16 C
Patiāla
Thursday, December 7, 2023

ਖ਼ੁਦ ਨਾਲ ਰੂ-ਬ-ਰੂ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਬੰਦਾ ਹਮੇਸ਼ਾਂ ਭੱਜ-ਦੌੜ ਵਿੱਚ ਆਪਣੀ ਕਦੇ ਸਾਰ ਨਹੀਂ ਲੈਂਦਾ। ਨਾ ਹੀ ਉਸ ਨੂੰ ਖ਼ੁਦ ਦੀ ਪਰਵਾਹ ਹੈ। ਉਹ ਆਪਣੀਆਂ ਮਾਨਸਿਕ ਤੇ ਭਾਵਨਾਤਮਕ ਲੋੜਾਂ ਦੀ ਸਦਾ ਅਣਦੇਖੀ ਕਰਦਾ ਹੈ। ਬੰਦੇ ਨੂੰ ਜੀਵਨ ਦੌੜ ਵਿੱਚ ਇਹ ਚਿੱਤਚੇਤਾ ਵੀ ਨਹੀਂ ਕਿ ਉਹ ਕੀ ਹੈ? ਉਹ ਕਿਉਂ ਇਸ ਤਰ੍ਹਾਂ ਕਰਦਾ ਹੈ? ਕਿਸ ਲਈ ਕਰਦਾ ਹੈ ਅਤੇ ਕਿਹੜੀਆਂ ਜ਼ਰੂਰਤਾਂ ਵਿੱਚੋਂ ਜ਼ਿੰਦਗੀ ਨੂੰ ਸੁੱਖ ਮਿਲਦਾ ਹੈ? ਕਿਹੜੀ ਪੂਰਤੀ ਵਿੱਚੋਂ ਸੰਤੁਸ਼ਟੀ ਦਾ ਅਹਿਸਾਸ ਹੋਣਾ ਅਤੇ ਕਿਹੜੇ ਮਾਰਗ ’ਤੇ ਜਾਂਦਿਆਂ ਮੰਜ਼ਿਲ ’ਤੇ ਨਤਮਸਤਕ ਹੋਣਾ ਹੈ?

ਬੰਦਾ ਜਾਣਦਾ ਹੀ ਨਹੀਂ ਕਿ ਇਸ ਅੰਨ੍ਹੀ ਦੌੜ ਦਾ ਅੰਤ ਕੀ ਏ? ਕਿਹੜੇ ਖੂਹ-ਖਾਤੇ ਵਿੱਚ ਇਸ ਨੇ ਮਨੁੱਖ ਨੂੰ ਸੁੱਟਣਾ ਹੈ? ਬੰਦੇ ਨੂੰ ਇਸ ਦੀ ਸਾਰ ਹੀ ਨਹੀਂ ਕਿ ਉਹ ਕਿਹੜੀਆਂ ਰਾਹਾਂ ਦਾ ਪਾਂਧੀ ਹੈ ਅਤੇ ਇਨ੍ਹਾਂ ਰਾਹਾਂ ਨੇ ਕਿਸ ਪਾਸੇ ਮੁਹਾਰ ਮੋੜਨੀ ਹੈ? ਇਨ੍ਹਾਂ ਰਾਹਾਂ ਵਿੱਚ ਉੱਗੀਆਂ ਵਾੜਾਂ, ਕੰਡਿਆਂ, ਖਾਈਆਂ ਅਤੇ ਖੱਡਾਂ ਨੇ ਮਨੁੱਖ ਨੂੰ ਉਸ ਦੀ ਔਕਾਤ ਦੇ ਰੂ-ਬ-ਰੂ ਕਰਨਾ ਹੈ? ਬੰਦੇ ਨੇ ਫਿਰ ਇੱਕ ਬਿੰਦੂ ’ਤੇ ਖੜ੍ਹੇ ਹੀ ਸਾਹਾਂ ਦਾ ਭਵਜਲ ਤਰਨਾ ਹੈ।

