26.1 C
Patiāla
Wednesday, April 24, 2024

ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ

Must read


ਨਵੀਂ ਦਿੱਲੀ, 17 ਮਈ

ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਅਪਰੈਲ ਵਿਚ ਵਧ ਕੇ 15.08 ਪ੍ਰਤੀਸ਼ਤ ਦੇ ਰਿਕਾਰਡ ਪੱਧਰ ਉਤੇ ਪਹੁੰਚ ਗਈ ਹੈ। ਇਹ ਤੇਜ਼ੀ ਖੁਰਾਕੀ ਪਦਾਰਥਾਂ ਤੋਂ ਲੈ ਕੇ ਤੇਲ ਆਦਿ ਦੇ ਮਹਿੰਗਾ ਹੋਣ ਕਾਰਨ ਆਈ ਹੈ। ਗਰਮੀ ਕਾਰਨ ਖ਼ਰਾਬ ਹੋਣ ਵਾਲੇ ਪਦਾਰਥਾਂ ਜਿਵੇਂ ਕਿ ਫ਼ਲਾਂ ਤੇ ਸਬਜ਼ੀਆਂ ਦੀ ਕੀਮਤ ਵਿਚ ਵਾਧਾ ਹੋਇਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਵਧਣ ਕਾਰਨ ਰਿਜ਼ਰਵ ਬੈਂਕ ਅਗਲੇ ਮਹੀਨੇ ਨੀਤੀ ਸਮੀਖਿਆ ਬੈਠਕ ਵਿਚ ਵਿਆਜ ਦਰਾਂ ਨੂੰ ਵਧਾਉਣ ਦਾ ਫ਼ੈਸਲਾ ਕਰ ਸਕਦੀ ਹੈ। ਥੋਕ ਮੁੱਲ ਸੂਚਕ ਅੰਕ ਅਧਾਰਿਤ ਮਹਿੰਗਾਈ ਮਾਰਚ ਵਿਚ 14.55 ਪ੍ਰਤੀਸ਼ਤ ਤੇ ਪਿਛਲੇ ਸਾਲ ਅਪਰੈਲ ਵਿਚ 10.74 ਫੀਸਦੀ ਸੀ। ਥੋਕ ਕੀਮਤਾਂ ’ਤੇ ਅਧਾਰਿਤ 15.08 ਪ੍ਰਤੀਸ਼ਤ ਮਹਿੰਗਾਈ ਵਰਤਮਾਨ ਲੜੀ (2011-12) ਵਿਚ ਰਿਕਾਰਡ ਹੋਇਆ ਸਭ ਤੋਂ ਉੱਚਾ ਪੱਧਰ ਹੈ। ਦੋਹਰੇ ਅੰਕਾਂ ਵਿਚ ਮਹਿੰਗਾਈ ਦਾ ਇਹ ਲਗਾਤਾਰ 13ਵਾਂ ਮਹੀਨਾ ਹੈ। ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਮਹਿੰਗਾਈ ਦੀ ਜੇਕਰ ਪਿਛਲੀ ਲੜੀ ਦੇਖੀ ਜਾਵੇ ਤਾਂ ਅਗਸਤ 1991 ਵਿਚ ਮਹਿੰਗਾਈ 16.06 ਪ੍ਰਤੀਸ਼ਤ ਸੀ।  ਜ਼ਿਕਰਯੋਗ ਹੈ ਕਿ ਮਹਿੰਗਾਈ ਦੀ ਦਰ ਮਾਰਚ ਵਿਚ 14.55 ਪ੍ਰਤੀਸ਼ਤ ਤੇ ਪਿਛਲੇ ਸਾਲ ਅਪਰੈਲ ਵਿਚ 10.74 ਫੀਸਦੀ ਸੀ। 

