ਨਵੀਂ ਦਿੱਲੀ, 12 ਮਈ
ਖੁਰਾਕੀ ਵਸਤਾਂ ਤੇ ਈਂਧਣ ਕੀਮਤਾਂ ਵਿੱਚ ਉਛਾਲ ਨਾਲ ਪ੍ਰਚੂਨ ਮਹਿੰਗਾਈ ਅਪਰੈਲ ਵਿੱਚ 7.79 ਫੀਸਦ ਦੇ ਅੰਕੜੇ ਨਾਲ ਪਿਛਲੇ ਅੱਠ ਸਾਲਾਂ ਵਿੱਚ ਸਿਖਰਲੇ ਪੱਧਰ ’ਤੇ ਪੁੱਜ ਗਈ ਹੈ। ਇਹੀ ਵਜ੍ਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਅਗਲੇ ਮਹੀਨੇ ਹੋਣ ਵਾਲੀ ਆਪਣੀ ਸਮੀਖਿਆ ਮੀਟਿੰਗ ਦੌਰਾਨ ਨੀਤੀਗਤ ਵਿਆਜ ਦਰਾਂ ਨੂੰ ਇਕ ਵਾਰ ਫਿਰ ਵਧਾਉਣਾ ਪੈ ਸਕਦਾ ਹੈ। ਵਧਦੀ ਮਹਿੰਗਾਈ ਕਰਕੇ ਆਰਬੀਆਈ ਨੇ ਪਿਛਲੇ ਹਫ਼ਤੇ ਰੈਪੋ ਦਰਾਂ ਵਿੱਚ 40 ਆਧਾਰ ਅੰਕਾਂ ਦਾ ਵਾਧਾ ਕਰਕੇ ਇਸ ਨੂੰ 4 ਤੋਂ 4.40 ਫੀਸਦ ਕਰ ਦਿੱਤਾ ਸੀ। ਇਸ ਦੌਰਾਨ ਕੇਂਦਰੀ ਵਿੱਤ ਮੰਤਰਾਲਾ ਆਸਵੰਦ ਹੈ ਕਿ ਆਰਬੀਆਈ ਤੇ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨਾਲ ਵਧਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਤੇ ਕਾਬੂ ਵਿੱਚ ਰੱਖਣ ’ਚ ਮਦਦ ਮਿਲੇਗੀ। ਮੰਤਰਾਲੇ ਦਾ ਮੰਨਣਾ ਹੈ ਕਿ ਮੰਗ ਵਿੱਚ ਹੌਲੀ ਹੌਲੀ ਸੁਧਾਰ ਆਉਣ ਲੱਗਾ ਹੈ ਤੇ ਮਹਿੰਗਾਈ ਦੇ ਲਗਾਤਾਰ ਸਿਖਰਲੇ ਪੱਧਰ ’ਤੇ ਬਣੇ ਰਹਿਣ ਦਾ ਜੋਖਮ ਬਹੁਤ ਘੱਟ ਹੈ। ਰੂਸ-ਯੂਕਰੇਨ ਜੰਗ ਕਰਕੇ ਪਿਛਲੇ ਚਾਰ ਮਹੀਨਿਆਂ ਤੋਂ ਮਹਿੰਗਾਈ 6 ਫੀਸਦ ਤੋਂ ਵੱਧ ਹੈ, ਜਿਸ ਨੂੰ ਆਰਬੀਆਈ ਲਈ ਸੁਖਾਵੀਂ ਸਥਿਤੀ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਪਹਿਲਾਂ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਆਧਾਰਿਤ ਪ੍ਰਚੂਨ ਮਹਿੰਗਾਈ ਦਰ ਮਈ 2014 ਵਿੱਚ ਰਿਕਾਰਡ 8.33 ਫੀਸਦ ਦਰਜ ਕੀਤੀ ਗਈ ਸੀ। ਇਸ ਸਾਲ ਮਾਰਚ ਵਿੱਚ ਸੀਪੀਆਈ ਮਹਿੰਗਾਈ 6.95 ਫੀਸਦ ਸੀ ਜਦੋਂਕਿ ਪਿਛਲੇ ਸਾਲ ਅਪਰੈਲ ’ਚ ਇਹ ਅੰਕੜਾ 4.23 ਫੀਸਦ ਸੀ।
ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਡੇਟਾ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਾ ਮਾਰਚ ਵਿੱਚ ਜਿਹੜਾ ਅੰਕੜਾ 7.68 ਫੀਸਦ ਸੀ, ਉਹ ਅਪਰੈਲ ਵਿੱਚ ਵਧ ਕੇ 8.38 ਹੋ ਗਿਆ। ਹਾਲਾਂਕਿ ਪਿਛਲੇ ਸਾਲ ਮਾਰਚ ਵਿੱਚ ਖੁਰਾਕੀ (ਵਸਤਾਂ ਦੀ) ਮਹਿੰਗਾਈ 1.96 ਫੀਸਦ ਸੀ। ਸਬਜ਼ੀਆਂ ਦੀ ਮਹਿੰਗਾਈ ਦਰ ਮਾਰਚ ਵਿੱਚ 11.64 ਫੀਸਦ ਸੀ ਜੋ ਅਪਰੈਲ ਵਿੱਚ ਵਧ ਕੇ 15.41 ਫੀਸਦ ਹੋ ਗਈ। ਖਾਣ ਵਾਲੇ ਤੇਲਾਂ ਤੇ ਬਨਸਪਤੀ ਘਿਓ ਦੀ ਮਹਿੰਗਾਈ 17.28 ਫੀਸਦ ਰਹੀ। ਇਸ ਸਾਲ ਜਨਵਰੀ ਤੋਂ ਪ੍ਰਚੂਨ ਮਹਿੰਗਾਈ 6 ਫੀਸਦ ਤੋਂ ਉਪਰ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਨਅਤੀ ਉਤਪਾਦਨ ਮਾਰਚ ਵਿੱਚ 1.9 ਫੀਸਦ ਅਤੇ ਵਿੱਤੀ ਸਾਲ 2021-22 ਵਿੱਚ 11.3 ਫੀਸਦ ਵਧਿਆ। ਆਰਬੀਆਈ ਨੇ ਪਹਿਲਾਂ ਵਿੱਤੀ ਸਾਲ 2022-23 ਵਿੱਚ ਮਹਿੰਗਾਈ ਦਰ 4.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ, ਪਰ ਰੂਸ-ਯੂਕਰੇਨ ਵਿਵਾਦ ਕਰਕੇ ਮਗਰੋੋਂ ਇਨ੍ਹਾਂ ਅਨੁਮਾਨਾਂ ਨੂੰ ਸੁਧਾਰ ਕੇ 5.7 ਫੀਸਦ ਕਰ ਦਿੱਤਾ। ਇਸ ਦੌਰਾਨ ਸਰਕਾਰ ਨੇ ਆਰਬੀਆਈ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਮਹਿੰਗਾਈ ਦਰ ਚਾਰ ਫੀਸਦ ਦੇ ਪੱਧਰ ’ਤੇ ਰਹੇ, ਜਿਸ ਵਿੱਚ ਉਪਰ ਹੇਠਾਂ ਦੋ ਫੀਸਦ ਦੀ ਗੁੰਜਾਇਸ਼ ਹੋ ਸਕਦੀ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਮੌਜੂਦਾ ਭੂ-ਸਿਆਸੀ ਹਾਲਾਤ ਕਰਕੇ ਖੁਰਾਕੀ ਕੀਮਤਾਂ ਦੀਆਂ ਵਸਤਾਂ ਵਿੱਚ ਵਾਧੇ ਦਾ ਉਲਟ ਅਸਰ ਘਰੇਲੂ ਬਾਜ਼ਾਰ ’ਤੇ ਵੀ ਨਜ਼ਰ ਆਉਣ ਲੱਗਾ ਹੈ ਅਤੇ ਅੱਗੋਂ ਵੀ ਮਹਿੰਗਾਈ ਦਾ ਦਬਾਅ ਜਾਰੀ ਰਹਿਣ ਦੀ ਸੰਭਾਵਨਾ ਹੈ। ਦਰਜਾਬੰਦੀ ੲੇਜੰਸੀ ਇਕਰਾ ਦੀ ਮੁੱਖ ਅਰਥਸ਼ਾਸਤਰੀ ਆਦਿਤੀ ਨਾਇਰ ਨੇ ਕਿਹਾ, ‘‘ਮਈ ਵਿੱਚ ਸੀਪੀਆਈ ਅਧਾਰਿਤ ਮਹਿੰਗਾਈ ਕੁਝ ਘੱਟ ਹੋ ਸਕਦੀ ਹੈ, ਪਰ ਇਹ 6.5 ਫੀਸਦ ਤੋਂ ਉਪਰ ਰਹੇਗੀ।’’ -ਪੀਟੀਆਈ