ਬੰਦਾ ਮਹਿਲਾਂ-ਮੁਨਾਰਿਆਂ ਦੀ ਉਸਾਰੀ ਵਿੱਚ ਅਜਿਹਾ ਗਲਤਾਨ ਹੈ ਕਿ ਉਸ ਨੂੰ ਭੁੱਲ ਹੀ ਗਿਆ ਕਿ ਉਹ ਤਾਂ ਰਾਤ ਦਾ ਰਾਹੀ ਹੀ ਬਣਿਆ ਰਿਹਾ। ਰਾਤ ਨੂੰ ਸੌਣ ਲਈ ਇੱਕ ਛੱਤ ਦੀ ਲੋੜ ਹੈ। ਕਈ ਵਾਰ ਲੋਕ ਅੰਬਰ ਦੀ ਛੱਤ ਹੇਠ ਤਾਰਿਆਂ ਨਾਲ ਗੱਲਾਂ ਕਰਦਿਆਂ ਹੀ ਹਨੇਰਿਆਂ ਦੀ ਸੰਗਤਾ ਨੂੰ ਮਾਣਦਿਆਂ ਆਪਣਾ ਜੀਵਨ-ਸਫ਼ਰ ਜਾਰੀ ਰੱਖਦੇ ਹਨ। ਬੰਦੇ ਦੀ ਕਿਹੋ ਜਿਹੀ ਫਿਤਰਤ ਹੈ ਕਿ ਉਹ ਆਪਣੀ ਅਲਮਾਰੀ ਨੂੰ ਵੱਖੋ-ਵੱਖ ਬਰਾਂਡਾਂ, ਸਟਾਈਲ ਅਤੇ ਰੰਗਾਂ ਦੇ ਕੱਪੜਿਆਂ ਨਾਲ ਭਰ ਲੈਂਦਾ ਹੈ। ਉਸ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਤਨ ਢੱਕਣ ਲਈ ਸਿਰਫ਼ ਇੱਕ ਹੀ ਕੁੜਤੇ-ਪਜ਼ਾਮੇ ਦੀ ਲੋੜ ਹੁੰਦੀ ਹੈ ਅਤੇ ਕੱਫ਼ਣ ਲਈ ਸਿਰਫ਼ ਢਾਈ ਮੀਟਰ ਦਾ ਚਿੱਟਾ ਲੱਠਾ ਹੁੰਦਾ ਹੈ। ਜਦੋਂ ਬੰਦਾ ਆਖ਼ਰੀ ਸਫ਼ਰ ’ਤੇ ਤੁਰ ਜਾਂਦਾ ਹੈ ਤਾਂ ਅਲਮਾਰੀਆਂ ਵਿੱਚ ਪਏ ਕੱਪੜੇ ਅਣਵਰਤੇ ਹੋਣ ’ਤੇ ਝੂਰਦੇ ਹਨ। ਉਹੀ ਕੱਪੜੇ ਫਿਰ ਦਾਨ ਦੇ ਰੂਪ ਵਿੱਚ ਕਿਸੇ ਮੰਗਤੇ ਦਾ ਪਿੰਡਾ ਢਕਦੇ ਹਨ। ਬੰਦੇ ਨੂੰ ਸ਼ਾਇਦ ਇਹ ਭੁੱਲ ਹੀ ਗਿਆ ਕਿ ਉਸ ਦੇ ਬਜ਼ੁਰਗਾਂ ਕੋਲ ਅਕਸਰ ਇੱਕ ਜਾਂ ਦੋ ਲੀੜੇ ਹੀ ਪਹਿਨਣ ਵਾਲੇ ਹੁੰਦੇ ਸਨ, ਪਰ ਉਹ ਜ਼ਿੰਦਗੀ ਦੇ ਸੁੱਖ ਦਾ ਸਿਰਨਾਵਾਂ ਹੁੰਦੇ ਸਨ।

ਬੰਦੇ ਦਾ ਖ਼ੁਦ ਨਾਲੋਂ ਟੁੱਟਣ ਦਾ ਇਹ ਕੇਹਾ ਵਿਕਰਾਲ ਰੂਪ ਕਿ ਉਸ ਨੂੰ ਆਪਣੇ ਸਫ਼ਰ ਦਾ ਖ਼ਿਆਲ ਹੀ ਨਹੀਂ ਰਿਹਾ ਕਿ ਉਹ ਕਿੱਥੋਂ ਆਇਆ ਹੈ? ਕਿਹੜੇ ਹੋਰ ਰਾਹਾਂ ਦੀ ਖਾਕ ਛਾਣ ਕੇ ਆਖ਼ਰੀ ਸਫ਼ਰ ਦਾ ਅਲਾਪ ਆਪਣੀ ਰੂਹ ਦੇ ਨਾਮ ਲਾਉਣਾ ਹੈ? ਉਹ ਦੁਨਿਆਵੀ ਸਫ਼ਰ ਪੂਰੇ ਕਰਨ ਲਈ ਕਿੰਨਾ ਉਲਾਰ ਕਿ ਉਹ ਖ਼ੁਦ ਦੇ ਹਵਾਈ ਜਹਾਜ਼ ਤੇ ਮਹਿੰਗੀਆਂ ਕਾਰਾਂ ਦੇ ਕਾਫ਼ਲੇ ਨਾਲ ਵੀ ਸੰਤੁਸ਼ਟ ਨਹੀਂ। ਉਸ ਦੀ ਲਾਲਸਾ ਹਰ ਪ੍ਰਾਪਤੀ ਅਤੇ ਸੁੱਖ-ਸਾਧਨ ਨਾਲ ਹੋਰ ਉਲਾਰ ਹੋ ਜਾਂਦੀ ਹੈ। ਸਭ ਕੁਝ ਹੜੱਪਣ ਦੀ ਕੇਹੀ ਬਿਰਤੀ ਕਿ ਉਹ ਸਭ ਕੁਝ ਹੁੰਦਿਆਂ ਵੀ ਕੰਗਾਲ ਹੈ। ਜਦੋਂ ਕਿ ਖ਼ੁਦ ਨਾਲ ਜੁੜਿਆ ਬੰਦਾ ਕੁਝ ਨਾ ਵੀ ਹੁੰਦਿਆਂ ਖੁਸ਼ਹਾਲ ਹੈ। ਬੰਦੇ ਦੀ ਕੇਹੀ ਤ੍ਰਾਸਦੀ ਕਿ ਉਹ ਭੋਖੜੇ ਦਾ ਸ਼ਿਕਾਰ ਹੈ ਕਿਉਂਕਿ ਤ੍ਰਿਪਤੀ ਰੂਹ ਦੀ ਹੁੰਦੀ ਹੈ। ਤਨ ਦੀ ਭੁੱਖ ਦਾ ਕੋਈ ਅੰਤ ਨਹੀਂ ਹੁੰਦਾ।

ਬੰਦਾ ਖ਼ੁਦ ਨਾਲੋਂ ਕੇਹਾ ਤਿੜਕਿਆ ਕਿ ਉਹ ਰਸਾਤਲ ਵਿੱਚ ਡਿੱਗਦਾ ਹੀ ਜਾ ਰਿਹਾ। ਉਸ ਦਾ ਕੋਈ ਆਖਰੀ ਪੜਾਅ ਨਜ਼ਰ ਨਹੀਂ ਆ ਰਿਹਾ। ਉਹ ਲਾਲਸਾਵਾਂ ਵਿੱਚ ਕਿੰਨਾ ਜਕੜਿਆ ਕਿ ਉਹ ਅੱਖਾਂ ਨਾਲ ਦੇਖਣ ਤੇ ਕੰਨਾਂ ਨਾਲ ਸੁਣਨ ਤੋਂ ਆਤੁਰ, ਲੱਤਾਂ ਨਾਲ ਤੁਰਨ ਤੋਂ ਆਕੀ ਅਤੇ ਜ਼ੁਬਾਨ ਥਥਲਾਉਣ ਦੇ ਬਾਵਜੂਦ ਉਹ ਆਪਣੀਆਂ ਸਰੀਰਕ ਇੰਦਰੀਆਂ ਨੂੰ ਕਾਬੂ ਕਰਨ ਦੇ ਅਸਮਰੱਥ ਹੈ। ਇਸ ਅਸਮਰੱਥਾ ਵਿੱਚੋਂ ਹੀ ਮਨੁੱਖ ਦੀ ਸੰਕੀਰਨਤਾ ਜ਼ਾਹਰ ਹੁੰਦੀ ਹੈ ਕਿ ਉਹ ਉਮਰ ਬਿਤਾ ਕੇ ਵੀ ਅਤ੍ਰਿਪਤੀ ਦਾ ਹਉਕਾ ਬਣਿਆ ਰਿਹਾ। ਬਰਸਾਤਾਂ ਵਿੱਚ ਵੀ ਮਾਰੂਥਲਾਂ ਵਿੱਚ ਭਟਕਦਾ ਰਿਹਾ। ਦਰਿਆ ਵਰਗਾ ਹੁੰਦਾ ਵੀ ਬਰੇਤਿਆਂ ਦੀ ਜੂਨ ਹੰਢਾਉਣ ਲਈ ਮਜਬੂਰ। ਬਹਾਰਾਂ ਦਾ ਸਿਰਨਾਵਾਂ ਹੁੰਦਿਆਂ ਵੀ ਪੱਤਝੜਾਂ ਦਾ ਹਾਣੀ ਰਿਹਾ।

ਬੰਦੇ ਦੀ ਖ਼ੁਦ ਪ੍ਰਤੀ ਅਵੱਗਿਆ ਹੀ ਹੈ ਕਿ ਉਹ ਭੀੜ ਵਿੱਚ ਹੁੰਦਿਆਂ ਵੀ ਇਕੱਲਤਾ ਹੰਢਾਉਣ ਲਈ ਮਜਬੂਰ ਹੈ। ਘਰ ਵਿੱਚ ਹੁੰਦਿਆਂ ਵੀ ਕਮਰੇ ਦਾ ਕੈਦੀ। ਬਾਹਰ ਚਾਨਣ ਹੁੰਦਿਆਂ, ਤਾਕੀਆਂ ਤੇ ਰੌਸ਼ਨਦਾਨ ਬੰਦ ਕਰਕੇ ਹਨੇਰੇ ਦਾ ਸਾਥ ਮਾਣਨਾ ਲੋਚਦਾ ਹੈ। ਇਸ ਲੋਚਾ ਨੇ ਬੰਦੇ ਨੂੰ ਖ਼ੁਦ ਨਾਲ ਜੋੜਨ ਦੀ ਬਜਾਏ ਉਸ ਨੂੰ ਖ਼ੁਦ ਨਾਲੋਂ ਬਹੁਤ ਦੂਰ ਕਰ ਦਿੱਤਾ ਹੈ। ਇਸ ਦੂਰੀ ਨੂੰ ਤੈਅ ਕਰਨਾ ਹੁਣ ਉਸਦੇ ਵੱਸ ਹੀ ਨਹੀਂ ਰਿਹਾ ਅਤੇ ਹੁਣ ਉਹ ਬੇਵਸੀ ਦੇ ਆਲਮ ਵਿੱਚ ਖ਼ੁਦ ਦਾ ਸਿਵਾ ਸੇਕਣ ਲਈ ਮਜਬੂਰ ਹੈ।

