ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਮਈ
ਇਥੇ ਥਾਣਾ ਬਾਘਾਪੁਰਾਣਾ ਦੀ ਹਵਾਲਾਤ ‘ਚ ਪੈਟਰੋਲ ਪੰਪ ਤੋਂ ਖੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਨੌਜਵਾਨ ਨੇ ਪੁਲੀਸ ਰਿਮਾਂਡ ਦੌਰਾਨ ਹਵਾਲਾਤ ‘ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਸਾਰੀ ਘਟਨਾ ਥਾਣੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦਸੰਬਰ 2021 ‘ਚ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਨੱਥੋਕੇ ਦੇ ਪੈਟਰੋਲ ਪੰਪ ‘ਤੇ 17 ਹਜਾਰ ਰੁਪਏ ਦੀ ਖੋਹ ਮਾਮਲੇ ਵਿੱਚ ਮੱਖਣ ਸਿੰਘ ਪਿੰਡ ਮਾਣੂਕੇ ਸੰਧੂਆਂ (ਜਗਰਾਊਂ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਪੁੱਛ ਪੜਤਾਲ ਲਈ ਪੁਲੀਸ ਨੇ ਅਦਾਲਤ ਕੋਲੋਂ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ ਅਤੇ ਅੱਜ ਮੁੜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਨੇ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਬਣੇ ਹਵਾਲਾਤ ਅੰਦਰ ਬਣੇ ਬਾਥਰੂਮ ‘ਚ ਜਾਕੇ ਆਪਣੀ ਬਨੈਣ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਜਾਣਕਾਰੀ ਹਵਾਲਾਤ ‘ਚ ਬੰਦ ਇਕ ਹੋਰ ਮੁਲਜ਼ਮ ਨੂੰ ਪੁਲੀਸ ਨੂੰ ਦਿੱਤੀ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਪਹਿਲਾਂ ਬਾਘਾਪੁਰਾਣਾ ਹਸਪਤਾਲ ਤੇ ਬਾਅਦ ਵਿੱਚ ਫ਼ਰੀਦਕੋਟ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨ ਨਸ਼ਿਆਂ ਦਾ ਆਦੀ ਸੀ ਅਤੇ ਉਸ ਖ਼ਿਲਾਫ਼ 5 ਮਾਮਲੇ ਦਰਜ ਸਨ। ਉਨ੍ਹਾਂ ਦੱਸਿਆ ਕਿ ਸੰਤਰੀ ਤੇ ਮੁਨਸ਼ੀ ਖ਼ਿਲਾਫ਼ ਵਿਭਾਗੀ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ ਅਤੇ ਜੁਡੀਸ਼ਲ ਮੈਜਿਸਟਰੇਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ।