ਕੋਲੰਬੋ, 16 ਮਈ
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਟੀਚਾ ਕਿਸੇ ਵਿਅਕਤੀ, ਪਰਿਵਾਰ ਜਾਂ ਸਮੂਹ ਨੂੰ ਬਚਾਉਣਾ ਨਹੀਂ ਬਲਕਿ ਸੰਕਟ ‘ਚ ਫਸੇ ਦੇਸ਼ ਨੂੰ ਬਚਾਉਣਾ ਹੈ। ਉਨ੍ਹਾਂ ਦਾ ਇਸ਼ਾਰਾ ਰਾਜਪਕਸੇ ਪਰਿਵਾਰ ਤੇ ਉਨ੍ਹਾਂ ਦੇ ਸਾਬਕਾ ਆਗੂ ਮਹਿੰਦਾ ਰਾਜਪਕਸੇ ਵੱਲ ਸੀ। ਪ੍ਰਧਾਨ ਮੰਤਰੀ ਬਣਨ ਮਗਰੋਂ ਟੈਲੀਵਿਜ਼ਨ ‘ਤੇ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ‘ਚ ਵਿਕਰਮਸਿੰਘੇ (73) ਨੇ ਕਿਹਾ ਕਿ ਸ੍ਰੀਲੰਕਾ ਦੀ ਸਮੁੰਦਰੀ ਸਰਹੱਦ ‘ਤੇ ਮੌਜੂਦ ਪੈਟਰੋਲ, ਕੱਚੇ ਤੇਲ, ਭੱਠੀ ਤੇਲ ਦੀਆਂ ਖੇਪਾਂ ਦੇ ਭੁਗਤਾਨ ਲਈ ਖੁੱਲ੍ਹੇ ਬਾਜ਼ਾਰ ‘ਚੋਂ ਅਮਰੀਕੀ ਡਾਲਰ ਇਕੱਠੇ ਕੀਤੇ ਜਾਣਗੇ। ਉਨ੍ਹਾਂ ਕਿਹਾ, ‘ਮੇਰਾ ਟੀਚਾ ਦੇਸ਼ ਨੂੰ ਬਚਾਉਣਾ ਹੈ। ਮੈਂ ਇੱਥੇ ਕਿਸੇ ਵਿਅਕਤੀ, ਪਰਿਵਾਰ ਜਾਂ ਗਰੁੱਪ ਨੂੰ ਬਚਾਉਣ ਲਈ ਨਹੀਂ ਹਾਂ।’ ਉਨ੍ਹਾਂ ਕਿਹਾ ਕਿ 2022 ਦੇ ਵਿਕਾਸ ਬਜਟ ਦੀ ਥਾਂ ਰਾਹਤ ਬਜਟ ਪੇਸ਼ ਕੀਤਾ ਜਾਵੇਗਾ। -ਪੀਟੀਆਈ
ਸ੍ਰੀਲੰਕਾ ਦੀ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਸ਼ਰਤਾਂ ਤਹਿਤ ਸਹਿਯੋਗ ਦੇਣ ਦਾ ਫ਼ੈਸਲਾ
ਕੋਲੰਬੋ: ਸ੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਸਮਾਗੀ ਜਨ ਬਲਾਵੇਗਾਯਾ (ਐੱਸਜੇਬੀ) ਨੇ ਅੱਜ ਕਿਹਾ ਕਿ ਉਨ੍ਹਾਂ ਦੇਸ਼ ਦੇ ਆਰਥਿਕ ਤੇ ਸਿਆਸੀ ਸੰਕਟ ਦੇ ਹੱਲ ਲਈ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੀ ਅਗਵਾਈ ਹੇਠਲੀ ਸਰਕਾਰ ਨੂੰ ਸ਼ਰਤਾਂ ਤਹਿਤ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਹੈ। ਐੱਸਜੇਬੀ ਨੇ ਇੱਕ ਬਿਆਨ ‘ਚ ਕਿਹਾ, ‘ਇੱਕ ਜ਼ਿੰਮੇਵਾਰ ਪਾਰਟੀ ਹੋਣ ਦੇ ਨਾਤੇ ਸਮਾਗੀ ਜਨ ਬਲਾਵੇਗਾਯਾ ਦਾ ਮੰਨਣਾ ਹੈ ਕਿ ਦੇਸ਼ ਨੂੰ ਮੌਜੂਦਾ ਸੰਕਟ ਤੋਂ ਬਚਾਉਣਾ ਇਸ ਸਮੇਂ ਜ਼ਿਆਦਾ ਜ਼ਰੂਰੀ ਹੈ।’ ਉਨ੍ਹਾਂ ਕਿਹਾ ਕਿ ਇਸ ਲਈ ਦੇਸ਼ ਦੇ ਭਲੇ ਲਈ ਐੱਸਜੇਬੀ ਨੇ ਆਪਣੀ ਸੰਸਦੀ ਗਰੁੱਪ ਦੀ ਚਰਚਾ ਦੌਰਾਨ ਫ਼ੈਸਲਾ ਕੀਤਾ ਹੈ ਕਿ ਦੇਸ਼ ਨੂੰ ਆਰਥਿਕ ਤੌਰ ‘ਤੇ ਸੰਭਾਲਣ ਲਈ ਮੌਜੂਦਾ ਸਰਕਾਰ ਦੀ ਪੂਰੀ ਤਰ੍ਹਾਂ ਹਮਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਐੱਸਜੇਬੀ ਨੂੰ ਛੱਡਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਂ ਐੱਸਜੇਬੀ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਤਾਂ ਉਹ ਆਪਣੀ ਹਮਾਇਤ ਵਾਪਸ ਲੈ ਲੈਣਗੇ। -ਪੀਟੀਆਈ