ਬੰਦੇ ਦੇ ਮਨ ਵਿੱਚ ਆਪਣੇ ਆਲੇ-ਦੁਆਲੇ ਨੂੰ ਜਾਣਨ, ਕੁਦਰਤ ਨੂੰ ਸਮਝਣ ਅਤੇ ਸਮਾਜ ਵਿੱਚ ਵਾਪਰਦੀ ਹਰ ਘਟਨਾ ਨੂੰ ਨੀਝ ਨਾਲ ਦੇਖਣ ਅਤੇ ਸਮਝਣ ਦੀ ਉਤੇਜਨਾ ਹੀ ਪੈਦਾ ਨਹੀਂ ਹੋਈ ਸਗੋਂ ਬਾਹਰੀ ਦੌੜ ਵਿੱਚ ਹੀ ਉਲਝ ਕੇ ਰਹਿ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦੇ ਅੰਦਰ ਕੀ ਵਾਪਰ ਰਿਹਾ ਹੈ? ਉਸ ਦੀ ਅੰਦਰਲੀ ਟੁੱਟ ਭੱਜ ਨੇ ਉਸ ਨੂੰ ਕਿਵੇਂ ਲਾਚਾਰ ਅਤੇ ਮਜ਼ਲੂਮ ਬਣਾ ਦਿੱਤਾ? ਉਸ ਦੇ ਅੰਤਰੀਵ ਵਿੱਚ ਕਿਹੜੇ ਉਤਰਾਅ ਚੜ੍ਹਾਅ ਆਏ? ਇਨ੍ਹਾਂ ਵਿੱਚ ਉਹ ਕਿਵੇਂ ਗੋਤੇ ਖਾ ਰਿਹਾ? ਇਨ੍ਹਾਂ ਮੂੰਹ ਜ਼ੋਰ ਛੱਲਾਂ ਸਾਹਵੇਂ ਉਹ ਕਿੰਨਾ ਨਿੰਮੋਝੂਣਾ ਹੈ? ਉਸ ਦੀ ਕਮਜ਼ੋਰੀ ਅਤੇ ਕਾਇਰਤਾ ਨੂੰ ਇਸ ਪੱਖੋਂ ਸਮਝਿਆ ਜਾ ਸਕਦਾ ਕਿ ਉਹ ਬੁਜ਼ਦਿਲ ਬਣਕੇ ਉਮਰ ਗੁਜ਼ਾਰਨ ਵਿੱਚ ਭਲਾ ਸਮਝਣ ਲੱਗ ਪਿਆ। ਉਸ ਦੇ ਮਨ ਵਿੱਚ ਖ਼ੌਫ ਪੈਦਾ ਹੋ ਗਿਆ ਕਿ ਖ਼ੁਦ ਦੇ ਅੰਤਰ ਝਾਤੀ ਮਾਰਨ ਦੇ ਉਹ ਕਾਬਲ ਹੀ ਨਹੀਂ। ਜੇਕਰ ਝਾਤੀ ਮਾਰੀ ਤਾਂ ਅੰਦਰਲੇ ਕੂੜ-ਕਬਾੜ ਅਤੇ ਇਸ ਦੀ ਬੂਅ ਮਾਰਦੀ ਗੰਦਗੀ ਦਾ ਸਾਹਮਣਾ ਕਿੰਜ ਕਰਾਂਗਾ?

