ਗਵਾਂਗਜੂ (ਦੱਖਣੀ ਕੋਰੀਆ): ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਤੀਜੇ ਸਥਾਨ ’ਤੇ ਰਿਹਾ ਜਦਕਿ ਭਾਰਤ ਨੇ ਇੱਥੇ ਚੱਲ ਰਹੇ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਟੀਮ ਵਰਗ ’ਚ ਚੌਥਾ ਦਰਜਾ ਪ੍ਰਾਪਤ ਕੀਤਾ। ਵਰਮਾ ਨੇ 720 ’ਚੋਂ 709 ਅੰਕ ਬਣਾਏ। ਦੂਜੇ ਸਥਾਨ ਲਈ ਉਸ ਨੂੰ ਦੱਖਣੀ ਕੋਰੀਆ ਦੇ ਕਿਮ ਜੋਂਗਹੋ ਨਾਲ ਮੁਕਾਬਲੇ ਵਿੱਚ ਕਾਫੀ ਜੱਦੋਜਹਿਦ ਕਰਨੀ ਪਈ ਪਰ ਕਿਮ ਬਾਜ਼ੀ ਮਾਰ ਗਿਆ। ਭਾਰਤ ਦਾ ਅਮਨ ਸੈਣੀ 702 ਅੰਕਾਂ ਨਾਲ 13ਵੇਂ ਜਦਕਿ ਰਜਤ ਚੌਹਾਨ 698 ਅੰਕਾਂ ਨਾਲ 31ਵੇਂ ਸਥਾਨ ’ਤੇ ਰਿਹਾ। ਤਿੰਨਾਂ ਨੂੰ ਟੀਮ ਦੇ ਰੂਪ ਵਿੱਚ ਚੌਥਾ ਸਥਾਨ ਮਿਲਿਆ ਅਤੇ ਹੁਣ ਉਹ ਪਹਿਲੇ ਗੇੜ ’ਚ ਇਟਲੀ ਨਾਲ ਭਿੜਨਗੇ। ਮਹਿਲਾਵਾਂ ਦੇ ਕੰਪਾਊਂਡ ਵਰਗ ਵਿੱਚ ਅਵਨੀਤ ਕੌਰ ਅਤੇ ਮੁਸਕਾਨ ਕ੍ਰਮਵਾਰ 14ਵੇਂ ਅਤੇ 15ਵੇਂ ਸਥਾਨ ’ਤੇ ਰਹੀਆਂ ਜਦਕਿ ਪ੍ਰਿਆ 35ਵੇਂ ਸਥਾਨ ’ਤੇ ਰਹੀ। ਇਨ੍ਹਾਂ ਨੂੰ ਕੁਆਰਟਰ ਫਾਈਨਲ ਤੱਕ ‘ਬਾਈ’ ਮਿਲਿਆ ਹੈ। -ਪੀਟੀਆਈ