ਸਾਂ ਫਰਾਂਸਿਸਕੋ, 18 ਮਈ
ਟੈਸਲਾ ਸੀਈਓ ਐਲਨ ਮਸਕ ਅਤੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਵਿਚਾਲੇ ਵਿਵਾਦ ਦੌਰਾਨ ਟਵਿੱਟਰ ਦੇ ਤਿੰਨ ਹੋਰ ਅਧਿਕਾਰੀਆਂ ਨੇ ਟਵਿੱਟਰ ਕੰਪਨੀ ਛੱਡ ਦਿੱਤੀ ਹੈ। ‘ਟੈੱਕਕਰੰਚ’ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਟਵਿੱਟਰ ਦੀ ਹੈਲਥ, ਗੱਲਬਾਤ ਅਤੇ ਗ੍ਰੋਥ ਪ੍ਰੋਡਕਟ ਮੈਨਜਮੈਂਟ ਬਾਰੇ ਵਾਈਸ ਪ੍ਰੈਜ਼ੀਡੈਂਟ ਇਲੀਆ ਬ੍ਰਾਊਨ, ਟਵਿੱਟਰ ਸੇਵਾਵਾਂ ਬਾਰੇ ਵਾਈਸ ਪ੍ਰੈਜ਼ੀਡੈਂਟ ਕੈਟਰੀਨਾ ਲੇਨ ਅਤੇ ਡਾਟਾ ਸਾਇੰਸ ਵਿਭਾਗ ਦੇ ਹੈੱਡ ਮੈਕਸ ਸ਼ਮੀਜ਼ਰ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੈਟਰੀਨਾ ਲੇਨ ਅਤੇ ਮੈਕਸ ਦੀਆਂ ਲਿੰਕਡਇਨ ਪ੍ਰੋਫਾਈਲਾਂ ਮੁਤਾਬਕ ਉਹ ਟਵਿੱਟਰ ਲਈ ਕ੍ਰਮਵਾਰ ਇੱਕ ਅਤੇ ਦੋ ਸਾਲਾਂ ਤੋਂ ਕੰਮ ਕਰ ਰਹੇ ਸਨ ਜਦਕਿ ਇਲੀਆ ਬ੍ਰਾਊੁਨ ਇਸ ਮਾਈਕਰੋ-ਬਲਾਗਿੰਗ ਪਲੈਟਫਾਰਮ ਲਈ ਛੇ ਵਰ੍ਹਿਆਂ ਤੋਂ ਕੰਮ ਕਰ ਰਹੀ ਸੀ। ਅੱਜ ਕੰਪਨੀ ਦੇ ਇੱਕ ਤਰਜਮਾਨ ਨੇ ਕਿਹਾ, ‘‘ਅਸੀਂ ਟਵਿੱਟਰ ’ਤੇ ਲੋਕਾਂ ਨੂੰ ਲਗਾਤਾਰ ਵਧੀਆ ਸੇਵਾਵਾਂ ਦੇਣ ’ਤੇ ਧਿਆਨ ਕੇਂਦਰਤ ਰੱਖਾਂਗੇ। ਅਸੀਂ ਉਨ੍ਹਾਂ ਦੀ ਸਖਤ ਮਿਹਨਤ ਅਤੇ ਅਗਵਾਈ ਲਈ ਧੰਨਵਾਦੀ ਹਾਂ।’’ ਦੱਸਣਯੋਗ ਹੈ ਕਿ ਹੁਣੇ ਜਿਹੇ ਟਵਿੱਟਰ ਸੀਈਓ ਅਗਰਵਾਲ ਵੱਲੋਂ ਦੋ ਮੁੱਖ ਅਧਿਕਾਰੀਆਂ ਰੈਵੀਨਿਊ ਪ੍ਰੋਡਕਟ ਲੀਡਰ ਬਰੂਸ ਫਲਕ ਅਤੇ ਪ੍ਰੋਡਕਟ ਹੈੱਡ ਕੇਵੋਨ ਬੈਕਪੋਰ ਨੂੰ ਕੰਪਨੀ ਤੋਂ ਹਟਾ ਦਿੱਤਾ ਸੀ। ਇਹ ਵੀ ਦੱਸਣਯੋਗ ਹੈ ਕਿ ਐਲਨ ਮਸਕ ਨੇ ਫਰਜ਼ੀ/ਸਪੈਮ ਖਾਤਿਆਂ ਕਾਰਨ 44 ਅਰਬ ਡਾਲਰ ਦੇ ਟਵਿੱਟਰ ਸੌਦੇ ’ਤੇ ਰੋਕ ਲਾਈ ਹੋਈ ਅਤੇ ਜੇਕਰ ਉਹ ਟਵਿੱਟਰ ਨੂੰ ਖ਼ਰੀਦ ਲੈਂਦੇ ਹਨ ਤਾਂ ਉਹ ਇਸ ਲਈ ਨਵਾਂ ਸੀਈਓ ਲਾਉਣਾ ਚਾਹੁੰਦੇ ਹਨ। -ਆਈਐੱਨਐੱਸ