ਬੰਦੇ ਦਾ ਖ਼ੁਦ ਨਾਲ ਟੁੱਟਣਾ ਬਹੁਤ ਕਸ਼ਟਮਈ ਹੈ। ਦਰਦ ਦਾ ਵਹਿੰਦਾ ਦਰਿਆ। ਇਸ ਦੀ ਤਾਸੀਰ ਵਿੱਚ ਖੁਰ ਜਾਂਦੀਆਂ ਨੇ ਤਦਬੀਰਾਂ ਅਤੇ ਰੁੱਸ ਜਾਂਦੀਆਂ ਨੇ ਤਕਦੀਰਾਂ। ਇਹ ਅਜਿਹਾ ਦਰਦ ਕਿ ਇਸ ਦੀ ਪੀੜਾ ਤੋਂ ਅਸੀਂ ਸਦਾ ਅਵੇਸਲੇ ਰਹਿੰਦੇ ਹਾਂ, ਪਰ ਜਦੋਂ ਇਹ ਪੀੜਾ ਆਪਣੀ ਪਰਮ ਸੀਮਾ ’ਤੇ ਹੁੰਦੀ ਹੈ ਤਾਂ ਉਸ ਵਕਤ ਜੀਵਨ ਦਾ ਪੜਾਅ ਅਜਿਹਾ ਹੁੰਦਾ ਕਿ ਖੁ਼ਦ ਨੂੰ ਖੋਜਣ ਅਤੇ ਖ਼ੁਦ ਦੀ ਨੇੜਤਾ ਦਾ ਮੌਕਾ ਹੀ ਨਹੀਂ ਹੁੰਦਾ।

ਬੰਦੇ ਦਾ ਖ਼ੁਦ ਨਾਲ ਜੁੜਨ ਵਾਸਤੇ ਜ਼ਰੂਰੀ ਹੁੰਦਾ ਏ ਬੰਦੇ ਦਾ ਖ਼ੁਦ ਨੂੰ ਪੜ੍ਹਨਾ, ਸਮਝਣਾ ਅਤੇ ਇਸ ਸਮਝ ਵਿੱਚੋਂ ਆਪਣੀਆਂ ਜੀਵਨ ਤਰਜੀਹਾਂ ਨੂੰ ਵਿਉਂਤਣਾ। ਇਸ ਦੀ ਤਰਕੀਬ ਨਾਲ ਅੰਤਰੀਵੀ ਖੁਸ਼ੀ ਅਤੇ ਸਕੂਨ ਨੂੰ ਮਿਲੀ ਤਰਜੀਹ ਹੀ ਹੁੰਦੀ ਹੈ ਕਿ ਬੰਦਾ ਸਮਾਜ ਵਿੱਚ ਵਿਚਰਦਿਆਂ ਹਮੇਸ਼ਾਂ ਖੁ਼ਦ ਨਾਲ ਜੁੜਿਆ ਰਹਿੰਦਾ ਹੈ।

ਬੰਦਾ ਜਦੋਂ ਖ਼ੁਦ ਨਾਲ ਜੁੜਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ, ਕਮੀਨਗੀਆਂ ਅਤੇ ਕਰਤੂਤਾਂ ਦੇ ਰੂਬਰੂ ਹੁੰਦਾ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਖੁ਼ਦ ਨੂੰ ਅੰਦਰੋਂ ਬਦਲਦਾ ਹੈ ਕਿਉਂਕਿ ਬਾਹਰੀ ਬਦਲਾਅ ਸਿਰਫ਼ ਮਖੌਟਾ ਹਨ ਜਦੋਂ ਕਿ ਅੰਤਰੀਵੀ ਬਦਲਾਅ ਪਾਕੀਜ਼ਗੀ ਦਾ ਪ੍ਰਮਾਣ ਹਨ।

ਬੰਦੇ ਦਾ ਖ਼ੁਦ ਨਾਲ ਜੁੜਨ ਲਈ ਜ਼ਰੂਰੀ ਹੈ ਕਿ ਉਹ ਪਾਰਦਰਸ਼ੀ ਹੋਵੇ, ਕੂੜ ਕਪਟ ਤੋਂ ਨਿਰਲੇਪ, ਨਿੱਜੀ ਮੁਫ਼ਾਦ ਤੋਂ ਅਲੂਫ਼ ਹੋਵੇ। ਸਿਰਫ਼ ਸਰਬੱਤ ਦੇ ਭਲੇ ਦੀ ਕਾਮਨਾ ਦਾ ਤਲਬਗਾਰ ਹੋਵੇ। ਖ਼ੁਦ ਨਾਲ ਜੁੜਨ ਦਾ ਸਭ ਤੋਂ ਵੱਡਾ ਹਾਸਲ ਹੁੰਦਾ ਹੈ ਕਿ ਮਨੁੱਖ ਖ਼ੁਦ ਹੀ ਖ਼ੁਦ ਦਾ ਸਾਥ ਮਾਣਦਾ ਹੈ। ਆਪਣੇ ਹਿੱਸੇ ਦੀ ਜ਼ਿੰਦਗੀ ਖ਼ੁਦ ਨਾਲ ਜਿਉਂਦਾ ਅਤੇ ਖ਼ੁਦ ਵਿੱਚੋਂ ਖੁਦਾਈ ਦਾ ਦੀਦਾਰ ਕਰਦਾ ਹੈ।

