ਰੋਮ, 15 ਮਈ
ਇਟਲੀ ਵਿਚ ਪਾਕਿਸਤਾਨ ਦੇ ਹੈਡ ਆਫ ਦਿ ਮਿਸ਼ਨ ਨੂੰ ਮਹਿਲਾ ਕਰਮੀ ਦੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਬਰਖਾਸਤ ਕੀਤਾ ਗਿਆ ਹੈ। ਇਸ ਅਧਿਕਾਰੀ ਦਾ ਨਾਂ ਨਦੀਪ ਰਿਆਜ਼ ਹੈ ਤੇ ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਦੂਤਾਵਾਸ ਵਿਚ ਤਾਇਨਾਤ ਇਕ ਮਹਿਲਾ ਅਫਸਰ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਮਾਮਲੇ ਦੀ ਜਾਂਚ ਇਟਲੀ ਤੇ ਪਾਕਿਸਤਾਨ ਵਿਚ ਹੋਈ ਸੀ। ਫਿਲਹਾਲ ਪਾਕਿਸਤਾਨ ਸਰਕਾਰ ਵਲੋਂ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀੜਤ ਮਹਿਲਾ ਅਧਿਕਾਰੀ ਦਾ ਨਾਂ ਸਾਇਰਾ ਇਮਦਾਦ ਅਲੀ ਹੈ ਤੇ ਉਹ ਮਨਿਸਟਰੀ ਆਫ ਕਾਮਰਸ ਵਿਚ ਗਰੇਡ 20 ਦੀ ਅਧਿਕਾਰੀ ਹੈ। ਇਹ ਅਧਿਕਾਰੀ ਚਾਰ ਸਾਲ ਪਹਿਲਾਂ ਰੋਮ ਦੂਤਾਵਾਸ ਵਿਚ ਤਾਇਨਾਤ ਸੀ ਜਦੋਂ ਰਿਆਜ ਉਥੇ ਹੈਡ ਆਫ ਦਿ ਮਿਸ਼ਨ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਦੀਮ ਨੂੰ ਜੁਰਮਾਨਾ ਵੀ ਅਦਾ ਕਰਨਾ ਪੈ ਸਕਦਾ ਹੈ।