਹਰਾ।
ਸੇਖੋਂ ਛੱਡਦੇ ਵਕਤ ਦੇ ਗ਼ਜ਼ ਮਿਣਨੇ
ਦੇਣਾ ਔਖ ਵਿੱਚ ਕਿਸੇ ਨ੍ਹੀਂ ਸਾਥ ਤੇਰਾ।
**
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ
ਇਹ ਲੋਭੀ ਦਮਾਂ ਦੇ
ਹਉਮੇ ਦੇ ਮਾਰੇ
ਇਹ ਬੋਲਣ ਜਦੋਂ ਵੀ
ਵਰ੍ਹਦੇ ਅੰਗਿਆਰੇ
ਮਨੁੱਖਤਾ ਦੇ ਵੈਰੀ
ਖੂੰਖਾਰ ਹਤਿਆਰੇ
ਕੋਈ ਆਖੋ ਇਨ੍ਹਾਂ ਨੂੰ
ਚੁੱਪ ਹੋ ਜਾਓ।
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ।
ਮਾਸੂਮਾਂ ਦੇ ਤਰਲੇ
ਮਮਤਾ ਪੁਕਾਰੇ
ਸੜਕੇ ਸੁਆਹ ਹੋਏ
ਮਹਿਲ ਤੇ ਢਾਰੇ
ਇਹ ਅਗਨੀ ਰੱਥਾਂ ਦੇ
ਰੋਕੋ ਫੁੰਕਾਰੇ
ਬੀਜੋ ਨਾ ਨਫ਼ਰਤਾਂ
ਨਾ ਜ਼ਹਿਰਾਂ ਉਗਾਓ।
ਕੋਈ ਆਖੋ ਇਨ੍ਹਾਂ ਨੂੰ
ਚੁੱਪ ਹੋ ਜਾਓ
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ।
ਇਹ ਰੂਸ ਦੇ ਪੁੱਤ
ਯੂਕਰੇਨ ਦੇ ਜਾਏ
ਇੱਕੋ ਹੀ ਰਸਤੇ
ਦੁਨੀਆ ਤੋਂ ਆਏ
ਰਹਿਣਾ ਨ੍ਹੀਂ ਸਿੱਖ
ਬਣ ਹਮਸਾਏ
ਪੱਥਰਾਂ ਦੇ ਉੱਠੇ
ਨਾ ਪੱਥਰਾਂ ‘ਚ ਜਾਓ।
ਕੋਈ ਆਖੋ ਇਨ੍ਹਾਂ ਨੂੰ
ਚੁੱਪ ਹੋ ਜਾਓ।
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ|
ਇਹ ਪੱਥਰਾਂ ਦੇ ਹਿਰਦੇ
ਸ਼ੈਤਾਨਾਂ ਦੇ ਸਿਰ ਨੇ
ਹਾਕਮਾਂ ਦੀ ਹਊਮੈ
ਤੇ ਹਰਖਾਂ ਦੀ ਖੈਰ ਨੇ
ਇਹ ਬਣੀਆ ਜਵਾਲਾ
ਸੁਨਾਮੀ ਜਿਹੀ ਧਿਰ ਨੇ
ਵਾਦਵਾਨਾਂ ਨੂੰ ਮੋੜੋ
ਕੋਈ ਆਖੋ ਇਨ੍ਹਾਂ ਨੂੰ
ਚੁੱਪ ਹੋ ਜਾਓ।
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ।
ਕਲਮਾਂ ਵਾਲਿਓ ਆਓ
ਕਲਮੀ ਨੂੰ ਆਖੀਏ
ਹੋਰ ਉੱਚੀ ਚੀਖੀਏ
ਡਿੱਗਦੇ ਹੋਏ ਵੇਖੀਏ
ਦੈਂਤ ਬੰਦੇ ਖਾਇਓ
ਬੰਦੇ ਬਣ ਜਾਓ।
ਕੋਈ ਆਖੇ ਇਨ੍ਹਾਂ ਨੂੰ
ਚੁੱਪ ਹੋ ਜਾਓ।