ਬੰਦਾ ਖ਼ੁਦ ਨਾਲ ਜੁੜ ਕੇ ਹੀ ਖ਼ੁਦ ਨਾਲ ਸੰਵਾਦ ਰਚਾਉਂਦਾ ਹੈ। ਖ਼ੁਦ ਨੂੰ ਪ੍ਰਸ਼ਨ ਵੀ ਕਰਦਾ ਹੈ ਅਤੇ ਉੱਤਰ ਵੀ ਦਿੰਦਾ ਹੈ। ਖ਼ੁਦ ਵਿੱਚੋਂ ਆਪਣੀ ਖ਼ੁੱਦਦਾਰੀ ਨੂੰ ਵੀ ਪਛਾਣਦਾ ਅਤੇ ਖੁਦਾਈ ਨੂੰ ਵੀ ਰਹਿਮਤੀ ਨਜ਼ਰ ਦੀ ਆਬਸ਼ਾਰ ਬਣਾਉਂਦਾ ਹੈ। ਖ਼ੁਦ ਹੀ ਖਾਮੋਸ਼ ਵੀ ਹੁੰਦਾ ਅਤੇ ਖ਼ੁਦ ਖੌਰੂ ਵੀ ਪਾਉਂਦਾ ਹੈ। ਖ਼ੁਦ ਨੱਚਦਾ ਵੀ ਅਤੇ ਖ਼ੁਦ ਨੂੰ ਨਚਾਉਂਦਾ ਵੀ ਹੈ। ਖੁ਼ਦ ਨੂੰ ਰੁਸਾਉਂਦਾ ਵੀ ਅਤੇ ਮਨਾਉਂਦਾ ਵੀ। ਖ਼ੁਦ ਨੂੰ ਨਫ਼ਰਤ ਵੀ ਕਰਦਾ ਅਤੇ ਖ਼ੁਦ ਨੂੰ ਭਾਉਂਦਾ ਵੀ। ਖ਼ੁਦ ਨਾਲ ਝਗੜਦਾ ਵੀ ਤੇ ਖ਼ੁਦ ਹੀ ਖੁ਼ਦ ਨਾਲ ਜੰਗਬੰਦੀ ਦਾ ਐਲਾਨ ਵੀ ਕਰਦਾ ਹੈ।

ਬੰਦੇ ਦਾ ਖ਼ੁਦ ਦਾ ਖ਼ੁਦ ਨਾਲ ਜੁੜਨਾ ਆਸਾਨ ਨਹੀਂ ਹੁੰਦਾ। ਖੁ਼ਦ ਤੋਂ ਖ਼ੁਦ ਦੀ ਦੂਰੀ ਬਹੁਤ ਘੱਟ ਵੀ ਅਤੇ ਬਹੁਤ ਲੰਮੇਰੀ ਵੀ ਹੈ। ਇਸ ਨੂੰ ਪੂਰਾ ਕਰਨ ਲਈ ਬੰਦੇ ਦੇ ਮਜ਼ਬੂਤ ਮਾਨਸਿਕ ਧਰਾਤਲ ਦੀ ਲੋੜ ਹੁੰਦੀ ਹੈ। ਇਹ ਮਨ ਹੀ ਹੁੰਦਾ ਜਿਹੜਾ ਕਿਸੇ ਵੀ ਕਾਰਜ ਨੂੰ ਆਸਾਨ ਜਾਂ ਔਖਾ ਬਣਾਉਂਦਾ। ਕਿਸੇ ਕੰਮ ਨੂੰ ਅਵੱਗਿਆ ਵੀ ਸਮਝਦਾ ਹੈ, ਪਰ ਉਹੀ ਕੰਮ ਨੂੰ ਅਰਪਿਤ ਵੀ ਹੋ ਜਾਂਦਾ ਹੈ। ਮਨ ਦੀਆਂ ਮੁਹਾਰਾਂ ਚੜ੍ਹਦੇ ਸੂਰਜ ਵੰਨੀਂ ਮੋੜਨ ਵਾਲਿਆਂ ਦੇ ਹਰ ਕਦਮ ਵਿੱਚ ਸੂਰਜ ਦੀ ਵਿਛਾਈ ਹੁੰਦੀ ਅਤੇ ਉਹ ਚਾਨਣ-ਰਾਹਾਂ ਦਾ ਦਾਸਤਾਵੇਜ਼ ਹੁੰਦੇ ਹਨ। ਕਦੇ ਚੰਨ ਦੀ ਕਾਤਰ ਤੋਂ ਰੌਸ਼ਨੀ ਦੇ ਭਰ ਵਗਦੇ ਦਰਿਆ ਦਾ ਮੁਹਾਣ ਬਣਨਾ, ਦੇਖਣਾ ਜ਼ਿੰਦਗੀ ਦੇ ਅਰਥ ਹੀ ਬਦਲ ਜਾਣਗੇ।

