ਨਵੀਂ ਦਿੱਲੀ, 19 ਮਈ
ਭਾਰਤੀ ਮੁੱਕੇਬਾਜ਼ ਨਿਖ਼ਤ ਜ਼ਰੀਨ (52 ਕਿਲੋ) ਨੇ ਅੱਜ ਇਸਤੰਬੁਲ ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤ ਲਈ ਹੈ। ਜ਼ਰੀਨ ਫਾਈਨਲ ਵਿੱਚ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ 5-0 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ ਹੈ। ਤਿਲੰਗਾਨਾ ਦੀ ਮੁੱਕੇਬਾਜ਼ ਜ਼ਰੀਨ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੇ ਵਿਰੋਧੀ ਮੁੱਕੇਬਾਜ਼ਾਂ ’ਤੇ ਦਬਦਬਾ ਬਣਾਈ ਰੱਖਿਆ ਅਤੇ ਫਾਈਨਲ ਵਿੱਚ ਥਾਈਲੈਂਡ ਦੀ ਮੁੱਕੇਬਾਜ਼ ਨੂੰ 30-27, 29-28, 29-28, 30-27, 29-28 ਨਾਲ ਹਰਾਇਆ। ਨਿਖ਼ਤ ਜ਼ਰੀਨ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਪੰਜਵੀਂ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਭਾਰਤ ਦਾ ਇਸ ਚੈਂਪੀਅਨਸ਼ਿਪ ਵਿੱਚ ਇਹ ਪਹਿਲਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਛੇ ਵਾਰ ਦੀ ਚੈਂਪੀਅਨ ਐੱਮ.ਸੀ. ਮੈਰੀਕੌਮ (2002, 2005, 2006, 2008, 2010 ਅਤੇ 2018) ਸਰਿਤਾ ਦੇਵੀ (2006), ਜੇਨੀ ਆਰ.ਐੱਲ. (2006), ਅਤੇ ਲੇਖਾ ਕੇ.ਸੀ. ਇਹ ਖ਼ਿਤਾਬ ਜਿੱਤ ਚੁੱਕੀਆਂ ਹਨ। ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਨਾਂ ਹੁਣ 39 ਤਗ਼ਮੇ ਹੋ ਗੲੇ ਹਨ, ਜਿਸ ਵਿੱਚ 10 ਸੋਨ, 8 ਚਾਂਦੀ ਅਤੇ 21 ਕਾਂਸੀ ਦੇ ਤਗ਼ਮੇ ਸ਼ਾਮਲ ਹਨ। -ਪੀਟੀਆਈ