14.9 C
Patiāla
Saturday, December 2, 2023

ਭਾਫ਼ ਘੜੀਆਂ ਦਾ ਆਕਰਸ਼ਣ

Must read


ਗੁਰਪ੍ਰੀਤ ਸਿੰਘ ਤਲਵੰਡੀ

ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਵੈਨਕੂਵਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਾਪਿਤ ਭਾਫ਼ ਘੜੀ ਵਿਸ਼ਵ ਪੱਧਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ। ਵੱਖ ਵੱਖ ਦੇਸ਼ਾਂ ਜਾਂ ਕੈਨੇਡਾ ਦੇ ਹੀ ਹੋਰਨਾਂ ਖੇਤਰਾਂ ਤੋਂ ਘੁੰਮਣ ਲਈ ਆਉਂਦੇ ਯਾਤਰੀ ਇਸ ਭਾਫ਼ ਘੜੀ ਨੂੰ ਲੰਮਾ ਸਮਾਂ ਖੜ੍ਹ ਕੇ ਨਿਹਾਰਦੇ ਹਨ ਅਤੇ ਇਸ ਦੀ ਸਮੁੱਚੀ ਤਕਨੀਕ ਨੂੰ ਸਮਝਦੇ ਹਨ। ਇਸ ਘੜੀ ਦੀ ਸਥਾਪਨਾ ਅਤੇ ਇਸ ਦੇ ਹੋਰ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ’ਤੇ ਪਤਾ ਚੱਲਦਾ ਹੈ ਕਿ ਉਕਤ ਭਾਫ਼ ਘੜੀ ਪੂਰੀ ਤਰ੍ਹਾਂ ਭਾਫ਼ ਇੰਜਣ ਦੀ ਸਹਾਇਤਾ ਨਾਲ ਚੱਲਦੀ ਹੈ। ਇਸ ਤਰ੍ਹਾਂ ਦੀਆਂ ਕੁਝ ਕੁ ਭਾਫ਼ ਘੜੀਆਂ ਹਨ, ਜੋ ਜਨਤਕ ਥਾਵਾਂ ’ਤੇ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡੀਅਨ ਹੋਰੋਲੋਜਿਸਟ ਰੇਮੰਡ ਸਾਂਡਰਸ ਵੱਲੋਂ ਬਣਾਈਆਂ ਗਈਆਂ ਹਨ ਅਤੇ ਸ਼ਹਿਰੀ ਜਨਤਕ ਸਥਾਨਾਂ ’ਤੇ ਸਥਾਪਿਤ ਕੀਤੀਆਂ ਗਈਆਂ।

