ਵਾਸ਼ਿੰਗਟਨ, 13 ਮਈ
ਰੂਸੀ ਹਮਲੇ ਖ਼ਿਲਾਫ਼ ਮੁਲਕਾਂ ਨੂੰ ਇਕਜੁੱਟ ਕਰਨ ਲਈ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਭਾਰਤ ਨੂੰ ਮਨਾਉਣ ਵਾਸਤੇ ਵੀ ਹੰਭਲੇ ਮਾਰੇ ਜਾ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਅਮਰੀਕਾ ਲਗਾਤਾਰ ਭਾਰਤ ਦੇ ਸੰਪਰਕ ’ਚ ਹੈ ਤਾਂ ਜੋ ਰੂਸ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਅਮਰੀਕੀ ਉਪ ਸੁਰੱਖਿਆ ਸਲਾਹਕਾਰ ਦਿਲੀਪ ਸਿੰਘ ਵਾਰਤਾ ਲਈ ਭਾਰਤ ਗਏ ਸਨ ਜਿਥੇ ਉਨ੍ਹਾਂ ਭਾਰਤ ਨੂੰ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਖ਼ਿਲਾਫ਼ ਡਟਣ ਲਈ ਕਿਹਾ ਸੀ। ਇਕ ਸਵਾਲ ਦੇ ਜਵਾਬ ’ਚ ਉਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਸਮੇਂ ਅਮਰੀਕਾ ਨੇ ਭਾਰਤ ਨੂੰ ਦਵਾਈਆਂ ਦੇ ਨਾਲ ਨਾਲ ਹੋਰ ਸਹਾਇਤਾ ਵੀ ਮੁਹੱਈਆ ਕਰਵਾਈ ਸੀ ਅਤੇ ਰੂਸੀ ਹਮਲੇ ਖ਼ਿਲਾਫ਼ ਵੀ ਕੰਮ ਕਰਨਾ ਜਾਰੀ ਰੱਖਾਂਗੇ। ਪਸਾਕੀ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਦੋ ਕੁਆਡ ਮੁਲਕਾਂ ਭਾਰਤ ਅਤੇ ਆਸਟਰੇਲੀਆ ਦਾ ਦੌਰਾ ਕਰਨਗੇ। ਬਾਇਡਨ ਵੱਲੋਂ ਇਸ ਮਹੀਨੇ ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕੀਤਾ ਜਾ ਰਿਹਾ ਹੈ। ਪਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਦੋ ਵਿਦੇਸ਼ੀ ਦੌਰਿਆਂ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਪਰ ਇਹ ਭਵਿੱਖਬਾਣੀ ਨਹੀਂ ਕੀਤੀ ਸਕਦੀ ਹੈ ਕਿ ਇਹ ਦੌਰੇ ਕਦੋਂ ਹੋਣਗੇ। -ਪੀਟੀਆਈ