ਰੁਪਿਆ 15 ਪੈਸੇ ਟੁੱਟ ਕੇ 77.40 ਡਾਲਰ ’ਤੇ ਪੁੱਜਾ
ਮੁੰਬਈ: ਮਹਿੰਗਾਈ ਨੂੰ ਲੈ ਕੇ ਕੁੱਲ ਆਲਮ ਦੇ ਵਧਦੇ ਫ਼ਿਕਰਾਂ ਦਰਮਿਆਨ ਰੁਪਿਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 15 ਪੈਸੇ ਟੁੱਟ ਕੇ 77.40 ਪ੍ਰਤੀ ਡਾਲਰ ਦੇ ਪੱਧਰ ’ਤੇ ਪੁੱਜ ਗਿਆ। ਇਸ ਤੋਂ ਪਹਿਲਾਂ ਦੋ ਦਿਨ ਤੱਕ ਰੁਪਏ ਨੇ ਵਾਧਾ ਦਰਜ ਕੀਤਾ ਸੀ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਨਿਘਾਰ, ਵਿਦੇਸ਼ੀ ਬਾਜ਼ਾਰਾਂ ਵਿੱਚ ਡਾਲਰ ਦੀ ਮਜ਼ਬੂਤੀ ਤੇ ਵਿਦੇਸ਼ੀ ਕਰੰਸੀ ਦੀ ਲਗਾਤਾਰ ਨਿਕਾਸੀ ਨੇ ਵੀ ਰੁਪਏ ਨੂੰ ਢਾਹ ਲਾਈ ਹੈ। -ਪੀਟੀਆਈ
ਸ਼ੇਅਰ ਬਾਜ਼ਾਰ ਡਿੱਗਣ ਦਾ ਸਿਲਸਿਲਾ ਜਾਰੀ
ਮੁੰਬਈ: ਆਲਮੀ ਪੱਧਰ ’ਤੇ ਨਕਾਰਾਤਮਕ ਰੁਖ਼ ਕਰਕੇ ਅੱਜ ਲਗਾਤਾਰ ਪੰਜਵੇਂ ਦਿਨ ਸ਼ੇਅਰ ਬਾਜ਼ਾਰ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਸੈਂਸੈਕਸ 53000 ਤੇ ਨਿਫਟੀ 16000 ਅੰਕਾਂ ਤੋਂ ਹੇਠਾਂ ਚਲੇ ਗਏ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,158.08 ਅੰਕ ਭਾਵ 2.14 ਫੀਸਦ ਦੇ ਨਿਘਾਰ ਨਾਲ ਪਿਛਲੇ ਦੋ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 52,930.31 ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਕ ਵੇਲੇ 1,386.09 ਅੰਕ ਡਿੱਗ ਕੇ 52,702.30 ਦੇ ਪੱਧਰ ’ਤੇ ਵੀ ਪੁੱਜਾ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 359.10 ਨੁਕਤਿਆਂ ਦੇ ਨੁਕਸਾਨ ਨਾਲ 15,808 ਨੁਕਤਿਆਂ ’ਤੇ ਬੰਦ ਹੋਇਆ।