ਰੇਮੰਡ ਸਾਂਡਰਸ ਵੱਲੋਂ ਬਣਾਈਆਂ ਗਈਆਂ ਘੜੀਆਂ ਓਟਾਰੂ (ਜਪਾਨ), ਇੰਡੀਆਨਾਪੋਲਿਸ (ਅਮਰੀਕਾ) ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰਾਂ ਵੈਨਕੁਵਰ, ਵਿਸਲਰ ਅਤੇ ਪੋਰਟ ਕੋਕਿਟਲਮ ਵਿੱਚ ਲਗਾਈਆਂ ਗਈਆਂ ਹਨ। ਇਸ ਤਰ੍ਹਾਂ ਦੀਆਂ ਹੀ ਹੋਰ ਭਾਫ਼ ਘੜੀਆਂ, ਜੋ ਹੋਰ ਨਿਰਮਾਤਾਵਾਂ ਦੁਆਰਾ ਬਣਾਈਆਂ ਗਈਆਂ ਹਨ, ਉਹ ਸੇਂਟ ਹੈਲੀਅਰ ਅਤੇ ਨਿਊ ਜਰਸੀ, ਅਮਰੀਕਾ ਤੋਂ ਇਲਾਵਾ ਲੰਡਨ, ਇੰਗਲੈਂਡ ਦੀ ਚੇਲਸੀ ਫਾਰਮਰਜ਼ ਮਾਰਕੀਟ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। 1859 ਵਿੱਚ ਇੱਕ ਕਾਰੋਬਾਰੀ ਅਤੇ ਇੰਜੀਨੀਅਰ ਜੌਹਨ ਇਨਸ਼ਾਅ ਨੇ ਲੇਡੀਵੁੱਡ, ਬਰਮਿੰਘਮ (ਇੰਗਲੈਂਡ) ਦੀ ਮੋਰਵਿਲੇ ਸਟਰੀਟ ਅਤੇ ਸ਼ੇਰਬੋਰਨ ਸਟਰੀਟ ’ਤੇ ਸਥਿਤ ਇੱਕ ਜਨਤਕ ਘਰ/ ਪੱਬ ਨੂੰ ਆਕਰਸ਼ਕ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਉਸ ਨੇ ਭਾਫ਼ ਨਾਲ ਚੱਲਣ ਵਾਲੀ ਘੜੀ ਦਾ ਇੱਕ ਮਾਡਲ ਤਿਆਰ ਕਰਨ ਦਾ ਸੰਕਲਪ ਲਿਆ। ਉਕਤ ਪੱਬ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਮਾਡਲ ਪ੍ਰਦਰਸ਼ਿਤ ਕੀਤੇ ਜਾਣੇ ਸਨ। ਇਸ ਤਰ੍ਹਾਂ ਜਦੋਂ ਉਕਤ ਭਾਫ਼ ਘੜੀ ਹੋਂਦ ਵਿੱਚ ਆਈ ਤਾਂ ਇਸ ਵਿੱਚ ਇੱਕ ਛੋਟਾ ਜਿਹਾ ਬੋਆਇਲਰ ਭਾਫ਼ ਬਣਾਉਂਦਾ ਸੀ, ਉਹੀ ਭਾਫ਼ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਲਗਾਤਾਰ ਇੱਕ ਪਲੇਟ ’ਤੇ ਡਿੱਗ ਰਹੀ ਸੀ। ਇਸ ਪਲੇਟ ਦੁਆਰਾ ਘੜੀ ਨੂੰ ਚਲਾਇਆ ਜਾਂਦਾ ਸੀ। ਇਹ ਭਾਫ਼ ਘੜੀ ਉਕਤ ਪੱਬ ਦੇ ਮੁੱਖ ਦਰਵਾਜ਼ੇ ਉੱਪਰ ਲਗਾਈ ਗਈ ਸੀ। ਉਕਤ ਪੱਬ ਨੂੰ ਭਾਫ਼ ਘੜੀ ਟਾਵਰਨ ਵਜੋਂ ਜਾਣਿਆ ਜਾਣ ਲੱਗਾ। 1880 ਵਿੱਚ ਇਹੀ ਪੱਬ ਇੱਕ ਸੰਗੀਤ ਹਾਲ ਵਜੋਂ ਵਿਕਸਤ ਕੀਤਾ ਗਿਆ।

ਗੈਸਟਾਊਨ ਭਾਫ਼ ਘੜੀ ਵੈਨਕੂਵਰ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਸਥਾਪਿਤ ਭਾਫ਼ ਘੜੀਆਂ ਵਿੱਚ ਸ਼ਾਮਲ ਹਨ:

ਗੈਸਟਾਊਨ ਭਾਫ਼ ਘੜੀ ਵੈਨਕੂਵਰ- ਇਹ ਰੇਮੰਡ ਸਾਂਡਰਸ ਦੁਆਰਾ ਬਣਾਈ ਗਈ ਪਹਿਲੀ ਭਾਫ਼ ਘੜੀ 1977 ਵਿੱਚ ਵੈਨਕੂਵਰ ਦੇ ਗੈਸਟਾਊਨ ਵਿੱਚ ਕੈਂਬੀ ਅਤੇ ਵਾਟਰ ਸਟਰੀਟ ਦੇ ਕੋਨੇ ’ਤੇ ਲਗਾਈ ਗਈ। ਭਾਵੇਂ ਹੁਣ ਉਕਤ ਭਾਫ਼ ਘੜੀ ਵੈਨਕੂਵਰ ਸ਼ਹਿਰ ਦੀ ਮਲਕੀਅਤ ਬਣ ਚੁੱਕੀ ਹੈ, ਪਰ ਸਭ ਤੋਂ ਪਹਿਲਾਂ ਇਹ ਪ੍ਰਾਜੈਕਟ ਸ਼ਹਿਰ ਦੇ ਵਪਾਰੀਆਂ, ਜਾਇਦਾਦ ਮਾਲਕਾਂ ਅਤੇ ਹੋਰ ਦਾਨੀਆਂ ਵੱਲੋਂ ਪਾਏ ਯੋਗਦਾਨ ਸਦਕਾ ਦੀ ਚਾਲੂ ਹੋ ਸਕਿਆ ਸੀ। ਇਹ ਭਾਫ਼ ਘੜੀ ਭਾਫ਼ ਇੰਜਣ ਅਤੇ ਬਿਜਲਈ ਮੋਟਰਾਂ ਨਾਲ ਚੱਲਦੀ ਹੈ। ਘੜੀ ਹਰ ਇੱਕ ਘੰਟੇ ਬਾਅਦ ਉੱਚੀ ਆਵਾਜ਼ ਵਿੱਚ ਹੌਰਨ ਵਜਾਉਂਦੀ ਹੈ। ਜਿਹੜਾ ਭਾਫ਼ ਇੰਜਣ ਘੜੀ ਨੂੰ ਚਲਾਉਣ ਲਈ ਲਗਾਇਆ ਗਿਆ ਹੈ, ਉਹ ਘੜੀ ਦੇ ਕੱਚ ਦੇ ਫਰੇਮ ਵਿੱਚ ਹਾਲੇ ਵੀ ਦਿਖਾਈ ਦਿੰਦਾ ਹੈ, ਪਰ ਸਹੀ ਸਮਾਂ ਨਾਂ ਦੱਸਣ ਕਾਰਨ 1986 ਵਿੱਚ ਇਸ ਨੂੰ ਭਾਫ਼ ਇੰਜਣ ਦੇ ਨਾਲ ਨਾਲ ਬਿਜਲਈ ਮੋਟਰ ਦੀ ਸਹਾਇਤਾ ਨਾਲ ਵੀ ਚਲਾਇਆ ਜਾਣ ਲੱਗਾ। ਇਹ ਬਿਜਲਈ ਮੋਟਰ ਉਕਤ ਪ੍ਰਾਜੈਕਟ ਵਿੱਚ ਕੇਵਲ ਇੱਕ ਬੈਕ ਅੱਪ ਸਿਸਟਮ ਵਜੋਂ ਹੀ ਕੰਮ ਕਰਦੀ ਹੈ।

ਇੰਡੀਆਨਾ ਸਟੇਟ ਮਿਊਜ਼ੀਅਮ (ਅਮਰੀਕਾ) ਭਾਫ਼ ਘੜੀ- ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਇੰਡੀਆਨਾ ਸਟੇਟ ਮਿਊਜ਼ੀਅਮ ਦੇ ਉੱਤਰ ਵਾਲੇ ਪਾਸੇ ਨਹਿਰ ਦੇ ਨੇੜੇ ਸਾਈਡਵਾਕ ’ਤੇ 17 ਫੁੱਟ ਉੱਚੀ ਭਾਫ਼ ਘੜੀ ਲਗਾਈ ਗਈ ਹੈ। ਇਸ ਘੜੀ ਵਿੱਚ 24 ਇੰਚ ਵਿਆਸ ਦੀਆਂ ਚਾਰ ਡਾਇਲਾਂ ਹਨ, ਜਿਨ੍ਹਾਂ ਦੇ ਪਿੱਛੇ ਨਿਓਨ ਨਾਮ ਦੀ ਧਾਤ ਲੱਗੀ ਹੋਣ ਕਾਰਨ ਇਹ ਡਾਇਲਾਂ ਚਮਕਦੀਆਂ ਹਨ। ਘੜੀ ਵਿੱਚ ਲਗਾਈਆਂ ਗਈਆਂ ਅੱਠ ਪਿੱਤਲ ਦੀਆਂ ਸੀਟੀਆਂ ਹਰ 15 ਮਿੰਟ ਬਾਅਦ ‘ਬੈਕ ਹੋਮ ਅਗੇਨ ਇਨ ਇੰਡੀਆਨਾ’ ਦੀ ਆਵਾਜ਼ ਦਿੰਦੀਆਂ ਹਨ। ਹਰ ਇੱਕ ਘੰਟੇ ਬਾਅਦ ਬੜੀ ਹੀ ਮਨਮੋਹਕ ਧੁਨ ਸੁਣਨ ਨੂੰ ਮਿਲਦੀ ਹੈ।

ਨਿਊ ਜਰਸੀ ਭਾਫ਼ ਘੜੀ- ਅਮਰੀਕਾ ਦੇ ਹੀ ਨਿਊ ਜਰਸੀ ਵਿੱਚ ਵਾਟਰਫਰੰਟ ਬੋਰਡ ਦੁਆਰਾ 1996 ਵਿੱਚ ਇੱਕ ਭਾਫ਼ ਘੜੀ ਸਥਾਪਿਤ ਕੀਤੀ ਗਈ। ਜਿਸ ਨੂੰ ਡਰਬੀ ਗਰੁੱਪ ਦੇ ਸਮਿੱਥ ਦੁਆਰਾ ਬਣਾਇਆ ਗਿਆ ਸੀ। ਇਸ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਇਸ ਨੂੰ ਬਿਜਲਈ ਮਾਧਿਅਮ ਦੀ ਸਹਾਇਤਾ ਨਾਲ ਵੀ ਚਲਾਇਆ ਜਾਂਦਾ ਹੈ। ਇਹ ਘੜੀ ਸੇਂਟ ਹੇਲੀਅਰ, ਜਰਸੀ ਦੀ ਬੰਦਰਗਾਹ ਦੇ ਉੱਤਰ ਵਾਲੇ ਪਾਸੇ ਸਥਾਪਿਤ ਕੀਤੀ ਗਈ ਹੈ। ਇਸ ਘੜੀ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਭਾਫ਼ ਘੜੀ ਵਜੋਂ ਸ਼ਾਮਲ ਕੀਤਾ ਗਿਆ ਹੈ।

ਬਰਵਿਕ ਭਾਫ਼ ਘੜੀ- ਬਰਵਿਕ, ਆਸਟਰੇਲੀਆ ਵਿੱਚ ਪੀਟਰ ਵੀਅਰ ਦੁਆਰਾ ਆਪਣੇ ਖ਼ਰਚੇ ’ਤੇ ਅਤੇ ਖ਼ੁਦ ਡਿਜ਼ਾਈਨ ਕਰਕੇ ਘੜੀ ਤਿਆਰ ਕੀਤੀ ਗਈ ਸੀ। ਦਸੰਬਰ 2010 ਵਿੱਚ ਇਸ ਘੜੀ ਨੂੰ ਤੋੜ ਦਿੱਤਾ ਗਿਆ, ਪਰ ਦਸੰਬਰ 2011 ਵਿੱਚ ਬਰਵਿਕ ਦੀ ਸਿਟੀ ਕੌਂਸਲ ਵੱਲੋਂ ਘੜੀ ਲਗਾਉਣ ਲਈ ਨਵੀਂ ਜਗ੍ਹਾ ਦੀ ਪ੍ਰਵਾਨਗੀ ਦੇ ਦਿੱਤੀ ਗਈ।

ਇਸ ਤਰ੍ਹਾਂ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਿਤ ਕੀਤੀਆਂ ਗਈਆਂ ਇਹ ਭਾਫ਼ ਘੜੀਆ ਪੁਰਾਣੇ ਸਮਿਆਂ ਦੀ ਲੋੜ ਸੀ ਕਿਉਂਕਿ ਉਦੋਂ ਸਮਾਂ ਦੇਖਣ ਲਈ ਹਰ ਕਿਸੇ ਕੋਲ ਲੋੜੀਂਦੇ ਸਾਧਨ ਨਹੀਂ ਹੁੰਦੇ ਸਨ, ਪਰ ਇਨ੍ਹਾਂ ਭਾਫ਼ ਘੜੀਆਂ ਨੂੰ ਹੂਬਹੂ ਉਸੇ ਸਥਿਤੀ ਵਿੱਚ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖਣਾ ਅਮਰੀਕਾ, ਕੈਨੇਡਾ ਵਰਗੇ ਵਿਕਸਤ ਦੇਸ਼ਾਂ ਲਈ ਬੜੀ ਵੱਡੀ ਗੱਲ ਹੈ। ਉਕਤ ਮੁਲਕਾਂ ਨੇ ਭਾਵੇਂ ਵਿਗਿਆਨ ਦੇ ਜ਼ਰੀਏ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਪਰ ਉੱਥੋਂ ਦੇ ਵਾਸੀਆਂ ਵੱਲੋਂ ਪੁਰਾਣੀਆਂ ਚੀਜ਼ਾਂ ਦੀ ਸੰਭਾਲ ਕਰਨ ਦੇ ਸੁਭਾਅ ਦੀ ਦਾਦ ਦੇਣੀ ਬਣਦੀ ਹੈ। ਇਨ੍ਹਾਂ ਲੋਕਾਂ ਦੇ ਅਜਿਹੇ ਸੁਭਾਅ ਕਾਰਨ ਹੀ ਅੱਜ ਇਨ੍ਹਾਂ ਭਾਫ਼ ਘੜੀਆਂ ਦੀ ਤਕਨੀਕ ਸਮੁੱਚੇ ਵਿਸ਼ਵ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਗੈਸਟਾਊਨ ਵੈਨਕੂਵਰ ਵਾਲੀ ਭਾਫ਼ ਘੜੀ ਜਦੋਂ ਭਾਫ਼ ਦੁਆਰਾ ਅਲਾਰਮ ਵਜਾਉਂਦੀ ਹੈ ਤਾਂ ਉਸ ਦੁਆਲੇ ਸੈਲਾਨੀਆਂ ਦਾ ਜਮਘਟਾ ਲੱਗ ਜਾਂਦਾ ਹੈ, ਜੋ ਦੇਖਣਯੋਗ ਹੁੰਦਾ ਹੈ। ਇਸ ਤਰ੍ਹਾਂ ਇਹ ਭਾਫ਼ ਘੜੀਆਂ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ।
ਸੰਪਰਕ: 001-778-980-9196News Source link
#ਭਫ #ਘੜਆ #ਦ #ਆਕਰਸ਼ਣ

- Advertisement -

More articles

- Advertisement -

Latest article