ਕਾਬੁਲ: ਤਾਲਿਬਾਨ ਦੇ ਸ਼ਾਸਨ ਵਾਲੀ ਅਫ਼ਗਾਨਿਸਤਾਨ ਸਰਕਾਰ ਨੇ ਮੁਲਕ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ’ਚ ਕੰਮ ਕਰ ਰਹੀਆਂ ਮਹਿਲਾ ਮੈਂਬਰਾਂ ਨੂੰ ਹਿਜਾਬ ਪਹਿਨਣ ਦੇ ਹੁਕਮ ਦਿੱਤੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਦੇ ਕਰਮਚਾਰੀ ਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਖੜ੍ਹ ਕੇ ਦੇਖਣਗੇ ‘ਕਿ ਕੀ ਹਿਜਾਬ ਪਹਿਨਿਆ ਜਾ ਰਿਹਾ ਹੈ ਜਾਂ ਨਹੀਂ।’ ਜੇ ਕੋਈ ਮਹਿਲਾ ਸਟਾਫ਼ ਮੈਂਬਰ ਹਿਜਾਬ ਤੋਂ ਬਿਨਾਂ ਮਿਲੀ ਤਾਂ ਉਸ ਨੂੰ ਹਿਜਾਬ ਪਹਿਨਣ ਲਈ ਕਿਹਾ ਜਾਵੇਗਾ। ਤਾਲਿਬਾਨ ਨੇ ਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਵੀ ਇਸ ਸਬੰਧੀ ਪੋਸਟਰ ਲਾ ਦਿੱਤਾ ਹੈ। -ਆਈਏਐਨਐੱਸ
ਸੈਨਾ ਨਾਲ ਗੋਲੀਬੰਦੀ 30 ਤੱਕ ਵਧਾਈ
ਇਸਲਾਮਾਬਾਦ: ਅਤਿਵਾਦੀ ਸਮੂਹ ਪਾਕਿਸਤਾਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਹੋਈ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਪਾਕਿਸਤਾਨੀ ਸੈਨਾ ਨਾਲ ਗੋਲੀਬੰਦੀ 30 ਮਈ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਤਾਲਿਬਾਨ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵੀ ਕਹਿੰਦੇ ਹਨ। ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਆਈਐੱਸਆਈ ਦੇ ਸਾਬਕਾ ਮੁਖੀ ਤੇ ਪਿਸ਼ਾਵਰ ਕੋਰ ਦੇ ਮੌਜੂਦਾ ਕਮਾਂਡਰ ਲੈਫ਼ ਜਨਰਲ ਫ਼ੈਜ਼ ਹਮੀਦ ਦੀ ਅਗਵਾਈ ਵਾਲੇ ਪਾਕਿ ਵਫ਼ਦ ਦੇ ਨਾਲ ਬੈਠਕ ਵਿਚ ਟੀਟੀਪੀ ਨੇ ਕਬਾਇਲੀ ਲੋਕਾਂ ਦੀ ਮੰਗ ਉਤੇ ਗੋਲੀਬੰਦੀ 30 ਮਈ ਤੱਕ ਵਧਾ ਦਿੱਤੀ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ ਪਾਕਿਸਤਾਨੀ ਸੈਨਾ ਦੇ ਵਫ਼ਦ ’ਚ ਖ਼ੁਫ਼ੀਆ ਅਧਿਕਾਰੀ ਤੇ ਆਈਐੱਸਆਈ ਦੇ ਅਫ਼ਸਰ ਸ਼ਾਮਲ ਸਨ। -ਪੀਟੀਆਈ