ਖ਼ੁਦ ਨਾਲ ਖੁ਼ਦ ਦਾ ਜੁੜਨਾ ਇਵੇਂ ਹੀ ਹੁੰਦਾ ਜਿਵੇਂ ਦੁਨਿਆਵੀ ਕਾਰਜ ਕਰਦਿਆਂ, ਖੁ਼ਦ ਨਾਲ ਸੰਵਾਦ ਰਚਾਉਂਦੇ ਰਹਿਣਾ। ਮਨ ਦੀ ਬੀਹੀ ਵਿੱਚ ਗਾਉਂਦੇ ਰਹਿਣਾ। ਕਦਮਾਂ ਵਿੱਚ ਤਾਲ ਉਪਜਾਉਂਦੇ ਰਹਿਣਾ ਅਤੇ ਇਨਾਇਤਾਂ ਵਿੱਚੋਂ ਬਖ਼ਸ਼ਿਸ਼ਾਂ ਦਾ ਭੰਡਾਰ ਆਪਣੇ ਨਾਮ ਲਾਉਂਦੇ ਰਹਿਣਾ।

ਖੁ਼ਦ ਦਾ ਖੁ਼ਦ ਨਾਲ ਜੁੜਨਾ, ਸਿਰਫ਼ ਬੰਦਾ ਹੀ ਕਰ ਸਕਦਾ। ਇਹ ਬੰਦੇ ਦੇ ਖ਼ੁਦ ਲਈ ਹੀ ਹੁੰਦਾ ਕਿਉਂਕਿ ਖੁ਼ਦ ਵਿੱਚੋਂ ਹੀ ਬੰਦੇ ਦੇ ਅਸਲੀ ਵਿਅਕਤੀਤਵ ਨੇ ਪ੍ਰਗਟਣਾ ਹੁੰਦਾ ਹੈ ਅਤੇ ਇਸ ਵਿੱਚੋਂ ਹੀ ਇਸ ਦਾ ਪਤਾ ਲੱਗਦਾ ਕਿ ਬੰਦਾ ਸਮਾਜ ਲਈ ਕੀ ਹੈ? ਸਮਾਜ ਨੂੰ ਕੀ ਦੇ ਰਿਹਾ ਹੈ? ਉਸ ਦੀ ਦੇਣ ਰਾਹੀਂ ਸਮਾਜ ਉਸ ਨੂੰ ਕਿਸ ਅੱਖ ਨਾਲ ਦੇਖ ਰਿਹਾ ਹੈ? ਇਹ ਸਮਾਜ ਦੇ ਦੀਦਿਆਂ ਵਿੱਚ ਤੁਹਾਡਾ ਬਿੰਬ ਹੀ ਹੁੰਦਾ ਹੈ ਜਿਸ ਨੇ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਚੇਤਿਆਂ ਵਿੱਚ ਵਸਦੇ ਰਹਿਣਾ ਹੁੰਦਾ। ਦੁਨਿਆਵੀ ਕਾਰਜ ਕਰਦਿਆਂ, ਸਮਾਜ ਸੇਵਾ ਨੂੰ ਅਰਪਿਤ ਜਿਊੜੇ ਉਹ ਹੁੰਦੇ ਹਨ ਜਿਹੜੇ ਖੁ਼ਦ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਮੂਲ ਦੀ ਪਛਾਣ ਹੋ ਗਈ ਹੁੰਦੀ ਹੈ। ਖ਼ੁਦ ਨਾਲੋਂ ਖੁ਼ਦ ਦੀ ਦੂਰੀ ਦੀ ਤੜਫ਼ ਵਿੱਚੋਂ ਹੀ ਕਲਮ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈਂਦਾ ;

