ਗਗਨ ਅਰੋੜਾ
ਲੁਧਿਆਣਾ, 11 ਮਈ
ਇੱਥੇ ਨੌਘਰਾ ਮੁਹੱਲੇ ਵਿਚਲੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਸੁੰਦਰੀਕਰਨ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਦੇ ਮਾਮਲੇ ਵਿੱਚ ਅੱਜ ਆਖ਼ਰ ਸਰਕਾਰ ਜਾਗ ਪਈ ਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੀਆਂ ਤਿੰਨ ਮੰਗਾਂ ਮੰਨ ਲਈਆਂ। ਇਸ ਤੋਂ ਬਾਅਦ ਸਰਕਾਰ ਦੇ ਪ੍ਰਤੀਨਿਧੀ ਬਣ ਕੇ ਪੁੱਜੇ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਤੇ ਕੁਲਵੰਤ ਸਿੱਧੂ ਨੇ ਮਹੰਤ ਨਾਰਾਇਣ ਦੀ ਅਗਵਾਈ ਹੇਠ ਟਰੱਸਟ ਦੇ ਪ੍ਰਧਾਨ ਤੇ ਹੋਰ ਲੋਕਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਵਿਧਾਇਕਾਂ ਨੇ ਭੁੱਖ ਹੜਤਾਲ ’ਤੇ ਬੈਠੇ ਅਸ਼ੀਸ਼ ਬੋਨੀ, ਪਾਲੀ ਸਹਿਜਪਾਲ, ਚੇਤਨ ਮਲਹੋਤਰਾ, ਅਮਰਜੀਤ ਭੱਟੀ ਤੇ ਸੁਨੀਲ ਠਾਕੁਰ ਨੂੰ ਜੂਸ ਪਿਲਾ ਕੇ ਹੜਤਾਲ ਖ਼ਤਮ ਕਰਵਾਈ।