ਸਮੀਖਿਆ ਅਧੀਨ ਮਹੀਨੇ ਵਿਚ ਖਾਧ ਵਸਤਾਂ ਦੀ ਮਹਿੰਗਾਈ 8.35 ਪ੍ਰਤੀਸ਼ਤ ਸੀ। ਪਿਛਲੇ ਸਾਲ ਦੇ ਮੁਕਾਬਲੇ ਸਬਜ਼ੀਆਂ, ਕਣਕ, ਫ਼ਲਾਂ ਤੇ ਆਲੂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਸਬਜ਼ੀਆਂ ਦੇ ਮੁੱਲ ਵਿਚ 23.24 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਆਲੂ ਦੀ ਕੀਮਤ ਵਿਚ 19.84, ਫ਼ਲਾਂ ਦੀ ਕੀਮਤ ਵਿਚ 10.89 ਤੇ ਕਣਕ ਦੀ ਕੀਮਤ ਵਿਚ 10.70 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ 2022 ਤੋਂ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਵਧੀ ਹੈ। ਮਾਰਚ ਮਹੀਨੇ ਇਹ 10.9 ਫੀਸਦ ਸੀ। ਈਂਧਨ ਤੇ ਬਿਜਲੀ ਖੇਤਰ ਵਿਚ ਮਹਿੰਗਾਈ 38.66 ਪ੍ਰਤੀਸ਼ਤ ਸੀ, ਜਦਕਿ ਤਿਆਰ ਵਸਤਾਂ ਤੇ ਤੇਲ ਬੀਜਾਂ ਦੇ ਮਾਮਲੇ ਵਿਚ 10.85 ਤੇ 16.10 ਪ੍ਰਤੀਸ਼ਤ ਸੀ। ਅਪਰੈਲ ਮਹੀਨੇ ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿਚ 69.07 ਪ੍ਰਤੀਸ਼ਤ ਮਹਿੰਗਾਈ ਦਰਜ ਕੀਤੀ ਗਈ ਹੈ। ਪਿਛਲੇ ਹਫ਼ਤੇ ਜਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਅਪਰੈਲ ਵਿਚ ਵਧ ਕੇ 8 ਸਾਲ ਦੇ ਸਭ ਤੋਂ ਉੱਚੇ ਪੱਧਰ 7.79 ਪ੍ਰਤੀਸ਼ਤ ਉਤੇ ਪਹੁੰਚ ਗਈ ਸੀ। ਮਹਿੰਗਾਈ ਉਤੇ ਕਾਬੂ ਪਾਉਣ ਲਈ ਆਰਬੀਆਈ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਰੇਪੋ ਦਰ ਵਿਚ 0.40 ਪ੍ਰਤੀਸ਼ਤ ਤੇ ਨਗ਼ਦੀ ਰਿਜ਼ਰਵ ਦਰ ਵਿਚ 0.50 ਪ੍ਰਤੀਸ਼ਤ ਦਾ ਵਾਧਾ ਵੀ ਕੀਤਾ ਸੀ। -ਪੀਟੀਆਈ 

ਤੇਲ ਤੇ ਬਿਜਲੀ ਖੇਤਰ ’ਚ ਸਭ ਤੋਂ ਵੱਧ ਤੇਜ਼ੀ ਦਰਜ

ਵੇਰਵਿਆਂ ਮੁਤਾਬਕ ਖ਼ੁਰਾਕੀ ਪਦਾਰਥਾਂ, ਤੇਲ ਤੇ ਨਿਰਮਾਣ ਖੇਤਰਾਂ ਵਿਚ ਅਪਰੈਲ ਮਹੀਨੇ ਮਹਿੰਗਾਈ ’ਚ ਤੇਜ਼ੀ ਦਰਜ ਕੀਤੀ ਗਈ ਹੈ। ਤੇਲ ਤੇ ਬਿਜਲੀ ਸੈਕਟਰ ਵਿਚ ਸਭ ਤੋਂ ਵੱਧ ਤੇਜ਼ੀ ਦਰਜ ਕੀਤੀ ਗਈ ਹੈ। ਵਣਜ ਤੇ ਉਦਯੋਗ ਮੰਤਰਾਲੇ ਮੁਤਾਬਕ, ‘ਅਪਰੈਲ 2022 ਵਿਚ ਮਹਿੰਗਾਈ ਦੀ ਉੱਚੀ ਦਰ ਮੁੱਖ ਰੂਪ ਵਿਚ ਖਣਿਜ ਤੇਲਾਂ, ਮੂਲ ਧਾਤਾਂ, ਕੱਚੇ ਤੇਲ ਤੇ ਕੁਦਰਤੀ ਗੈਸ, ਖੁਰਾਕੀ ਵਸਤਾਂ, ਗ਼ੈਰ-ਖੁਰਾਕੀ ਵਸਤਾਂ, ਖਾਧ ਉਤਪਾਦਾਂ, ਰਸਾਇਣਾਂ ਤੇ ਰਸਾਇਣਕ ਉਤਪਾਦਾਂ ਆਦਿ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਦਰਜ ਹੋਈ ਹੈ।’

