35.5 C
Patiāla
Saturday, April 20, 2024

ਪਾਕਿਸਤਾਨ ’ਚ ਗੁਰਮੁਖੀ ਦੀ ਝੰਡਾਬਰਦਾਰ ਪੁਰਵਾ ਮਸੂਦ

Must read


ਮਨਜੀਤ ਮਾਨ

ਪੰਜਾਬੀ ਭਾਸ਼ਾ ਦੀ ਇਹ ਬਦਕਿਸਮਤੀ ਸਮਝੋ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਸ ਨੂੰ ਬੋਲਣ ਤੇ ਲਿਖਣ ਵਾਲੇ ਵੀ ਵੰਡੇ ਗਏ। ਚੜ੍ਹਦੇ ਪੰਜਾਬ ਵਿੱਚ ਇਸ ਨੂੰ ਗੁਰਮੁਖੀ ਲਿਪੀ ਵਿੱਚ ਤੇ ਲਹਿੰਦੇ ਪੰਜਾਬ ਵਿੱਚ ਇਸ ਨੂੰ ਸ਼ਾਹਮੁਖੀ ਲਿਪੀ ਵਿੱਚ ਲਿਖਿਆ ਜਾਣ ਲੱਗ ਪਿਆ। ਫਿਰ ਵੀ ਸੰਸਾਰ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਬੈਠੇ ਹਨ, ਉਨ੍ਹਾਂ ਵਿੱਚੋਂ ਜ਼ਿਆਦਤਰ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਨਾਲ ਹੀ ਲਿਖਦੇ ਹਨ। ਪਾਕਿਸਤਾਨ ਵਿੱਚ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦਾ ਇਸਤੇਮਾਲ ਨਾ ਦੇ ਬਰਾਬਰ ਹੀ ਹੁੰਦਾ ਹੈ, ਪਰ ਅੱਜ ਦੇ ਸਮੇਂ ਵਿੱਚ ਕੁਝ ਲੋਕ ਗੁਰਮੁਖੀ ਲਿਪੀ ਦੇ ਪ੍ਰਚਾਰ ਤੇ ਪਾਸਾਰ ਨੂੰ ਲੈ ਕੇ ਯਤਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਨਾਂ ਪੁਰਵਾ ਮਸੂਦ ਦਾ ਹੈ।

ਪੁਰਵਾ ਮਸੂਦ ਦਾ ਗੁਰਮੁਖੀ ਲਿਪੀ ਨਾਲ ਖ਼ਾਸ ਲਗਾਉ ਹੈ ਕਿਉਂਕਿ ਉਸ ਦੇ ਪੁਰਖੇ ਸਿੱਖ ਧਰਮ ਦੇ ਬਹੁਤ ਨੇੜੇ ਰਹੇ ਹਨ। ਇਸ ਲਈ ਉਹ ਸੋਸ਼ਲ ਮੀਡੀਆ ਜ਼ਰੀਏ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਗੁਰਮੁਖੀ ਲਿਪੀ ਲਿਖਣੀ ਪੜ੍ਹਨੀ ਸਿਖਾ ਰਹੀ ਹੈ। ਪੁਰਵਾ ਮਸੂਦ ਦਾ ਪਿਛੋਕੜ ਚੜ੍ਹਦੇ ਪੰਜਾਬ ਨਾਲ ਜੁੜਦਾ ਹੈ ਤੇ ਉਸ ਦੇ ਵਡੇਰੇ ਵੰਡ ਸਮੇਂ ਅੰਮ੍ਰਿਤਸਰ ਤੋਂ ਉੱਜੜ ਕੇ ਉੱਧਰ ਗਏ ਸਨ। ਪੁਰਵਾ ਮਸੂਦ ਦਾ ਜਨਮ ਪਿਤਾ ਖ਼ਾਲਿਦ ਮਸੂਦ ਤੇ ਅੰਮੀ ਮੋਤੀਆ ਮਸੂਦ ਦੇ ਘਰ ਬਾਬੇ ਫਰੀਦ ਦੀ ਨਗਰੀ ਪਾਕਪਟਨ ਵਿਖੇ ਹੋਇਆ ਹੈ। ਉਸ ਦੇ ਪਿਤਾ ਵੀ ਪੰਜਾਬੀ ਦੇ ਲੇਖਕ ਹਨ ਤੇ ਉਨ੍ਹਾਂ ਨੇ ਗੁਰਮੁਖੀ ਲਿਪੀ ਵਿੱਚ ਕੁਝ ਸਾਹਿਤ ਰਚਿਆ ਹੈ। ਪੁਰਵਾ ਮਸੂਦ ਲਾਹੌਰ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਬੀ.ਐੱਸ.ਸੀ. ਮੈਥੇਮੈਟਿਕਸ ਕਰਨ ਉਪਰੰਤ ਅੱਜਕੱਲ੍ਹ ਲਾਹੌਰ ਵਿਖੇ ਰਹਿ ਕੇ ਗੁਰਮੁਖੀ ਲਿਪੀ ਤੇ ਸਿੱਖ ਇਤਿਹਾਸ ਦਾ ਪ੍ਰਚਾਰ ਕਰ ਰਹੀ ਹੈ।

