16 C
Patiāla
Thursday, December 7, 2023

ਕਰਾਮਾਤੀ ਥੱਪੜ

Must read


ਗੁਰਮਲਕੀਅਤ ਸਿੰਘ ਕਾਹਲੋਂ

ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸਨ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿੱਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿੱਚ ਉਹ ਚੰਗੇ ਨੰਬਰ ਲੈਣ ਲੱਗਦੇ। ਮਾਨਸਿਕ ਤੌਰ ’ਤੇ ਸਮੇਂ ਦੇ ਹਾਣੀ ਬਣਾਉਣ ਅਤੇ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਬਣਾਉਣ ਲਈ ਉਹ ਵਿਦਿਆਰਥੀਆਂ ਨੂੰ ਵਿਸ਼ਾ-ਮਾਹਿਰਾਂ ਦੇ ਰੂਬਰੂ ਕਰਾਉਂਦੇ ਰਹਿੰਦੇ। ਇੰਜ ਜਵਾਨੀ ਵੱਲ ਪੈਰ ਪੁੱਟਦੇ ਮੁੰਡੇ-ਕੁੜੀਆਂ ਸਰੀਰਕ ਜਾਣਕਾਰੀ ਪ੍ਰਤੀ ਰੁਚਿਤ ਹੋਣ ਲੱਗਦੇ। ਮਾਸਟਰ ਜੀ ਸਮਝਦੇ ਸਨ ਕਿ ਬਹੁਤੇ ਸਕੂਲਾਂ ਵਿੱਚ ਚੜ੍ਹਦੀ ਉਮਰੇ ਲੜਕੀਆਂ ਦੀਆਂ ਸਰੀਰਕ ਕਿਰਿਆਵਾਂ ਵਿੱਚ ਹੋਣ ਵਾਲੇ ਬਦਲਾਵਾਂ ਬਾਰੇ ਉਨ੍ਹਾਂ ਨੂੰ ਅਗਾਊਂ ਸਿੱਖਿਅਕ ਕਰਨ ਦੀ ਜ਼ਰੂਰਤ ਨੂੰ ਗੌਲਿਆ ਨਹੀਂ ਜਾਂਦਾ। ਇਸੇ ਲਈ ਉਨ੍ਹਾਂ ਇਹ ਜ਼ਿੰਮੇਵਾਰੀ ਮੈਡਮ ਪਰਮਜੀਤ ਨੂੰ ਸੌਂਪ ਦਿੱਤੀ ਤੇ ਰੋਜ਼ ਦਾ ਇੱਕ ਪੀਰੀਅਡ ਇਸ ਵਾਸਤੇ ਦੇ ਦਿੱਤਾ ਸੀ। ਉਸ ਪੀਰੀਅਡ ਵਿੱਚ ਹਰ ਕੁੜੀ ਬੇਝਿੱਜਕ ਹੋ ਕੇ ਮਨ ਦੇ ਸਵਾਲ ਮੈਡਮ ਤੋਂ ਪੁੱਛ ਸਕਦੀ। ਕੁੜੀਆਂ ਦੀ ਝਿੱਜਕ ਲਾਹੁਣ ਲਈ ਮੈਡਮ ਉਨ੍ਹਾਂ ਦੀ ਗੱਲ ਇਕੱਲਿਆਂ ਸੁਣਦੇ ਤੇ ਅਪਣੱਤ ਜਿਤਾ ਕੇ ਉਨ੍ਹਾਂ ਦੇ ਮਨਾਂ ’ਚੋਂ ਝਾਕਾ ਲਾਹ ਲੈਂਦੇ। ਮੈਡਮ ਨੂੰ ਕੁੜੀਆਂ ਦੇ ਮਨਾਂ ਵਿੱਚ ਨਵੀਆਂ ਗੱਲਾਂ ਸਿੱਖਣ ਦਾ ਜਗਿਆਸੂ ਦੀਵਾ ਬਾਲਣ ਦਾ ਢੰਗ ਵੀ ਆਉਂਦਾ ਸੀ। ਸਕੂਲ ਦੀਆਂ ਸਭ ਕੁੜੀਆਂ ਦੇ ਮਨਾਂ ’ਚ ਮੈਡਮ ਪਰਮਜੀਤ ਨਾਲ ਅਪਣੱਤ ਵਾਲੀ ਸੋਚ ਤੇ ਸਾਂਝ ਬਣ ਜਾਂਦੀ।

ਹਰਮੀਤ ਨੇ ਦਸਵੀਂ ਉਸੇ ਸਕੂਲ ’ਚੋਂ ਕੀਤੀ ਸੀ। ਅਗਲੀ ਪੜ੍ਹਾਈ ਲਈ ਉਸ ਨੇ ਪਿੰਡੋਂ ਦੂਰ ਸ਼ਹਿਰ ਵਾਲੇ ਕਾਲਜ ਦਾਖਲ ਹੋਣਾ ਸੀ। ਮਾਂ- ਪਿਓ ਹਰਮੀਤ ਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਸਨ, ਪਰ ਰੋਜ਼ ਛਪਦੀਆਂ ਤੇ ਸੁਣੀਂਦੀਆਂ ਬੁਰੀਆਂ ਖ਼ਬਰਾਂ ਉਨ੍ਹਾਂ ਨੂੰ ਦੁਚਿੱਤੀ ’ਚ ਪਾਉਂਦੀਆਂ। ਉਹ ਧੀ ਦੇ ਨਤੀਜੇ ਤੋਂ ਬਾਅਦ ਉਸ ਦੇ ਭਵਿੱਖ ਅਤੇ ਤੌਖਲਿਆਂ ਨੂੰ ਤੱਕੜੀ ਦੇ ਪੱਲਿਆਂ ਵਾਂਗ ਤੋਲਣ ਲੱਗ ਜਾਂਦਾ। ਹਰ ਵਾਰ ਉਸ ਮੂਹਰੇ ਧੀ ਦੇ ਚੰਗੇ ਭਵਿੱਖ ਵਾਲਾ ਪਲੜਾ ਭਾਰੀ ਹੋ ਜਾਂਦਾ।