ਕੇਂਦਰ ਵੱਲੋਂ ਕਣਕ ਦੀ ਬਰਾਮਦ ਲਈ ਛੋਟ

ਗੁਜਰਾਤ ਦੀ ਕਾਂਡਲਾ ਬੰਦਰਗਾਹ ’ਤੇ ਖੜ੍ਹੇ ਕਣਕ ਨਾਲ ਲੱਦੇ ਟਰੱਕ। -ਫੋਟੋ: ਪੀਟੀਆਈ

ਨਵੀਂ ਦਿੱਲੀ: ਸਰਕਾਰ ਨੇ ਨਿਯਮਾਂ ’ਚ ਕੁਝ ਢਿੱਲ ਦਿੰਦਿਆਂ ਕਸਟਮ ਵਿਭਾਗ ਕੋਲ ਪਾਬੰਦੀ ਤੋਂ ਪਹਿਲਾਂ ਰਜਿਸਟਰਡ ਹੋ ਚੁੱਕੇ ਮਾਮਲਿਆਂ ’ਚ ਕਣਕ ਦੀ ਬਰਾਮਦ ਨੂੰ ਇਜਾਜ਼ਤ ਦੇ ਦਿੱਤੀ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ 13 ਮਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਣਕ ਦੀ ਬਰਾਮਦ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਵਣਜ ਮੰਤਰਾਲੇ ਨੇ ਅੱਜ ਕਿਹਾ, ‘ਕਸਟਮ ਵਿਭਾਗ ਕੋਲ ਕਣਕ ਲਈ ਜੋ ਵੀ ਆਰਡਰ ਪਹਿਲਾਂ ਆ ਹੋ ਚੁੱਕੇ ਹਨ ਅਤੇ ਜਿਨ੍ਹਾਂ ਦੀ ਪ੍ਰਣਾਲੀ 13 ਮਈ ਤੋਂ ਪਹਿਲਾਂ ਰਜਿਸਟਰਡ ਹੈ, ਉਸ ਲਈ ਬਰਾਮਦ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।’ ਇਸ ਤੋਂ ਇਲਾਵਾ ਸਰਕਾਰ ਨੇ ਮਿਸਰ ਲਈ ਕਣਕ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਕਣਕ ਪਹਿਲਾਂ ਹੀ ਕਾਂਡਲਾ ਬੰਦਰਗਾਹ ’ਤੇ ਲਦਾਈ ਦੀ ਪ੍ਰਕਿਰਿਆ ਅਧੀਨ ਹੈ। ਮਿਸਰ ਸਰਕਾਰ ਨੇ ਅਪੀਲ ਕੀਤੀ ਸੀ ਕਿ ਕਾਂਡਲਾ ਬੰਦਰਗਾਹ ’ਤੇ ਜਿਸ ਕਣਕ ਦੀ ਲਦਾਈ ਕੀਤੀ ਜਾ ਰਹੀ ਹੈ, ਉਸ ਦੀ ਬਰਾਮਦ ਲਈ ਇਜਾਜ਼ਤ ਦਿੱਤੀ ਜਾਵੇ। ਮਿਸਰ ਨੂੰ ਕਣਕ ਦੀ ਬਰਾਮਦ ਕਰਨ ਵਾਲੀ ਕੰਪਨੀ ਮੀਰਾ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਨੇ ਕਿਹਾ ਕਿ 61,500 ਟਨ ’ਚੋਂ 44,340 ਟਨ ਕਣਕ ਦੀ ਲਦਾਈ ਪੂਰੀ ਹੋ ਚੁੱਕੀ ਹੈ ਅਤੇ 17,160 ਟਨ ਦੀ ਲਦਾਈ ਵੀ ਪੂਰੀ ਹੋਣ ਦੀ ਪ੍ਰਕਿਰਿਆ ’ਚ ਹੈ। ਮੰਤਰਾਲੇ ਨੇ 61,500 ਟਨ ਦੀ ਪੂਰੀ ਕਣਕ ਦੀ ਬਰਾਮਦ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕਣਕ ਦੀ ਬਰਾਮਦ ’ਤੇ ਅਚਾਨਕ ਪਾਬੰਦੀ ਦੇ ਐਲਾਨ ਨਾਲ ਕੁਝ ਬੰਦਰਗਾਹਾਂ ’ਤੇ ਕਣਕ ਨਾਲ ਲੱਦੇ ਟਰੱਕਾਂ ਦੀਆਂ ਕਤਾਰਾਂ ਲੱਗ ਗਈਆਂ ਹਨ। -ਪੀਟੀਆਈ

ਪਾਬੰਦੀ ਬਾਰੇ ਫ਼ੈਸਲੇ ’ਤੇ ਮੁੜ ਵਿਚਾਰ ਕਰੇਗਾ ਭਾਰਤ: ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਭਾਰਤ ਕਣਕ ਦੀ ਬਰਾਮਦ ’ਤੇ ਪਾਬੰਦੀ ਲਾਉਣ ਸਬੰਧੀ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇਗਾ। ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਲਿੰਡਾ ਥੌਮਸ ਗਰੀਨ ਫੀਲਡ ਨੇ ਵੀਡੀਓ ਕਾਨਫਰੰਸ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਭਾਰਤ ਦੇ ਫ਼ੈਸਲੇ ਦੀ ਰਿਪੋਰਟ ਦੇਖੀ ਹੈ। ਅਸੀਂ ਮੁਲਕਾਂ ਨੂੰ ਬਰਾਮਦ ’ਤੇ ਪਾਬੰਦੀ ਨਾ ਲਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ। ਭਾਰਤ ਸੁਰੱਖਿਆ ਕੌਂਸਲ ’ਚ ਸਾਡੀ ਮੀਟਿੰਗ ’ਚ ਭਾਗ ਲੈਣ ਵਾਲੇ ਦੇਸ਼ਾਂ ’ਚੋਂ ਇੱਕ ਹੋਵੇਗਾ ਅਤੇ ਸਾਨੂੰ ਉਮੀਦ ਹੈ ਕਿ ਉਹ ਹੋਰਨਾਂ ਮੁਲਕਾਂ ਦੀ ਚਿੰਤਾ ਨੂੰ ਦੇਖਦਿਆਂ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇਗਾ।’ -ਪੀਟੀਆਈ 

  



News Source link

- Advertisement -

More articles

- Advertisement -

Latest article