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ।
ਸਿਰ ਸਵਾਰ ਹਾਕਮਾਂ ਦੇ
ਹੈ ਭੂਤ ਜੰਗ ਦਾ
ਸਿਰਾਂ ਤੋਂ ਹੈ ਨਫ਼ਰਤ
ਤੇ ਸਿਰ ਹੀ ਮੰਗਦਾ
ਸਹਿਮਦੇ ਨੇ ਸਿਰ ਹੀ
ਜਦ ਦਹਾੜਦਾ, ਖੰਘਦਾ
ਬਣਾਕੇ ਛਿੱਕਲੀ ਕਲਮ ਦੀ
ਇਹਦੇ ਮੂੰਹ ਨੂੰ ਪਾਓ।
ਕੋਈ ਆਖੋ ਇਨ੍ਹਾਂ ਨੂੰ
ਚੁੱਪ ਹੋ ਜਾਓ
ਨਾ ਧਰਤੀ ਨੂੰ ਮੌਤ ਦਾ ਮੰਜ਼ਰ ਬਣਾਓ
**
ਅਮਨਾਂ ਦੀ ਲਾਲੀ
ਇਹ ਨਫ਼ਰਤ ਦੀ ਜੰਗ
ਵਿਵਾਦਾਂ ਦੇ ਘੇਰੇ
ਇਹ ਹਿੰਸਾ ਦੀ ਨ੍ਹੇਰੀ
ਤੇ ਕਾਲਖਾਂ ਅੰਧੇਰੇ
ਇਹ ਦਾਸਤਾਂ-ਏ-ਸਿਤਮ
ਹੈ ਫੈਲੀ ਚੁਫ਼ੇਰੇ
ਹਾੜ੍ਹਾ ਹੋਵੇ ਕੋਈ ਚਾਨਣ
ਕਰੇ ਦੂਰ ਹਨੇਰੇ
ਜੋ ਮਰਦੇ ਨੇ ਜੰਗ ਅੰਦਰ
ਏਧਰ ਭਰਾ ਮੇਰੇ
ਤੇ ਉੱਧਰ ਵੀ ਵੀਰ ਮੇਰੇ।
ਫਟਿਆ ਜਵਾਲਾ ਬਾਰੂਦ ਦਾ
ਹੈ ਦੈਂਤ ਵੈਰੀ
ਜਾਵੇਗਾ ਨਿਗਲ ਸਭ ਨੂੰ
ਬਿਨਾਂ ਲਾਏ ਦੇਰੀ
ਹਰ ਪਾਸੇ ਹੈ ਪਸਰਦੀ
ਜਾਵੇ ਰਾਤ ਹਨੇਰੀ
ਮੁਲਕਾਂ ਦੇ ਹਾਕਮਾਂ ਦੀ
ਜੇ ਨਾ ਹੋਈ ਸ਼ਾਂਤ ਹਉਮੇ
ਦੇਖਾਂਗੇ ਦੁਨੀਆ
ਲਪਟਾਂ ‘ਚ ਲਿਪਟੀ
ਬਈ ਖ਼ਾਕ ਦੇਰੀ|
ਤਾਕਤ ਇਸ ਕਲਮ ਦੀ
ਵੱਧ ਹੈ ਤਲਵਾਰ ਤੋਂ
ਜਾਵੇ ਨਾ ਪੱਛੜ ਕਿਧਰੇ
ਮੌਕੇ ਦੇ ਵਾਰ ਤੋਂ
ਕਰੋ ਵਾਰ, ਬਚੀਏ
ਬਾਰੂਦ ਦੇ ਵਾਰ ਤੋਂ
ਲਿਖੋ ਪਾਓ ਲਾਹਨਤਾਂ
ਰੋਕੋ ਇਸ ਜੰਗ ਨੂੰ
ਮਨੁੱਖਤਾ ਦੇ ਘਾਣ ਨੂੰ
ਯਕੀਨਨ ਕੋਈ ਬਚ ਸਕੇ
ਏਸਦੀ ਮਾਰ ਤੋਂ।
ਤੁਸੀਂ ਸਿਆਣਪ ਦੇ ਪੁੰਜ
ਇਲਮਾਂ ਦੇ ਵਾਲੀ
ਹੁਨਰਾਂ ਦੇ ਵਾਰਿਸ
ਅਮਨਾਂ ਦੇ ਮਾਲੀ
ਜੇ ਹੁਣ ਨਾ ਕਲਮ ਕੂਕੀ
ਗਿਆ ਵਾਰ ਖਾਲੀ
ਕਿਹੜੇ ਕੰਮ ਮਨੁੱਖਤਾ
ਬਚਾਉਣ ਦੇ ਨਾਅਰੇ
ਇਹ ਗ੍ਰੰਥ ਸਾਰੇ
ਥੋਥੇ ਦਿਸਣ ਖਾਲੀ
ਜੇ ਨਾ ਉਗਮੀ ਅੰਬਰ ‘ਤੇ
ਅਮਨਾਂ ਦੀ ਲਾਲੀ।
ਸੰਪਰਕ: +61-431157590
News Source link
#ਪਰਵਸ #ਕਵ