ਉਸ ਦਿਨ ਗਰਮੀ ਸਿਖਰ ’ਤੇ ਸੀ। ਖੇਤਾਂ ’ਚੋਂ ਆ ਕੇ ਪ੍ਰੀਤਮ ਵਿਹੜੇ ਵਾਲੀ ਨਿੱਮ ਦੇ ਤਣੇ ਨਾਲ ਜੋੜ ਕੇ ਡੱਠੇ ਹੋਏ ਤਖ਼ਤਪੋਸ਼ ’ਤੇ ਬੈਠ ਗਿਆ। ਮਹਿੰਦਰ ਕੌਰ ਪਾਣੀ ਲੈ ਕੇ ਆਈ ਤਾਂ ਉਸ ਨੇ ਜੱਗ ਗਲਾਸ ਪਾਸੇ ਰਖਵਾ ਕੇ ਉਸ ਨੂੰ ਕੋਲ ਬੈਠਾ ਲਿਆ।

“ਕੀ ਗੱਲ ਮੀਤੋ ਦੇ ਡੈਡੀ, ਅੱਜ ਭੰਗ ਤੇ ਨਹੀਂ ਪਿਆ ’ਤੀ ਕਿਸੇ ਨੇ।”

“ਨਹੀਂ ਕਰਮਾਂ ਵਾਲੀਏ, ਹਰੇ ਪੱਤਿਆਂ ਵਾਲੀ ਭੰਗ ਤਾਂ ਨਹੀਂ ਪੀਤੀ, ਪਰ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਵਾਲੀ ਭੰਗ ਆਪਣੇ ਮਨ ਵਿੱਚ ਜ਼ਰੂਰ ਬੀਜ ਲਈ ਏ, ਜਿਸ ਦਾ ਨਸ਼ਾ ਹੁਣ ਸਾਨੂੰ ਉਡਾਈ ਫਿਰਿਆ ਕਰੂ।’’ ਪ੍ਰੀਤਮ ਸਹਿਜ-ਸੁਭਾਅ ਬੋਲ ਗਿਆ।

ਧੀ ਦੇ ਸੁਪਨਿਆਂ ਵਾਲੀ ਗੱਲ ’ਚੋਂ ਮਹਿੰਦਰੋ ਨੇ ਸਮਝਿਆ, ਕਿਸੇ ਚੰਗੇ ਰਿਸ਼ਤੇ ਦੀ ਦਸ ਪਈ ਹੋਊ ਮੀਤੋ ਲਈ। ਉਹ ਪਤੀ ਦੀਆਂ ਅੱਖਾਂ ’ਚੋਂ ਉਸ ਦੀ ਗੱਲ ਦੀ ਰਮਜ਼ ਪੜ੍ਹਨ ਲੱਗੀ, ਪਰ ਸੂਈ ਰਿਸ਼ਤੇ ਵਾਲੀ ਗੱਲ ਤੋਂ ਅਗਾਂਹ ਨਹੀਂ ਸੀ ਤੁਰ ਰਹੀ। ਪ੍ਰੀਤਮ ਸਿੰਘ ਨਿੰਮ ਨਾਲ ਢੋਅ ਲਾ ਕੇ ਲੱਤਾਂ ਨਿਸਾਰ ਕੇ ਆਰਾਮ ਨਾਲ ਬੈਠ ਗਿਆ। ਉਹ ਹੈਰਾਨ ਵੀ ਸੀ ਕਿ ਮਹਿੰਦਰੋ ਨੇ ਅਗਲਾ ਸਵਾਲ ਅਜੇ ਪੁੱਛਿਆ ਕਿਉਂ ਨਹੀਂ।

“ਆਪਾਂ ਮੀਤੋ ਨੂੰ ਉਦੋਂ ਤੱਕ ਪੜ੍ਹਾਵਾਂਗੇ, ਜਦੋਂ ਤੱਕ ਉਹ ਆਪ ਨਾਂਹ ਨਈ ਕਰੂਗੀ।’’ ਪ੍ਰੀਤਮ ਸਿਉਂ ਦੇ ਮਨ ਦੀ ਗੱਲ ਜ਼ੁਬਾਨ ’ਤੇ ਆ ਗਈ।

“ਮੀਤੋ ਦੇ ਡੈਡੀ ਐਨਾ ਖਰਚਾ ਕਰਲਾਂਗੇ ਆਪਾਂ, ਹੋਰ ਚਹੁੰ ਸਾਲਾਂ ਨੂੰ ਬੱਬੀ ਨੇ ਦਸਵੀਂ ਕਰ ਲੈਣੀ ਆਂ। ਸੁੱਖ ਨਾਲ ਲਾਡੇ ਨੂੰ ਅਗਲੇ ਸਾਲ ਹਾਈ ਸਕੂਲੇ ਪਾਉਣਾ ਪੈਣਾ।’’

ਉਂਜ ਮਹਿੰਦਰੋ ਕਦੇ ਕਦੇ ਉਸ ਦੇ ਮਨ ਵਿੱਚ ਸੋਹਣੇ ਜਿਹੇ ਦਫ਼ਤਰ ਵਿਚਲੀ ਵੱਡੀ ਸਾਰੀ ਕੁਰਸੀ ਉੱਤੇ ਬੈਠੀ ਆਪਣੀ ਧੀ ਦਾ ਅਕਸ ਵੀ ਉੱਭਰਦਾ ਸੀ। ਉੱਧਰ ਪ੍ਰੀਤਮ ਸਿੰਘ ਅੱਜ ਪਤਨੀ ਨੂੰ ਸਾਰਾ ਕੁਝ ਦੱਸਣ ਦੇ ਰੌਂਅ ਵਿੱਚ ਸੀ। ਇਸ ਤੋਂ ਪਹਿਲਾਂ ਕਿ ਉਹ ਅਗਲਾ ਸਵਾਲ ਕਰਦੀ, ਉਹ ਦੱਸਣ ਲੱਗਾ,

“ਅੱਜ ਮੀਤੋ ਦੀ ਸਕੂਲ ਵਾਲੀ ਮੈਡਮ ਦਾ ਫੋਨ ਆਇਆ ਸੀ। ਉਸ ਨੇ ਮੇਰੇ ਉਹ ਸਾਰੇ ਭੁਲੇਖੇ ਦੂਰ ਕਰਤੇ, ਜੋ ਅਸੀਂ ਕੁੜੀਆਂ ਬਾਰੇ ਸੁਣਦੇ ਰਹਿਨੇ ਆਂ। ਉਹਦਾ ਸਾਡੀ ਧੀ ’ਤੇ ਐਡਾ ਵੱਡਾ ਭਰੋਸਾ ਸੁਣ ਕੇ ਮੇਰੀਆਂ ਤਾਂ ਅੱਖਾਂ ਈ ਅੱਜ ਖੁੱਲ੍ਹੀਆਂ। ਚਾਰ ਸਾਲ ਪੜ੍ਹਾਉਣ ਵਾਲੀ ਮੈਡਮ ਨੂੰ ਸਾਡੀ ਮੀਤੋ ’ਤੇ ਐਨਾ ਭਰੋਸਾ ਆ, ਪਰ ਆਪਾਂ ਮਾਂ-ਪਿਉ ਹੋ ਕੇ ਵੀ ਡਰੀ ਜਾਂਦੇ ਸੀ। ਮੈਂ ਕੱਲ੍ਹ ਪਰਸੋਂ ਆੜ੍ਹਤੀ ਕੋਲ ਜਾਊਂਗਾ ਤੇ ਮੀਤੋ ਨੂੰ ਸਕੂਟਰੀ ਲੈ ਦਿਆਂਗੇ। ਮੈਡਮ ਕਹਿੰਦੀ ਸੀ ਕਿ ਅਗਲੇ ਸੋਮਵਾਰ ਨੂੰ ਕਾਲਜਾਂ ਦੇ ਦਾਖਲੇ ਖੁੱਲ੍ਹ ਜਾਣੇ ਆਂ।’’

ਪ੍ਰੀਤਮ ਨੇ ਸਾਰੀ ਵਿਉਂਤਬੰਦੀ ਪਤਨੀ ਨਾਲ ਸਾਂਝੀ ਕਰ ਲਈ ਤਾਂ ਕਿ ਕੁੜੀ ਦੀ ਮਾਂ ਦੇ ਮਨ ਵਿੱਚ ਕੋਈ ਤੌਖਲਾ ਨਾ ਰਹਿ ਜਾਏ। ਨਿੰਮ ਦੀ ਸੰਘਣੀ ਛਾਂ ਹੇਠ ਬੈਠ ਕੇ ਬੱਚਿਆਂ ਦੇ ਭਵਿੱਖ ਦੀ ਵਿਉਂਤਬੰਦੀ ਕਰਦਿਆਂ ਦੋਹਾਂ ਨੂੰ ਪਤਾ ਈ ਨਾ ਲੱਗਾ ਕਿ ਢਲਦੇ ਪਰਛਾਵੇਂ ਕਿੰਨੇ ਲੰਮੇ ਹੋ ਗਏ ਹੋਏ ਸੀ।

ਮਹਿੰਦਰੋ ਕਾਹਲੀ ਵਿੱਚ ਉੱਠੀ ਤੇ ਚੁੱਲ੍ਹੇ ਦੀ ਪੱਕ ਰਹੀ ਸਬਜ਼ੀ ਨੂੰ ਵੇਖਿਆ ਤੇ ਰੋਟੀਆਂ ਲਾਹੁਣ ਲੱਗ ਪਈ। ਉਸ ਤੋਂ ਪਹਿਲਾਂ ਉਹ ਅੰਦਰ ਜਾ ਕੇ ਵੇਖ ਆਈ ਸੀ ਕਿ ਮੀਤੋ ਸੁੱਤੀ ਪਈ ਸੀ।

“ਲੈ ਮੇਰੀ ਲਾਡੋ ਭੁੱਖਣਭਾਣੀ ਸੌਂ ਗੀ। ਮੈਨੂੰ ’ਵਾਜ਼ ਈ ਮਾਰ ਲੈਂਦੀ ?” ਤੇ ਉਹ ਆਪਣੇ ਆਪ ਨੂੰ ਹੋਰ ਕਿੰਨਾ ਕੁਝ ਕਹਿ ਗਈ।

ਅਗਲੇ ਦੋ-ਤਿੰਨ ਦਿਨ ਮਹਿੰਦਰੋ ਧੀ ਦੀਆਂ ਕਾਲਜ ਤਿਆਰੀਆਂ ’ਚ ਰੁੱਝੀ ਰਹੀ। ਹਰਮੀਤ ਨੂੰ ਕਾਲਜ ਜਾਣ ਦੇ ਚਾਅ ਦੇ ਨਾਲ ਨਾਲ ਇਹ ਵੀ ਚੰਗਾ ਲੱਗ ਰਿਹਾ ਸੀ ਕਿ ਉੱਥੇ ਵਰਦੀ ਵਾਲਾ ਟੰਟਾ ਮੁੱਕ ਜਾਣਾ। ਦਾਖਲੇ ਖੁੱਲ੍ਹਦਿਆਂ ਈ ਪਿਉ-ਧੀ ਕਾਲਜ ਗਏ ਤੇ ਰਸਮੀ ਫਾਰਮ ਭਰਕੇ ਫੀਸ ਜਮ੍ਹਾਂ ਕਰਵਾ ਦਿੱਤੀ। ਸ਼ਹਿਰੋਂ ਮੁੜਦੇ ਹੋਏ ਉਹ ਸਕੂਟਰੀ ਖਰੀਦ ਲਿਆਏ। ਦੋ ਦਿਨਾਂ ਵਿੱਚ ਪ੍ਰੀ਼ਤਮ ਨੇ ਹਰਮੀਤ ਦੇ ਹੱਥ ਸਿੱਧੇ ਕਰਵਾ ਦਿੱਤੇ। ਇਸ ਨਾਲ ਧੀ ਦੇ ਆਉਣ-ਜਾਣ ਦਾ ਫਿਕਰ ਮੁੱਕ ਗਿਆ।

ਹਰ ਕਲਾਸ ਵਿੱਚ ਹਰਮੀਤ ਚੰਗੇ ਨੰਬਰ ਲੈ ਕੇ ਪਾਸ ਹੁੰਦੀ। ਉਹ ਕਾਲਜ ਦੀਆਂ ਹੋਰ ਗਤੀਵਿਧੀਆਂ ਵਿੱਚ ਹਿੱਸੇਦਾਰ ਬਣਦੀ। ਸਾਲ-ਦਰ-ਸਾਲ ਉਨ੍ਹਾਂ ਦੇ ਘਰ ਦੀ ਬੈਠਕ ਵਾਲੀ ਪੜਛੱਤੀ ’ਤੇ ਟਰਾਫੀਆਂ ਦੀ ਗਿਣਤੀ ਵਧਦੀ ਗਈ। ਪ੍ਰੀਤਮ ਸਿੰਘ ਪਿੰਡ ਵਿੱਚ ਸਿਰ ਉੱਚਾ ਕਰਕੇ ਤੁਰਨ ਲੱਗ ਪਿਆ। ਪੰਜ ਸਾਲ ਕਦੋਂ ਲੰਘ ਗਏ ਉਨ੍ਹਾਂ ਨੂੰ ਪਤਾ ਈ ਨਾ ਲੱਗਾ। ਕਾਲਜ ’ਚੋਂ ਫਸਟ ਆਉਣ ਕਰਕੇ ਕਾਲਾ ਗਾਉਨ ਅਤੇ ਸਿਰ ’ਤੇ ਹੈਟ ਪਾ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੱਥੋਂ ਡਿਗਰੀ ਲੈਂਦੀ ਹਰਮੀਤ ਦੀ ਫੋਟੋ ਅਗਲੇ ਦਿਨ ਅਖ਼ਬਾਰਾਂ ਵਿੱਚ ਛਪੀ। ਚਾਅ ਵਿੱਚ ਖੀਵੇ ਹੋਏ ਮਾਪਿਆਂ ਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ।

ਗ੍ਰੈਜੂਏਸ਼ਨ ਤੋਂ ਬਾਅਦ ਹਰਮੀਤ ਨੇ ਇੱਕ ਸਾਲ ਬਰੇਕ ਲਾ ਕੇ ਅਗਲੇ ਕਦਮ ਦਾ ਫੈਸਲਾ ਲਿਆ ਸੀ। ਉਹ ਕੁਝ ਅਜਿਹਾ ਕਰਨ ਬਾਰੇ ਸੋਚਣ ਲੱਗੀ, ਜਿਸ ਨਾਲ ਉਸ ਦੇ ਬਾਪ ’ਤੇ ਬਹੁਤਾ ਵਿੱਤੀ ਬੋਝ ਨਾ ਪਵੇ। ਪਰ ਉਸ ਦੀ ਅਖ਼ਬਾਰ ਵਿੱਚ ਛਪੀ ਫੋਟੋ ਤੋਂ ਬਾਅਦ ਉਸ ਦੇ ਰਿਸ਼ਤੇ ਦੀ ਗੱਲ ਹੋਣ ਲੱਗ ਪਈ। ਇੱਕ ਦਿਨ ਮਹਿੰਦਰੋ ਤੇ ਪ੍ਰੀਤਮ ਸਿੰਘ ਨੇ ਮੀਤੋ ਨੂੰ ਕੋਲ ਬਹਾਕੇ ਉਸ ਦਾ ਮਨ ਟੋਹਿਆ।

ਹਰਮੀਤ ਨੇ ਆਪਣਾ ਮਨ ਮਾਪਿਆਂ ਮੂਹਰੇ ਫਰੋਲ ਦਿੱਤਾ, “ਜਿਹੜਾ ਮੁੰਡਾ ਤੁਹਾਡੀ ਪਸੰਦ ਹੋਵੇ, ਉਸ ਤੋਂ ਇਹ ਵਾਅਦਾ ਲੈ ਲਿਓ ਕਿ ਵਿਆਹ ਤੋਂ ਬਾਅਦ ਉਹ ਅਤੇ ਉਸ ਦੇ ਮਾਪੇ ਮੇਰੀ ਪੜ੍ਹਾਈ ਕਰਨ ਵਿੱਚ ਅੜਿੱਕੇ ਨਾ ਡਾਹੁਣ।’’ ਹਰਮੀਤ ਦੀ ਹਾਂ ਤੋਂ ਬਾਅਦ ਰਿਸ਼ਤੇ ਦੀ ਪੁੱਛ ਦੱਸ ਵਧਣ ਲੱਗ ਪਈ। ਇੱਕ ਦਿਨ ਹਰਮੀਤ ਦੀ ਮਾਸੀ ਆਪਣੀ ਨਣਦ ਨੂੰ ਲੈ ਕੇ ਆ ਗਈ। ਮਾਸੀ ਪਹਿਲਾਂ ਤਾਂ ਨਣਦ ਦੇ ਪਰਿਵਾਰ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੀ ਰਹੀ ਤੇ ਆਖਰ ਅਸਲੀ ਗੱਲ ’ਤੇ ਆ ਗਈ।

ਪ੍ਰੀਤਮ ਸਿੰਘ ਤੇ ਮਹਿੰਦਰੋ ਨੇ ਸੋਚਣ ਲਈ ਥੋੜ੍ਹਾ ਟਾਈਮ ਮੰਗੇ ਜਾਣ ’ਤੇ ਮਾਸੀ ਨੇ, “ਚੱਲ ਰਾਤ ਤੱਕ ਕਰ ਲਿਓ, ਜਿਸ ਨਾਲ ਸਲਾਹ ਕਰਨੀ ਆ ਤੇ ਸਵੇਰੇ ਜਾ ਕੇ ਮੁੰਡਾ ਵੇਖ ਆਇਓ।’’ ਵਾਲਾ ਹੁਕਮ ਚਾੜ੍ਹਦਿਆਂ ਦੱਸ ਦਿੱਤਾ ਕਿ ਉਹ ਰਾਤ ਰਹਿਣਗੀਆਂ।

