ਬੈਂਕਾਕ, 15 ਮਈ
ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇਥੇ ਇਕਤਰਫ਼ਾ ਫਾਈਨਲ ਵਿੱਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਲੇਠਾ ਥੌਮਸ ਕੱਪ ਖਿਤਾਬ ਜਿੱਤ ਕੇ ਆਪਣਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰ ਦਿੱਤਾ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਇਤਿਹਾਸ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਟੀਮ ਲਈ ਵਿਸ਼ਵ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂਆਂ ਲਕਸ਼ੈ ਸੇਨ ਤੇ ਕਿਦਾਂਬੀ ਸ੍ਰੀਕਾਂਤ ਤੋਂ ਇਲਾਵਾ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਵਿਸ਼ਵ ਦੀ 8ਵੇਂ ਨੰਬਰ ਦੀ ਜੋੜੀ ਨੇ ਯਾਦਗਾਰੀ ਜਿੱਤ ਦਰਜ ਕੀਤੀ। ਭਾਰਤ, ਮਲੇਸ਼ੀਆ ਤੇ ਡੈਨਮਾਰਕ ਖਿਲਾਫ਼ ਜਿੱਤ ਦਰਜ ਕਰਕੇ ਫਾਈਨਲ ਵਿੱਚ ਪੁੱਜਾ ਸੀ।
ਨਾਕਆਊਟ ਗੇੜ ਵਿੱਚ ਲੈਅ ਹਾਸਲ ਕਰਨ ਲਈ ਜੂਝ ਰਹੇ ਲਕਸ਼ੈ ਨੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਸਿੰਗਲਜ਼ ਮੁਕਾਬਲੇ ਵਿੱਚ ਪੱਛੜਨ ਮਗਰੋਂ ਵਾਪਸੀ ਕਰਦੇ ਹੋਏ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਐਂਥਨੀ ਸਿਨਿਸੁਕਾ ਗਿਨਟਿੰਗ ਨੂੰ 8-21, 21-17, 21-16 ਨਾਲ ਹਰਾ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਸਾਤਵਿਕ ਤੇ ਚਿਰਾਗ ਦੀ ਦੇਸ਼ ਦੀ ਸਿਖਰਲੀ ਪੁੁਰਸ਼ ਡਬਲਜ਼ ਜੋੜੀ ਨੇ ਇਸ ਮਗਰੋਂ ਉਲਟ ਹਾਲਾਤ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੀ ਗੇਮ ਵਿੱਚ ਚਾਰ ਮੈਚ ਪੁਆਇੰਟ ਬਚਾਏ ਅਤੇ ਮੁਹੰਮਦ ਅਹਿਸਨ ਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਜੋੜੀ ਨੂੰ 18-21, 23-21, 21-19 ਨਾਲ ਮਾਤ ਦਿੰਦਿਆਂ ਭਾਰਤ ਦੀ ਲੀਡ ਨੂੰ 2-0 ਕਰ ਦਿੱਤਾ। ਦੂਜੇ ਸਿੰਗਲਜ਼ ਵਿੱਚ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋੲੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮਾਂ ਵਿੱਚ 48 ਮਿੰਟਾਂ ਵਿੱਚ 21-15, 23-21 ਨਾਲ ਹਰਾ ਕੇ ਭਾਰਤ ਨੂੰ 3-0 ਦੀ ਜੇਤੂ ਲੀਡ ਦਿਵਾਈ। ਇਸ ਦੌਰਾਨ ਭਾਰਤੀ ਪੁਰਸ਼ ਟੀਮ ਦੇ ਕੋਚ ਵਿਮਲ ਕੁਮਾਰ ਨੇ ਆਸ ਜਤਾਈ ਕਿ ਥੌਮਸ ਕੱਪ ਵਿੱਚ ਮਿਲੀ ਇਤਿਹਾਸਕ ਜਿੱਤ ਦਾ ਬੈਡਮਿੰਟਨ ਦੀ ਖੇਡ ’ਤੇ ਉਹੀ ਅਸਰ ਪਏਗਾ, ਜੋ 1983 ਵਿਸ਼ਵ ਕੱਪ ਵਿੱਚ ਮਿਲੀ ਜਿੱਤ ਦਾ ਕ੍ਰਿਕਟ ’ਤੇ ਪਿਆ ਸੀ। ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਜਿੱਤ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। -ਪੀਟੀਆਈ