ਮੈਂਥੋਂ ਮੇਰੇ ਕੋਲੋਂ ਮੇਰੀ ਦੂਰੀ ਜ਼ਰੀ ਨਹੀਉਂ ਜਾਂਦੀ।

ਖ਼ੁਦ ਹੀ ਅੰਦਰਲੀ ਖਾਲੀ ਥਾਂ ਭਰੀ ਨਹੀਉਂ ਜਾਂਦੀ।

ਜਦ ਖ਼ੁਦ ਹੀ ਖੁ਼ਦ ਦਾ ਹੁੰਗਾਰਾ ਨਾ ਭਰੇ,

ਫਿਰ ਚੁੱਪ ਦੀ ਨਦੀ ਰੂਹ ਨਾਲ ਤਰੀ ਨਹੀਂਉਂ ਜਾਂਦੀ।

ਖੁ਼ਦ ਨਾਲ ਖ਼ੁਦ ਦਾ ਜੁੜਨਾ ਹੀ ਕ੍ਰਿਸ਼ਮੇ ਕਰਦਾ ਹੈ। ਭਾਵੇਂ ਇਹ ਅਲੋਕਾਰੀਆਂ ਕਲਾਂ-ਕਿਰਤਾਂ ਹੋਣ। ਨਵੀਆਂ ਖੋਜਾਂ ਨਾਲ ਸੰਸਾਰ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਸੁਪਨਿਆਂ ਦੀ ਤਾਮੀਰਦਾਰੀ ਕਰਨੀ ਹੋਵੇ। ਕੋਈ ਵਿਲੱਖਣ ਲਿਖਤ ਹੋਵੇ ਜਾਂ ਕਲਮ ਵਿੱਚੋਂ ਉੱਕਰੀ ਕੋਈ ਆਗਾਮੀ ਅਜੂਨੀ ਕਾਵਿ-ਕਿਰਤ ਹੋਵੇ ਜੋ ਸਮਾਂ ਸੀਮਾ ਨੂੰ ਸਦੀਵੀ ਤੌਰ ’ਤੇ ਵਿਸਾਰ ਦੇਵੇ। ਯਾਦ ਰੱਖਣਾ ਕਿ ਆਵੇਸ਼ ਵਿੱਚੋਂ ਨਿਕਲੀਆਂ ਕਲਾਂ-ਕਿਰਤਾਂ ਸਿਰਫ਼ ਖ਼ੁਦ ਨਾਲ ਖੁ਼ਦ ਦੇ ਸੰਵਾਦ ਵਿੱਚੋਂ ਹੀ ਸਿਰਜੀਆਂ ਜਾਂਦੀਆਂ ਹਨ। ਸਮੁੱਚੀ ਗੁਰਬਾਣੀ, ਬੁੱਲੇ ਸ਼ਾਹ, ਵਾਰਿਸ ਸ਼ਾਹ ਜਾਂ ਬਾਬਾ ਫ਼ਰੀਦ ਦੇ ਸਲੋਕ ਆਦਿ ਆਵੇਸ਼ ਵਿੱਚੋਂ ਰੂਹ ਦੀਆਂ ਰਮਜ਼ਾਂ ਦੀ ਰੰਗਰੇਜ਼ਤਾ ਹਨ ਜਿਸ ਨੇ ਸਮੁੱਚੀ ਖ਼ੁਦਾਈ ਨੂੰ ਆਪਣੇ ਰੰਗ ਵਿੱਚ ਰੰਗਿਆ ਹੈ।

ਖੁ਼ਦ ਨਾਲ ਖ਼ੁਦ ਦੇ ਜੁੜਨ ਲਈ ਮਨ ਵਿੱਚ ਚਾਹਨਾ ਦਾ ਪੈਦਾ ਹੋਣਾ ਜ਼ਰੂਰੀ ਹੈ। ਫਿਰ ਚਾਹਤ ਦੀ ਪੂਰਤੀ ਲਈ ਬੰਦੇ ਕੋਲ ਬਹੁਤ ਸਾਰੀਆਂ ਤਜਵੀਜ਼ਾਂ ਵੀ ਦਸਤਕ ਬਣਨ ਲਈ ਕਾਹਲੀਆਂ ਹਨ। ਖ਼ੁਦ ਨਾਲ ਜੁੜ ਕੇ ਕਿੱਥੇ ਰਹਿੰਦੀ ਏ ਖੁ਼ਦ ਦੀ ਸੁੱਧ-ਬੁੱਧ। ਇੱਕ ਇਲਾਹੀ ਆਵੇਸ਼ ਮਨੁੱਖ ’ਤੇ ਤਾਰੀ ਹੁੰਦਾ ਹੈ। ਇਸ ਦੀ ਲੋਰ ਵਿੱਚ ਮਨੁੱਖ ਲਈ ਜੀਵਨ-ਸਫ਼ਰ ਵਿੱਚ ਸੁੰਦਰਤਾ ਤੇ ਸੰਵੇਦਨਾ ਦਾ ਅਜਿਹਾ ਅਹਿਸਾਸ ਹੁੰਦਾ ਕਿ ਉਹ ਖੁ਼ਦ ਵਿੱਚ ਹੀ ਸੰਤੁਸ਼ਟ ਤੇ ਸਹਿਜ ਦਾ ਸਿਰਨਾਵਾਂ ਹੋ ਜਾਂਦਾ ਹੈ। ਖੁ਼ਦ ਦਾ ਖੁ਼ਦ ਨਾਲ ਜੁੜਨਾ ਹਰ ਮਨੁੱਖ ਦੀ ਲੋੜ ਹੈ, ਪਰ ਬਹੁਤ ਵਿਰਲੇ ਹੀ ਹੁੰਦੇ ਹਨ ਜਿਹੜੇ ਇਸ ਅਹਿਸਾਸ ਨੂੰ ਜਿਉਣ ਲਈ ਆਪਣੇ ਆਪ ਨੂੰ ਨਿਵੇਕਲੇ ਅਤੇ ਨਰੋਏ ਰਾਹਾਂ ਲਈ ਤਿਆਰ ਕਰਦੇ ਰਹਿਣ।News Source link
#ਖਦ #ਨਲ #ਰਬਰ

- Advertisement -

More articles

- Advertisement -

Latest article