ਲਿਹਾਜ਼ਦਾਰੀ ਸੁਭਾਅ ਵਾਲੇ ਪ੍ਰੀਤਮ ਸਿੰਘ ਨੇ ਵੱਡੀ ਸਾਲੀ ਦਾ ਮਾਣ ਰੱਖਣ ਬਾਰੇ ਸੋਚ ਕੇ ਅਗਲੇ ਦਿਨ ਮੁੰਡੇ ’ਤੇ ਝਾਤੀ ਮਾਰਨ ਦੀ ਹਾਂ ਕਰ ਦਿੱਤੀ। ਰਾਤ ਨੂੰ ਦੋਹਾਂ ਜੀਆਂ ਨੇ ਫਿਰ ਧੀ ਦਾ ਮਨ ਟੋਹਿਆ ਤੇ ਅਗਲੇ ਦਿਨ ਮਿੱਥੇ ਸਮੇਂ ਉਹ ਹਮੀਰੇ ਪਹੁੰਚ ਗਏ। ਦੋਹੇਂ ਜੀਅ ਇਹ ਤਾਂ ਸੋਚ ਕੇ ਆਏ ਸੀ ਕਿ ਜੇ ਕੋਈ ਵੱਡੀ ਖਰਾਬੀ ਨਾ ਹੋਈ ਤਾਂ ਪਿਛਾਂਹ ਨਈਂ ਹਟਿਆ ਜਾਣਾ। ਹਰਮੀਤ ਦੀ ਵੇਖਾ ਵਿਖਾਈ ਬਾਰੇ ਮੁੰਡੇ (ਕੁਲਵਿੰਦਰ) ਨੇ ਇਹ ਕਹਿਕੇ ਤਸੱਲੀ ਕਰਵਾਤੀ ਕਿ ਉਸ ਨੇ ਹਰਮੀਤ ਨੂੰ ਗਿੱਧਾ ਮੁਕਾਬਲੇ ਵਿੱਚ ਵੇਖਿਆ ਹੋਇਆ। ਰਿਸ਼ਤੇ ਦੀ ਪੱਕ-ਠੱਕ ਕਰਕੇ ਵਧਾਈਆਂ ਲੈਂਦੇ ਹੋਏ ਉਹ ਘਰ ਆਏ ਤੇ ਮੀਤੋ ਨੂੰ ਸਾਰਾ ਕੁਝ ਦੱਸ ਦਿੱਤਾ।

ਕੁਝ ਦਿਨਾਂ ਬਾਅਦ ਮੀਤੋ ਦੀ ਮਾਸੀ ਆਈ ਤੇ ਮੁੰਡੇ ਵਾਲਿਆਂ ਦੀਆਂ ਸਿਫਤਾਂ ਦੇ ਢੇਰ ਲਾਉਂਦਿਆਂ ਵਿਆਹ ਮੌਕੇ ਉਨ੍ਹਾਂ ਦਾ ਨੱਕ ਰੱਖਣਾ ਮਨਾਉਣ ਲੱਗੀ। ਮਿਲਣੀਆਂ ਕਿੰਨੀਆਂ ਤੇ ਕੀ-ਕੀ ਪਾਉਣਾ, ਕਾਰ ਕਿਹੜੀ ਦਿਉਗੇ, ਬਰਾਤ ਦੀ ਸੇਵਾ ਤੇ ਹੋਰ ਲੱਟੜ-ਪੱਟੜ ਗਿਣਾਉਣ ਲੱਗ ਪਈ। 16 ਲੱਖ ਤੋਂ ਕੁਝ ਹੇਠਾਂ ਆ ਕੇ ਉਹ 10 ਲੱਖ ਵਾਲੀ ਕਾਰ ’ਤੇ ਤਾਂ ਅੜ ਗਈ। ਵਿਆਹ ਵਿੱਚ ਦੇਣ-ਲੈਣ ਤਾਂ ਪ੍ਰੀਤਮ ਸਿੰਘ ਨੇ ਪਹਿਲਾਂ ਸੋਚੇ ਹੋਏ ਸੀ, ਰਹਿੰਦੇ ਉਸ ਦੀ ਸਾਲੀ ਪੱਕੇ ਕਰ ਗਈ। ਪਰ ਸਾਲੀ ਤੋਂ ਵਿਆਹ ਆਉਂਦੀ ਹਾੜ੍ਹੀ ਸਾਂਭਣ ਤੋਂ ਬਾਅਦ ਕਰਨ ਦੀ ਹਾਂ ਉਸ ਨੇ ਕਰਵਾ ਲਈ। ਕੁਲਵਿੰਦਰ ਨੇ ਮਾਮੀ ਨੂੰ ਪੱਕਿਆਂ ਕੀਤਾ ਸੀ ਕਿ ਹਰਮੀਤ ਦਾ ਨੰਬਰ ਲੈ ਕੇ ਆਵੇ ਤੇ ਪਰ ਜੁਗਿੰਦਰੋ ਨੇ ਲੱਗਦੇ ਹੱਥ ਭੈਣ ਤੇ ਜੀਜੇ ਤੋਂ ਦੋਹਾਂ ਦੀ ਗੱਲਬਾਤ ਦੀ ਹਾਮੀ ਭਰਵਾ ਲਈ।

ਭੈਣ-ਭਣੌਈਏ ਤੋਂ ਸ਼ਰਤਾਂ ਮੰਨਵਾ ਕੇ ਜੁਗਿੰਦਰੋ ਨੇ ਆਪਣੇ ਘਰ ਜਾਣ ਤੋਂ ਪਹਿਲਾਂ ਨਣਦ ਦੇ ਪਿੰਡ ਜਾਣ ਵਾਲੀ ਬੱਸ ਫੜੀ। ਨਣਦ ਨੇ ਮੀਤੋ ਦਾ ਨੰਬਰ ਆਪਣੇ ਫੋਨ ਵਿੱਚ ਸੇਵ ਕਰ ਲਿਆ। ਮੀਤੋ ਦਾ ਫੋਨ ਨੰਬਰ ਮਿਲਣ ਤੋਂ ਬਾਅਦ ਕਿੰਦੇ ਲਈ ਸਬਰ ਔਖਾ ਹੋਇਆ ਪਿਆ ਸੀ। ਜੱਕੋ-ਤੱਕੀ ਕਰਦਿਆਂ ਕਿੰਨੀ ਵਾਰ ਉਸ ਨੇ ਮੀਤੋ ਦਾ ਨੰਬਰ ਕੱਢਿਆ, ਪਰ ਕਾਲ ਉੱਤੇ ਉਂਗਲ ਮਾਰਨ ਤੋਂ ਝਕ ਜਾਂਦਾ। ਆਖਰ ਬੇਸਬਰਾ ਹੋ ਕੇ ਲਾਈਨ ਮੀਤੋ ਨਾਲ ਜੋੜ ਲਈ। ਟਰੀਂ-ਟਰੀਂ ਸੁਣਕੇ ਮੀਤੋ ਅਣਜਾਣ ਨੰਬਰ ਨੂੰ ਰਿਜੈਕਟ ਕਰਨ ਈ ਲੱਗੀ ਸੀ, ਤਾਂ ਖਿਆਲ ਆ ਗਿਆ, ਉਸ ਦਾ ਮੰਗੇਤਰ ਨਾ ਹੋਵੇ। ਉਸ ਨੇ ਸੁਣ ਲਿਆ। ਮੀਤੋ ਹੈਲੋ ਕਹਿਣ ਈ ਲੱਗੀ ਸੀ ਕਿ ਕਿੰਦਾ ਬੋਲ ਪਿਆ,

“ਜੀ ਮੈਂ ਹਰਮੀਤ ਨਾਲ ਗੱਲ ਕਰ ਸਕਦਾਂ ?’’

“ਹਾਂਜੀ, ਮੈਂ ਹਰਮੀਤ ਹੀ ਆਂ, ਆਪਣੇ ਬਾਰੇ ਦਸੋ।’’

“ਹਰਮੀਤ ਜੀ, ਮੈਂ ਕੁਲਵਿੰਦਰ ਬੋਲ ਰਿਹਾਂ ਹਮੀਰੇ ਤੋਂ, ਮਾਮੀ ਜੀ ਤੁਹਾਡਾ ਨੰਬਰ ਦੇ ਗਏ ਸੀ, ਉਨ੍ਹਾਂ ਈ ਫੋਨ ਕਰਨ ਲਈ ਕਿਹਾ ਸੀ।’’ ਕਿੰਦੇ ਨੇ ਆਪਣੀ ਕਾਹਲ ਦਾ ਠੀਕਰਾ ਮਾਮੀ ਸਿਰ ਭੰਨ ਦਿੱਤਾ।

ਇਸ ਤੋਂ ਪਹਿਲਾਂ ਕਿ ਹਰਮੀਤ ਕੋਈ ਗੱਲ ਕਰਦੀ, ਕਿੰਦਾ ਹੀ ਬੋਲ ਪਿਆ, “ਅੱਜ-ਕੱਲ੍ਹ ਕੀ ਕਰਦੇ ਹੁੰਦੇ ਓ ਤੁਸੀਂ, ਕਿਵੇਂ ਦਿਨ ਲੰਘਦੇ ਨੇ।’’ ਪਹਿਲੀ ਵਾਰ ਕਿਸੇ ਮਰਦ ਨਾਲ ਗੱਲ ਤੋਂ ਹਰਮੀਤ ਨੂੰ ਝਾਕਾ ਲੱਗ ਰਿਹਾ ਸੀ, ਫਿਰ ਵੀ ਉਹ ਕਿੰਦੇ ਦੇ ਸਵਾਲਾਂ ਦੇ ਸੰਕੋਚਵੇਂ ਜਵਾਬ ਦੇਈ ਗਈ।

ਫਿਰ ਫੋਨ ’ਤੇ ਗੱਲਬਾਤ ਦਾ ਸਿਲਸਿਲਾ ਦਿਨ ਵਿੱਚ ਚਾਰ-ਪੰਜ ਵਾਰ ਤੱਕ ਪਹੁੰਚ ਗਿਆ। ਰਿਸ਼ਤਾ ਪੱਕਾ ਹੋਏ ਨੂੰ ਮਹੀਨਾ ਕੁ ਲੰਘਿਆ ਸੀ ਕਿ ਕਿੰਦੇ ਨੇ ਹਰਮੀਤ ਨੂੰ ਕਿਤੇ ਮਿਲਣ ਦਾ ਸੱਦਾ ਦੇ ਦਿੱਤਾ। ਕੁਝ ਦਿਨ ਤਾਂ ਹਰਮੀਤ ਟਾਲਦੀ ਰਹੀ, ਪਰ ਕਿੰਦੇ ਵੱਲੋਂ ਖਹਿੜੇ ਪੈਣ ’ਤੇ ਉਸ ਨੇ ਸਮਾਜ ਤੋਂ ਬਚਣ ਬਾਰੇ ਕਹਿ ਕੇ ਹਾਂ ਕਰ ਦਿੱਤੀ। ਹਰਮੀਤ ਦੀ ਹਾਂ ਅਤੇ ਪਰਦੇ ਵਾਲੀ ਗੱਲ ਸੁਣਕੇ ਕਿੰਦਾ ਖਿੜ ਗਿਆ। ਉਸ ਨੇ ਸ਼ਹਿਰ ਦੇ ਵੱਡੇ ਡਾਕਘਰ ਨੇੜਲੇ ਚੌਕ ਕੋਲ ਪਹੁੰਚਣ ਦੀ ਤਰੀਕ ਤੇ ਸਮਾਂ ਦੱਸਕੇ ਸੌਖੀ ਪਹਿਚਾਣ ਲਈ ਆਪਣਾ ਪਹਿਰਾਵਾ ਦੱਸ ਦਿੱਤਾ।

