26.1 C
Patiāla
Wednesday, April 24, 2024

ਯੂਕਰੇਨ ਵੱਲੋਂ ਜ਼ਖ਼ਮੀ ਫ਼ੌਜੀਆਂ ਬਦਲੇ ਰੂਸੀ ਜੰਗੀ ਕੈਦੀ ਛੱਡਣ ਦੀ ਪੇਸ਼ਕਸ਼

Must read


ਕੀਵ, 12 ਮਈ

ਰੂਸ ਵੱਲੋਂ ਮਾਰੀਓਪੋਲ ਦੀ ਅਜ਼ੋਵਸਤਲ ਸਟੀਲ ਮਿੱਲ ’ਚ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਯੂਕਰੇਨ ਨੇ ਮਿੱਲ ’ਚ ਬੁਰੀ ਤਰ੍ਹਾਂ ਜ਼ਖ਼ਮੀ ਆਪਣੇ ਫ਼ੌਜੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸੀ ਜੰਗੀ ਕੈਦੀ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਹੈ।

ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵਰੇਸ਼ਚੁਕ ਨੇ ਕਿਹਾ ਕਿ ਜ਼ਖ਼ਮੀ ਲੜਾਕਿਆਂ ਨੂੰ ਰਿਹਾਅ ਕਰਾਉਣ ਲਈ ਗੱਲਬਾਤ ਜਾਰੀ ਹੈ। ਇਰੀਨਾ ਨੇ ਕਿਹਾ ਕਿ ਹੋਰ ਵੀ ਕਈ ਵੱਖਰੇ ਰਾਹ ਹਨ ਪਰ ਉਨ੍ਹਾਂ ’ਚੋਂ ਕੋਈ ਵੀ ਢੁਕਵਾਂ ਨਹੀਂ ਹੈ। ਮਾਰੀਓਪੋਲ ਦੇ ਮੇਅਰ ਦੇ ਸਲਾਹਕਾਰ ਨੇ ਕਿਹਾ ਕਿ ਰੂਸੀ ਫ਼ੌਜ ਨੇ ਸ਼ਹਿਰ ਦੇ ਸਾਰੇ ਬਾਹਰ ਜਾਣ ਵਾਲੇ ਰੂਟ ਬੰਦ ਕੀਤੇ ਹੋਏ ਹਨ। ਉਸ ਨੇ ਕਿਹਾ ਕਿ ਸ਼ਹਿਰ ’ਚ ਕੁਝ ਹੀ ਅਪਾਰਟਮੈਂਟ ਰਹਿਣ ਲਈ ਰਹਿ ਗਏ ਹਨ ਅਤੇ ਲੋਕਾਂ ਕੋਲ ਥੋੜਾ ਜਿਹਾ ਭੋਜਨ ਜਾਂ ਪੀਣ ਵਾਲਾ ਪਾਣੀ ਹੈ। ਇਸ ਦੌਰਾਨ ਕੀਵ ਵੱਲੋਂ ਫੜੇ ਗਏ ਰੂਸੀ ਫ਼ੌਜੀ ’ਤੇ ਪਹਿਲਾ ਜੰਗੀ ਅਪਰਾਧ ਦਾ ਕੇਸ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੇ ਇਕ ਸਾਈਕਲ ਸਵਾਰ ਨਿਹੱਥੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ। ਰੂਸੀ ਫ਼ੌਜੀ ਨੂੰ 15 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਯੂਕਰੇਨ ਵੱਲੋਂ ਜੰਗੀ ਅਪਰਾਧ ਦੇ 10 ਹਜ਼ਾਰ ਤੋਂ ਜ਼ਿਆਦਾ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ’ਚੋਂ 600 ਤੋਂ ਜ਼ਿਆਦਾ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਜੰਗ ਦੇ 78ਵੇਂ ਦਿਨ ਯੂਕਰੇਨੀ ਫ਼ੌਜ ਨੇ ਕਿਹਾ ਕਿ ਰੂਸ ਨੇ ਜ਼ਪੋਰੀਜ਼ਜ਼ੀਆ ਵੱਲ ਉਨ੍ਹਾਂ ਦੇ ਜਵਾਨਾਂ ’ਤੇ ਤੋਪਾਂ ਅਤੇ ਗ੍ਰਨੇਡ ਲਾਂਚਰਾਂ ਨਾਲ ਹਮਲੇ ਕੀਤੇ ਹਨ।

ਯੂਕਰੇਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸ ਦੇ 9 ਹਮਲਿਆਂ ਨੂੰ ਠੱਲ੍ਹਦਿਆਂ ਕਈ ਡਰੋਨ ਅਤੇ ਫ਼ੌਜੀ ਵਾਹਨ ਨਸ਼ਟ ਕੀਤੇ ਹਨ। -ਏਪੀ

ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦੈ ਫਿਨਲੈਂਡ

ਕੀਵ: ਯੂਕਰੇਨ ਜੰਗ ਦੇ ਆਲਮੀ ਪੱਧਰ ’ਤੇ ਪੈ ਰਹੇ ਅਸਰ ਦਰਮਿਆਨ ਫਿਨਲੈਂਡ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਨਾਟੋ ਦੀ ਮੈਂਬਰਸ਼ਿਪ ਲਏਗਾ। ਫਿਨਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਰਡਿਕ ਮੁਲਕ ਨੂੰ ਬਿਨਾਂ ਦੇਰੀ ਤੋਂ ਪੱਛਮੀ ਗੱਠਜੋੜ ਦੀ ਮੈਂਬਰਸ਼ਿਪ ਲੈਣੀ ਚਾਹੀਦੀ ਹੈ। ਉਧਰ ਗੁਆਂਢੀ ਮੁਲਕ ਸਵੀਡਨ ਵੱਲੋਂ ਨਾਟੋ ’ਚ ਸ਼ਾਮਲ ਹੋਣ ਬਾਰੇ ਕੁਝ ਦਿਨਾਂ ’ਚ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਨਾਟੋ ਮੁਲਕਾਂ ਨੇ ਯੂਕਰੇਨ ਨੂੰ ਹਥਿਆਰ ਭੇਜੇ ਹਨ। ਯੂਕਰੇਨ ਵੀ ਨਾਟੋ ’ਚ ਸ਼ਾਮਲ ਹੋਣਾ ਚਾਹੁੰਦਾ ਹੈ ਜਿਸ ਦਾ ਰੂਸ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। -ਏਪੀ 





News Source link

- Advertisement -

More articles

- Advertisement -

Latest article