ਭਾਰਤ ਦੀ ਜਿੱਤ ਨਾਲ ਕਈ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ: ਮੋਦੀ
ਨਵੀਂ ਦਿੱਲੀ: ਥੌਮਸ ਕੱਪ ਵਿੱਚ ਭਾਰਤੀ ਪੁਰਸ਼ ਬੈਡਮਿੰਟਨ ਟੀਮ ਦੀ ਪਲੇਠੀ ਖਿਤਾਬੀ ਜਿੱਤ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਇਤਿਹਾਸ ਸਿਰਜ ਦਿੱਤਾ ਹੈ ਤੇ ਇਹ ਜਿੱਤ ਉਭਰਦੇ ਹੋਏ ਖਿਡਾਰੀਆਂ ਲਈ ਪ੍ਰੇਰਨਾ ਹੋਵੇਗੀ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਸਿਰਜ ਦਿੱਤਾ! ਭਾਰਤ ਦੇ ਥੌਮਸ ਕੱਪ ਜਿੱਤਣ ਨਾਲ ਪੂਰਾ ਦੇਸ਼ ਖ਼ੁਸ਼ ਹੈ! ਸਾਡੀ ਸਫ਼ਲ ਟੀਮ ਨੂੰ ਵਧਾਈ ਤੇ ਭਵਿੱਖੀ ਟੂਰਨਾਮੈਂਟਾਂ ਲਈ ਸ਼ੁਭ ਕਾਮਨਾਵਾਂ। ਇਹ ਜਿੱਤ ਉਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ।’’ ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਇਸ ਦੌਰਾਨ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਅਮਿਤਾਭ ਬੱਚਨ, ਤਾਪਸੀ ਪੰਨੂ ਤੇ ਐੱਸ.ਐੱਸ.ਰਾਜਾਮੌਲੀ ਸਣੇ ਹੋਰਨਾਂ ਨੇ ਦੇਸ਼ ਦਾ ਗੌਰਵ ਵਧਾਉਣ ਲਈ ਚੈਂਪੀਅਨ ਟੀਮ ਨੂੰ ਵਧਾਈ ਦਿੱਤੀ ਹੈ। ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਬੈਡਮਿੰਟਨ ਟੀਮ ਨੂੰ ਪਹਿਲੀ ਵਾਰ ਥੌਮਸ ਕੱਪ ਜਿੱਤਣ ’ਤੇ ਵਧਾਈ ਦਿੱਤੀ ਹੈ।
ਖੇਡ ਮੰਤਰਾਲੇ ਵੱਲੋਂ ਇਕ ਕਰੋੜ ਰੁਪੲੇ ਦੇ ਪੁਰਸਕਾਰ ਦਾ ਐਲਾਨ
ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਥੌਮਸ ਕੱਪ ਦਾ ਪਲੇਠਾ ਖਿਤਾਬ ਜਿੱਤਣ ਵਾਲੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ 1 ਕਰੋੜ ਰੁਪੲੇ ਦਾ ਨਗ਼ਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਠਾਕੁਰ ਨੇ ਟਵੀਟ ਕਰਕੇ ਇਸ ਇਤਿਹਾਸਕ ਜਿੱਤ ਲਈ ਖਿਡਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੋਚਾਂ ਤੇ ਸਹਾਇਕ ਸਟਾਫ਼ ਨੂੰ ਵੀ ਵਧਾਈ ਦਿੱਤੀ। ਉਧਰ ਭਾਰਤੀ ਬੈਡਮਿੰਟਨ ਐਸੋਸੀੲੇਸ਼ਨ ਦੇ ਪ੍ਰਧਾਨ ਹਿਮੰਤ ਬਿਸਵਾ ਸਰਮਾ ਨੇ ਵੀ ਇਤਿਹਾਸ ਸਿਰਜਣ ਵਾਲੀ ਭਾਰਤੀ ਪੁਰਸ਼ ਟੀਮ ਨੂੰ ਇਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਟੀਮ ਦੇ ਸਹਾਇਕ ਸਟਾਫ਼ ਲਈ 20 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ।