ਪੇਈਚਿੰਗ: ਚੀਨ ਭਲਕੇ 19 ਮਈ ਨੂੰ ਵੀਡੀਓ ਲਿੰਕ ਰਾਹੀਂ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਭਾਰਤੀ ਵਿਦੇਸ਼ ਮੰਤਰੀ ਪੰਜ ਮੈਂਬਰੀ ਗਰੁੱਪ ਦੇ ਆਪਣੇ ਹਮਰੁਤਬਾਵਾਂ ਨਾਲ ਹਿੱਸਾ ਲੈਣਗੇ। ਇਹ ਜਾਣਕਾਰੀ ਅੱਜ ਚੀਨੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਕਿਹਾ, ‘‘ਜੈਸ਼ੰਕਰ ਤੋਂ ਇਲਾਵਾ, ਦੱਖਣੀ ਅਫ਼ਰੀਕਾ ਦੀ ਕੌਮਾਂਤਰੀ ਸਬੰਧ ਤੇ ਸਹਿਯੋਗ ਮੰਤਰੀ ਨਾਲੇਦੀ ਪੰਡੋਰ, ਬ੍ਰਾਜ਼ੀਲੀ ਵਿਦੇਸ਼ ਮੰਤਰੀ ਕਾਰਲੋਸ ਫਰਾਂਕਾ ਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਮੀਟਿੰਗ ਵਿੱਚ ਹਿੱਸਾ ਲੈਣਗੇ, ਜਿਸ ਦੀ ਪ੍ਰਧਾਨਗੀ ਚੀਨ ਦੇ ਸਟੇਟ ਕੌਂਸਲਰ ਤੇ ਵਿਦੇਸ਼ ਮੰਤਰੀ ਵਾਂਗ ਯੀ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਵਿਦੇਸ਼ ਮੰਤਰੀ ਉੱਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਆਪਣੇ ਹਮਰੁਤਬਾਵਾਂ ਨਾਲ ‘ਬ੍ਰਿਕਸ ਪਲੱਸ’ ਗੱਲਬਾਤ ਕਰਨਗੇ। -ਪੀਟੀਆਈ