ਉਸ ਦੇ ਦੱਸਣ ਮੁਤਾਬਕ ਉਸ ਨੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਾਲ ਕੁ ਪਹਿਲਾਂ ਸੋਸ਼ਲ ਮੀਡੀਆ ’ਤੇ ‘ਜੀਵੇ ਸਾਂਝਾ ਪੰਜਾਬ’ ਨਾਂ ਦਾ ਚੈਨਲ ਬਣਾਇਆ ਸੀ। ਇਸ ਰਾਹੀਂ ਉਸ ਨੇ ਪੰਜਾਬ ਦੀ ਵੰਡ ਸਮੇਂ ਉੱਧਰੋਂ ਉੱਜੜ ਕੇ ਗਏ ਪੰਜਾਬੀਆਂ ਨੂੰ ਉਨ੍ਹਾਂ ਦੇ ਪਿੰਡ ਤੇ ਘਰ ਬਾਰ ਵਿਖਾਉਣ ਦੇ ਨਾਲ ਨਾਲ ਵਿੱਛੜਿਆਂ ਨੂੰ ਮਿਲਾਉਣ ਲਈ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਸੀ। ਇਸ ਚੈਨਲ ਨਾਲ ਅੱਜ ਸੈਂਕੜੇ ਲੋਕ ਜੁੜ ਚੁੱਕੇ ਹਨ। ਇਸ ਜ਼ਰੀਏ ਕਿੰਨੇ ਹੀ ਲੋਕ ਆਪਣੇ ਪੁਰਖਿਆਂ ਦੇ ਪਿੰਡਾਂ ਨੂੰ ਵੇਖ ਚੁੱਕੇ ਹਨ। ਸਿੱਖ ਇਤਿਹਾਸ ਦੇ ਪ੍ਰਚਾਰ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਜਦੋਂ ਮੈਂ ਲਹਿੰਦੇ ਪੰਜਾਬ ਵਿੱਚ ਸਿੱਖਾਂ ਦੇ ਨਾਂ ’ਤੇ ਬੱਝੇ ਪਿੰਡਾਂ ਨੂੰ ਵੇਖਦੀ ਤਾਂ ਮੈਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਨ ਦੀ ਜਗਿਆਸਾ ਪੈਦਾ ਹੁੰਦੀ ਸੀ। ਫਿਰ ਇਸ ਜਗਿਆਸਾ ਨੇ ਹੀ ਮੈਨੂੰ ਹੌਲੀ-ਹੌਲੀ ਸਿੱਖ ਇਤਿਹਾਸ ਨਾਲ ਜੋੜਿਆ ਹੈ।

ਇਸ ਸਮੇਂ ਉਹ ਜਿੱਥੇ ਲਹਿੰਦੇ ਪੰਜਾਬ ਦੇ ਦੋ ਸੌ ਦੇ ਕਰੀਬ ਲੋਕਾਂ ਨੂੰ ਗੁਰਮੁਖੀ ਸਿਖਾ ਰਹੀ ਹੈ, ਉੱਥੇ ਹੀ ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਆਨਲਾਈਨ ਸ਼ਾਹਮੁਖੀ ਵੀ ਸਿਖਾ ਰਹੀ ਹੈ। ਉਸ ਦੀ ਪਿਛਲੇ ਦਿਨਾਂ ਵਿੱਚ ਗੁਰਮੁਖੀ ਲਿਪੀ ਵਾਲੇ ਦੁਪੱਟੇ ਦੀ ਫੋਟੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ ਜਿਹੜੀ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ। ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਪੁਰਵਾ ਨੇ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਗੁਰਮੁਖੀ ਲਿਪੀ ਸਿਖਾਉਣ ਲਈ ਅਕੈਡਮੀ ਖੋਲ੍ਹਣਾ ਚਾਹੁੰਦੀ ਹੈ ਜਿੱਥੇ ਉਹ ਵੱਡੇ ਪੱਧਰ ’ਤੇ ਲੋਕਾਂ ਨੂੰ ਗੁਰਮੁਖੀ ਲਿਪੀ ਪੜ੍ਹਨੀ ਲਿਖਣੀ ਸਿਖਾ ਸਕੇ। ਇਸ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ਵਿੱਚ ਗੁਰਮੁਖੀ ਦਾ ਆਪਣਾ ਇੱਕ ਕਾਇਦਾ ਵੀ ਪ੍ਰਕਾਸ਼ਿਤ ਕਰਵਾ ਰਹੀ ਹੈ ਜਿਸ ਤੋਂ ਸੌਖੇ ਢੰਗ ਨਾਲ ਗੁਰਮੁਖੀ ਸਿੱਖੀ ਜਾ ਸਕੇ। ਇਸ ਦੇ ਨਾਲ ਹੀ ਉਸ ਦੀ ਇਹ ਵੀ ਇੱਛਾ ਹੈ ਕਿ ਉਹ ਇੱਕ ਲਾਇਬ੍ਰੇਰੀ ਸਥਾਪਿਤ ਕਰੇ ਜਿੱਥੇ ਗੁਰਮੁਖੀ ਲਿਪੀ ਵਿੱਚ ਕਿਤਾਬਾਂ ਉਪਲੱਬਧ ਹੋਣ ਤੇ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਵੱਧ ਤੋਂ ਵੱਧ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਨਾਲ ਜੁੜ ਸਕਣ।
ਸੰਪਰਕ: 70098-98044



News Source link
#ਪਕਸਤਨ #ਚ #ਗਰਮਖ #ਦ #ਝਡਬਰਦਰ #ਪਰਵ #ਮਸਦ

- Advertisement -

More articles

- Advertisement -

Latest article