27.6 C
Patiāla
Tuesday, July 23, 2024

ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦੀ ਹਾਦਸੇ ਵਿੱਚ ਮੌਤ

Must read

ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦੀ ਹਾਦਸੇ ਵਿੱਚ ਮੌਤ


ਸਿਡਨੀ, 15 ਮਈ

ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਤੇ ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਹਰਫਨਮੌਲਾ ਐਂਡਰਿਊ ਸਾਇਮੰਡਜ਼ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਸਾਇਮੰਡਜ਼ 46 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਬੱਚੇ ਹਨ। ਆਸਟਰੇਲਿਆਈ ਕ੍ਰਿਕਟ ਜਗਤ ਲਈ ਪਿਛਲੇ ਤਿੰਨ ਮਹੀਨਿਆਂ ’ਚ ਇਹ ਤੀਜਾ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਕੁਝ ਘੰਟਿਆਂ ਅੰਦਰ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ ਤੇ ਵਿਕਟ ਕੀਪਰ ਰੋਡ ਮਾਰਸ਼ ਦੀ ਜਾਨ ਜਾਂਦੀ ਰਹੀ ਸੀ।

ਕੁਈਨਜ਼ਲੈਂਡ ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ ਕਾਰ ਹਾਦਸਾ ਉੱਤਰ-ਪੂਰਬੀ ਆਸਟਰੇਲੀਆ ਦੇ ਟਾਊਨਸਵਿਲੇ ਤੋਂ ਲਗਪਗ 50 ਕਿਲੋਮੀਟਰ ਦੂਰ ਹਾਰਵੇ ਰੇਂਜ ਮਾਰਗ ’ਤੇ ਸ਼ਨਿਚਰਵਾਰ ਰਾਤ ਨੂੰ ਹੋਇਆ। ਬਿਆਨ ਵਿੱਚ ਕਿਹਾ ਗਿਆ, ‘‘ਪੁਲੀਸ ਟਾਊਨਸਵਿਲੇ ਤੋਂ ਕਰੀਬ 50 ਕਿਲੋਮੀਟਰ ਦੂਰ ਹਾਰਵੇ ਰੇਂਜ ’ਤੇ ਇਕ ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਬੀਤੀ ਰਾਤ 46 ਸਾਲਾ ਵਿਅਕਤੀ ਦੀ ਮੌਤ ਹੋ ਗਈ।’’ ਪੁਲੀਸ ਬਿਆਨ ਵਿੱਚ ਕਿਹਾ ਗਿਆ ਕਿ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਕਰਮੀਆਂ ਨੇ 46 ਸਾਲਾ ਚਾਲਕ ਨੂੰ ਬਚਾਉਣ ਦਾ ਯਤਨ ਕੀਤਾ, ਜੋ ਕਾਰ ਵਿੱਚ ਇਕੱਲਾ ਹੀ ਸੀ। ਹਾਲਾਂਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।

ਹਮਲਾਵਰ ਬੱਲੇਬਾਜ਼ੀ ਤੋਂ ਇਲਾਵਾ ਮੱਧਮ ਰਫ਼ਤਾਰ ਤੇ ਸਪਿੰਨ ਗੇਂਦਬਾਜ਼ੀ ਕਰਨ ਵਿੱਚ ਸਮਰੱਥ ਸਾਇਮੰਡਜ਼ ਬਿਹਤਰੀਨ ਫੀਲਡਰ ਵੀ ਸੀ। ਉਸ ਨੇ ਆਸਟਰੇਲੀਆ ਲਈ 1998 ਤੋਂ 2009 ਦੌਰਾਨ 26 ਟੈਸਟ, 198 ਇਕ ਰੋਜ਼ਾ ਤੇ 14 ਟੀ-20 ਕੌਮਾਂਤਰੀ ਮੁਕਾਬਲੇ ਖੇਡੇ। ਉਹ 2003 ਤੇ 2007 ਦੌਰਾਨ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲੀਅਨ ਟੀਮ ਦਾ ਅਹਿਮ ਮੈਂਬਰ ਸੀ। ਕ੍ਰਿਕਟ ਆਸਟਰੇਲੀਆ ਦੇ ਮੁਖੀ ਲਾਕਲੇਨ ਹੈਂਡਰਸਨ ਨੇ ਕਿਹਾ, ‘‘ਆਸਟਰੇਲੀਆ ਕ੍ਰਿਕਟ ਨੇ ਇਹ ਹੋਰ ਬਿਹਤਰੀਨ ਖਿਡਾਰੀ ਗੁਆ ਲਿਆ ਹੈ।’’

ਸਾਇਮੰਡਜ਼ ਨੇ ਆਪਣੇ ਕੌਮਾਂਤਰੀ ਕਰੀਅਰ ’ਚ 165 ਵਿਕਟ ਵੀ ਲੲੇ। ਉਸ ਨੇ ਟੈਸਟ ਕ੍ਰਿਕਟ ’ਚ 24, ਇਕ ਰੋਜ਼ਾ ’ਚ 133 ਤੇ ਟੀ-20 ਮੁਕਾਬਲਿਆਂ ’ਚ 8 ਵਿਕਟ ਲਏ। 2008 ਵਿੱਚ ਭਾਰਤ ਖਿਲਾਫ਼ ਖੇਡਿਆ ਸਿਡਨੀ ਟੈਸਟ ‘ਮੰਕੀਗੇਟ’ ਘਟਨਾ ਕਰਕੇ ਸਾਇਮੰਡਜ਼ ਦੇ ਕਰੀਅਰ ਦਾ ਸਭ ਤੋਂ ਵਿਵਾਦਿਤ ਪਲ ਰਿਹਾ। ਸਾਇਮੰਡਜ਼ ਨੇ ਉਦੋਂ ਦੋਸ਼ ਲਾਇਆ ਸੀ ਕਿ ਭਾਰਤੀ ਆਫ਼ ਸਪਿੰਨਰ ਹਰਭਜਨ ਸਿੰਘ ਨੇ ਮੈਦਾਨ ’ਤੇ ਹੋਈ ਬਹਿਸ ਦੌਰਾਨ ਉਸ ਨੂੰ ‘ਬਾਂਦਰ’ ਕਿਹਾ ਹੈ।

ਉਂਜ ‘ਰੌਏ’ ਦੇ ਰੂਪ ਵਿੱਚ ਪਛਾਣਿਆ ਜਾਣ ਵਾਲਾ ਸਾਇਮੰਡਜ਼ ਕਈ ਵਿਵਾਦਾਂ ਦਾ ਹਿੱਸਾ ਰਿਹਾ ਹੈ। ਆਸਟਰੇਲੀਆ ਦੇ ਕਈ ਸਾਬਕਾ ਕ੍ਰਿਕਟਰਾਂ ਸਣੇ ਕ੍ਰਿਕਟ ਜਗਤ ਦੇ ਕਈ ਹੋਰ ਖਿਡਾਰੀਆਂ ਨੇ ਟਵੀਟ ਕਰਕੇ ਸਾਇਮੰਡਜ਼ ਨੂੰ ਸ਼ਰਧਾਂਜਲੀ ਦਿੱਤੀ ਹੈ। -ਪੀਟੀਆਈ

News Source link

- Advertisement -

More articles

- Advertisement -

Latest article