ਇਸਲਾਮਾਬਾਦ, 16 ਮਈ
ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ 18 ਮਈ ਨੂੰ ਅਮਰੀਕਾ ਦੇ ਦੋ ਰੋਜ਼ਾ ਦੌਰੇ ’ਤੇ ਜਾਣਗੇ। ਵਿਦੇਸ਼ ਦਫ਼ਤਰ ਨੇ ਅੱਜ ਇੱਥੇ ਇਹ ਐਲਾਨ ਕੀਤਾ। ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਬਿਲਾਵਲ ਇਸ ਦੌਰਾਨ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਆਲਮੀ ਖ਼ੁਰਾਕ ਸੁਰੱਖਿਆ ਸਬੰਧੀ ਇੱਕ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਅਹਿਮ ਮੁੱਦਿਆਂ ’ਤੇ ਗੱਲਬਾਤ ਕਰਨਗੇ। ਪਿਛਲੇ ਮਹੀਨੇ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਬਿਲਾਵਲ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮਿਲ ਕੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਹੈ। ਅਮਰੀਕਾ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਸੀ। -ਪੀਟੀਆਈ