ਡੀਪੀਐਸ ਬਤਰਾ
ਸਮਰਾਲਾ, 16 ਮਈ
ਪਿੰਡ ਮਾਣਕੀ ਦੇ 25 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਬੀਤੇ ਕੱਲ੍ਹ ਤੋਂ ਘਰੋਂ ਗਾਇਬ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਨੇੜਲੇ ਇੱਕ ਹੋਰ ਪਿੰਡ ਦੇ ਖੇਤਾਂ ਵਿੱਚ ਪਈ ਹੋਈ ਮਿਲੀ ਹੈ। ਜਾਣਕਾਰੀ ਅਨੁਸਾਰ ਰਣਜੋਧ ਸਿੰਘ (25) ਵਾਸੀ ਪਿੰਡ ਮਾਣਕੀ ਖੰਨਾ ਵਿਚ ਕਿਸੇ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ, ਉਸ ਨੂੰ ਕੱਲ੍ਹ ਕਿਸੇ ਜਾਣਕਾਰ ਨੇ ਫੋਨ ਕਰਕੇ ਬੁਲਾਇਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਾਤ ਭਰ ਉਹ ਆਪਣੇ ਪੁੱਤ ਦੀ ਉਡੀਕ ਕਰਦੇ ਰਹੇ, ਪਰ ਉਹ ਘਰ ਨਹੀਂ ਪਰਤਿਆ। ਅੱਜ ਸਵੇਰੇ ਪਿੰਡ ਸਲੌਦੀ ਵਿਚ ਉਸ ਦੀ ਲਾਸ਼ ਮੱਕੀ ਦੇ ਖੇਤ ਵਿੱਚ ਪਈ ਮਿਲੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ, ਉਨ੍ਹਾਂ ਦੇ ਲੜਕੇ ਦੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ।