21.6 C
Patiāla
Monday, March 4, 2024

ਜੰਡਿਆਲਾ ਗੁਰੂ: ਮਾਨਾਂਵਾਲਾ ’ਚ ਜੀਟੀ ਰੋਡ ’ਤੇ ਕਾਰ ਸਵਾਰ ਦੀ ਗੋਲੀ ਮਾਰ ਕੇ ਹੱਤਿਆ

Must read


ਸਿਮਰਤਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 17 ਮਈ 

ਇਥੋਂ ਨਜ਼ਦੀਕੀ ਸਥਿਤ ਮਾਨਾਂਵਾਲਾ ਵਿੱਚ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ਉਪਰ ਬੀਤੀ ਦੇਰ ਰਾਤ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਦੂਸਰੇ ਕਾਰ ਸਵਾਰ ਸਾਥੀ ਨੂੰ ਸਿਰ ‘ਚ ਰਾਡ ਮਾਰ ਕੇ ਜ਼ਖ਼ਮੀ ਕਰ ਦਿੱਤਾ। ਸੁਖਦੀਪ ਸਿੰਘ ਵਾਸੀ ਮੁਹੱਲਾ ਮੱਲੀਆਣਾ ਜੰਡਿਆਲਾ ਗੁਰੂ ਨੇ ਦੱਸਿਆ ਉਸ ਦਾ ਤਾਇਆ ਇੰਦਰ ਸਿੰਘ ਬਿਮਾਰ ਹੋਣ ਕਾਰਨ ਜਨਤਾ ਹਸਪਤਾਲ ਅਜਨਾਲਾ ਰੋਡ ਮੀਰਾਂਕੋਟ ਵਿਖੇ ਦਾਖਲ ਹੈ। ਉਸ ਦਾ ਹਾਲ ਜਾਨਣ ਲਈ ਉਸ ਦਾ ਜੀਜਾ ਜਗਦੇਵ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਅਤੇ ਦੂਸਰਾ ਜੀਜਾ ਚਰਨਪ੍ਰੀਤ ਸਿੰਘ ਵਾਸੀ ਨਜ਼ਦੀਕ ਖੂਹੀ ਸਾਹਿਬ, ਜੰਡਿਆਲਾ ਗੁਰੂ ਹਸਪਤਾਲ ਗਏ ਸਨ। ਬੀਤੀ ਰਾਤ ਕਰੀਬ 9.45 ਵਜੇ ਉਹ ਅਤੇ ਉਸ ਦੇ ਦੋਵੇਂ ਜੀਜੇ ਆਪਣੀ ਆਈ ਟਵੰਟੀ ਕਾਰ ਪੀਬੀ 46 ਏਡੀ 7080 ’ਤੇ ਸਵਾਰ ਹੋ ਕੇ ਵਾਪਸ ਜੰਡਿਆਲਾ ਗੁਰੂ ਆ ਰਹੇ ਸਨ, ਜਦੋਂ ਉਹ ਰਸਤੇ ਵਿੱਚ ਮਾਨਾਂਵਾਲਾ ਜੀਟੀ ਰੋਡ ਕੰਢੇ ਪਿਸ਼ਾਬ ਕਰਨ ਲਈ ਰੁਕੇ ਤਾਂ ਪਿੱਛੋਂ ਕਾਲੇ ਰੰਗ ਦੀ ਕਾਰ ‘ਚ ਆਏ ਅਣਪਛਾਤਿਆਂ ਨੇ ਚਰਨਜੀਤ ਸਿੰਘ, ਜੋ ਡਰਾਈਵਰ ਦੇ ਨਾਲ ਵਾਲੀ ਸੀਟ ਉੱਪਰ ਬੈਠਾ ਸੀ, ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਜਦੋਂ ਉਸਨੇ ਗੋਲੀ ਦੀ ਆਵਾਜ਼ ਸੁਣੀ ਤਾਂ ਮੁੜ ਕੇ ਦੇਖਿਆ ਦੋ ਅਣਪਛਾਤੇ ਹਮਲਾਵਰ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਇੱਕ ਤੇ ਹੱਥ ਵਿਚ ਪਿਸਤੌਲ ਸੀ ਅਤੇ ਦੂਜੇ ਦੇ ਹੱਥ ਵਿੱਚ ਡੰਡਾ ਸੀ ਅਤੇ ਜਗਦੇਵ ਸਿੰਘ ਤੇ ਚਰਨਪ੍ਰੀਤ ਸਿੰਘ ਦੋਵੇਂ ਖੂਨ ‘ਚ ਲੱਥਪੱਥ ਹੋਏ ਪਏ ਸਨ। ਉਸ ਨੇ ਦੋਹਾਂ ਨੂੰ ਤੁਰੰਤ ਜੰਡਿਆਲਾ ਗੁਰੂ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।ਜਿੱਥੇ ਚਰਨਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਹ ਦਮ ਤੋੜ ਗਿਆ। ਐੱਸਐੱਚਓ ਥਾਣਾ ਚਾਟੀਵਿੰਡ ਮਨਮੀਤਪਾਲ ਸਿੰਘ ਸੰਧੂ ਨੇ ਦੱਸਿਆ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

News Source link

- Advertisement -

More articles

- Advertisement -

Latest article