ਹਰਮੀਤ ਨੇ ਕਿੰਦੇ ਦੀ ਮੰਗ ਅਤੇ ਆਪਣੇ ਮੂੰਹੋ ਸਹਿਜਤਾ ਨਾਲ ਕਹਿ ਹੋਈ ਹਾਂ ਬਾਰੇ ਆਪਣੀ ਮੰਮੀ ਨੂੰ ਦੱਸਿਆ। ਬੱਚਿਆਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਦੇ ਹੋਏ ਮਹਿੰਦਰੋ ਨੇ ਹਾਮੀ ਭਰ ਦਿੱਤੀ ਤੇ ਹਰਮੀਤ ਮਿੱਥੇ ਸਮੇਂ ’ਤੇ ਡਾਕਘਰ ਕੋਲ ਪਹੁੰਚ ਗਈ। ਹਰਮੀਤ ਨੇ ਬੋਲਾਂ ਵਿੱਚ ਕਿਸੇ ਆਪਣੇ ਲਈ ਦਿੱਤੇ ਜਾਣ ਵਾਲਾ ਸਤਿਕਾਰ ਭਰਦਿਆਂ ਸਤਿ ਸ੍ਰੀ ਅਕਾਲ ਕਹਿੰਦਿਆਂ ਸਿਰ ਨਿਵਾਇਆ। ਕਿੰਦੇ ਨੇ ਇਕਾਂਤ ਬੈਠ ਕੇ ਗੱਲਾਂ ਕਰਨ ਬਾਰੇ ਕਹਿੰਦਿਆਂ ਹਰਮੀਤ ਨੂੰ ਸਕੂਟਰ ਪਿੱਛੇ ਬੈਠਾ ਲਿਆ। ਸ਼ਹਿਰ ਦੇ ਮਸ਼ਹੂਰ ਹੋਟਲ ਦੇ ਫੈਮਿਲੀ ਹਾਲ ਵਿੱਚ ਉਨ੍ਹਾਂ ਲੰਚ ਕੀਤਾ ਤੇ ਇਕੱਲੇ ਬੈਠਣ ਬਾਰੇ ਕਹਿ ਕੇ ਕਿੰਦਾ ਉਸ ਨੂੰ ਕਮਰੇ ਵਿੱਚ ਲੈ ਗਿਆ।

ਸੋਫੇ ’ਤੇ ਬੈਠਿਆਂ ਦੋਵੇਂ ਭਵਿੱਖ ਦੀਆਂ ਯੋਜਨਾਵਾਂ ਉਲੀਕਦੇ ਰਹੇ। ਗੱਲਾਂ ਕਰਦਿਆਂ ਹਰਮੀਤ ਦੀ ਝਿਜਕ ਲਹਿੰਦੀ ਗਈ। ਉਸ ਨੇ ਵਿਆਹ ਤੋਂ ਬਾਅਦ ਪੜ੍ਹਾਈ ਜਾਰੀ ਰੱਖਣ ਵਾਲੀ ਆਪਣੀ ਸ਼ਰਤ ਕਿੰਦੇ ਨੂੰ ਯਾਦ ਕਰਾਈ, ਜਿਸ ਦਾ ਉਸ ਨੇ ਤਸੱਲੀ ਵਾਲਾ ਜਵਾਬ ਨਾ ਦਿੱਤਾ। ਕਿੰਦੇ ਦੀਆਂ ਗੱਲਾਂ ਤੇ ਹਰਕਤਾਂ ਤੋਂ ਹਰਮੀਤ ਨੂੰ ਅਣਹੋਣੀ ਦੇ ਝਾਉਲੇ ਪੈਣ ਲੱਗੇ। ਜਿੰਨਾ ਕੁ ਉਹ ਆਪਣੇ ਆਪ ਨੂੰ ਪਰੇ ਖਿਸਕਾਉਂਦੀ, ਕਿੰਦਾ ਹੋਰ ਨੇੜੇ ਹੋ ਜਾਂਦਾ। ਹਰਮੀਤ ਨੂੰ ਸਕੂਲ ਵੇਲੇ ਮੈਡਮ ਪਰਮਜੀਤ ਦੀਆਂ ਸਿੱਖਿਆਵਾਂ, ਨਸੀਹਤਾਂ ਤੇ ਚਿਤਾਵਨੀਆਂ ਚੇਤੇ ਆਈਆਂ ਤੇ ਇੰਜ ਦੇ ਮੌਕੇ ਨਾ ਸੰਭਾਲੇ ਜਾਣ ਦੇ ਨਤੀਜਿਆਂ ਦਾ ਕਿਆਸ ਹੋਣ ਲੱਗਾ। ਉਸ ਨੇ ਸਭਿਅਕ ਜਿਹੇ ਸ਼ਬਦਾਂ ਵਿੱਚ ਕਿੰਦੇ ਨੂੰ ਆਪਾ ਸੰਭਾਲਣ ਲਈ ਕਿਹਾ। ਆਖਰ, ਹੁਣ ਚੱਲੀਏ, ਕਹਿਕੇ ਉਹ ਖੜ੍ਹੀ ਹੋਈ ਹੀ ਸੀ ਕਿ ਕਿੰਦਾ ਆਪਣੀ ਅਸਲੀ ਔਕਾਤ ’ਤੇ ਆ ਗਿਆ। ਹਰਮੀਤ ਨੇ ਉਸ ਦੀਆਂ ਅੱਖਾਂ ’ਚੋਂ ਸ਼ੈਤਾਨ ਭਾਂਪ ਲਿਆ। ਜਿਵੇਂ ਹੀ ਕਿੰਦੇ ਦੇ ਹੱਥ ਉਸ ਵੱਲ ਵਧੇ, ਕਿੰਦੇ ਦੀ ਗੱਲ੍ਹ ’ਤੇ ਵੱਜੇ ਕਰਾਰੇ ਥੱਪੜ ਨੇ ਉਸ ਦੀ ਸੁਰਤ ਭੁਲਾ ਦਿੱਤੀ। ਆਪਣੇ ਆਪ ਵਿੱਚ ਆਉਣ ’ਤੇ ਕਿੰਦੇ ਨੇ ਖਿੜਕੀ ਦੇ ਸ਼ੀਸ਼ੇ ਵਿੱਚੋਂ ਵੇਖਿਆ, ਤੇਜ਼ ਕਦਮ ਪੁੱਟਦੀ ਹੋਈ ਹਰਮੀਤ ਮੇਨ ਸੜਕੇ ਚੜ੍ਹ ਚੁੱਕੀ ਸੀ। ਬਾਥਰੂਮ ਜਾ ਕੇ ਉਸ ਨੇ ਸ਼ੀਸ਼ੇ ’ਚੋਂ ਆਪਣੇ ਚਿਹਰੇ ’ਤੇ ਨਜ਼ਰ ਮਾਰੀ, ਖੱਬੀ ਗੱਲ੍ਹ ’ਤੇ ਪਏ ਹਰਮੀਤ ਦੀਆਂ ਉਂਗਲਾਂ ਦੇ ਨਿਸ਼ਾਨ ਵੇਖ ਕੇ ਉਸ ਨੂੰ ਗਰਕ ਜਾਣ ਵਰਗਾ ਅਹਿਸਾਸ ਹੋਇਆ। ਮਰਦਾਵੀਂ-ਗੈਰਤ ਉਸ ਦਾ ਮੂੰਹ ਚਿੜਾ ਰਹੀ ਸੀ। ਉਸ ਨੂੰ ਪਤਾ ਈ ਨਾ ਲੱਗਾ ਕਦ ਉਸ ਨੇ ਸ਼ੀਸ਼ੇ ਉੱਤੇ ਥੁੱਕ ਦਿੱਤਾ। ਠੱਕ ਕਰਕੇ ਬੰਦ ਕੀਤੇ ਬਾਥਰੂਮ ਦੇ ਦਰਵਾਜ਼ੇ ਦਾ ਖੜਕਾ ਸੁਣ ਕੇ ਬਹਿਰੇ ਨੇ ਆ ਬੈਲ ਵਜਾਈ। ਗੱਲ੍ਹ ’ਤੇ ਰੁਮਾਲ ਫੇਰਦੇ ਹੋਏ ਉਸ ਨੇ ਦਰਵਾਜ਼ਾ ਖੋਲ੍ਹਿਆ। ਬਹਿਰੇ ਨੂੰ ਠੀਕ ਹਾਂ ਕਹਿ ਕੇ ਪਰੇਸ਼ਾਨ ਨਾ ਕਰਨ ਲਈ ਕਿਹਾ।

ਮੰਗੇਤਰ ਨੂੰ ਮਿਲਕੇ ਆਈ ਧੀ ਨੂੰ ਵੇਖਦਿਆਂ ਈ ਮਹਿੰਦਰੋ ਦਾ ਮੱਥਾ ਠਣਕਿਆ। ਕੀ ਹੋਇਆ ਪੁੱਛਣ ਲਈ ਉਸ ਦਾ ਗਲਾ ਸਾਥ ਨਹੀਂ ਸੀ ਦੇ ਰਿਹਾ। ਉਸ ਦਾ ਮਨ ਸਵਾਲਾਂ ਵਿੱਚ ਉਲਝ ਗਿਆ। ਇੱਕ ਗੱਲ ਸੋਚਦਿਆਂ ਕਿਸੇ ਨਤੀਜੇ ’ਤੇ ਨਾ ਪਹੁੰਚਦੀ ਕਿ ਹੋਰ ਸਵਾਲ ਪੈਦਾ ਹੋਣ ਲੱਗਦੇ। ਉਸ ਦੇ ਗਲ ਲੱਗੀ ਹਰਮੀਤ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਬਿਨਾਂ ਕੋਈ ਸਵਾਲ ਕੀਤੇ ਮਹਿੰਦਰੋ ਉਸ ਨੂੰ ਕਲਾਵੇ ਵਿੱਚ ਭਰਕੇ ਅੰਦਰ ਲੈ ਗਈ। ਸੋਫੇ ’ਤੇ ਬੈਠਕੇ ਵੀ ਹਰਮੀਤ ਦੀ ਪਕੜ ਢਿੱਲੀ ਨਹੀ ਸੀ ਹੋ ਰਹੀ। ਮਹਿੰਦਰੋ ਨੇ ਬੱਬੀ ਹੱਥੋਂ ਪਾਣੀ ਵਾਲਾ ਗਲਾਸ ਫੜਕੇ ਮੀਤੋ ਦੇ ਮੂੰਹ ਲਾਇਆ। ਪਾਣੀ ਪੀ ਕੇ ਉਹ ਆਪਣੇ ਆਪ ਵਿੱਚ ਆਉਣ ਲੱਗੀ ਤੇ ਮੰਮੀ ਤੋਂ ਕੁਝ ਵੀ ਲੁਕੋ ਨਾ ਰੱਖਿਆ। ਮਹਿੰਦਰੋ ਬਾਹਰ ਗਈ ਤੇ ਠਰ੍ਹੰਮੇ ਜਿਹੇ ਨਾਲ ਪ੍ਰੀਤਮ ਸਿੰਘ ਨੂੰ ਮਾਜਰੇ ਤੋਂ ਜਾਣੂੰ ਕਰਵਾ ਦਿੱਤਾ। ਗੁੱਸੇ ’ਤੇ ਕਾਬੂ ਪਾ ਕੇ ਤੇ ਠਰ੍ਹੰਮੇ ਵਿੱਚ ਆ ਕੇ ਉਸ ਨੇ ਸਾਲੀ ਨੂੰ ਫੋਨ ਲਾਇਆ। ਮੂਹਰਿਓਂ ਪੁੱਛੀ ਸੁੱਖ-ਸਾਂਦ ਦਾ ਜਵਾਬ ਦੇਣ ਦੀ ਥਾਂ ਉਸ ਨੇ ਉਸੇ ਵੇਲੇ ਹਮੀਰੇ ਵਾਲਿਆਂ ਨੂੰ ਰਿਸ਼ਤੇ ਦੀ ਨਾਂਹ ਪਹੁੰਚਾ ਦੇਣ ਬਾਰੇ ਕਹਿ ਕੇ ਫੋਨ ਕੱਟ ਦਿਤਾ।

ਥੱਪੜ ਖਾਣ ਤੋਂ ਬਾਅਦ ਕਿੰਦਾ ਜ਼ਖ਼ਮੀ ਸੱਪ ਵਾਂਗ ਵਿੱਸ ਘੋਲਦਾ ਰਿਹਾ। ਉਸ ਨੇ ਵਿਸਕੀ ਦੇ ਕਈ ਪੈੱਗ ਆਰਡਰ ਕੀਤੇ, ਪਰ ਨਸ਼ਾ ਨਹੀਂ ਸੀ ਹੋ ਰਿਹਾ। ਵਾਰ ਵਾਰ ਪੈੱਗ ਮੰਗੇ ਜਾਣ ਤੋਂ ਵੇਟਰਾਂ ਨੂੰ ਖਤਰਾ ਹੋ ਗਿਆ, ਕਿਤੇ ਹੋਟਲ ਵਿੱਚ ਕੋਈ ਚੰਦ ਨਾ ਚਾੜ੍ਹ ਦੇਵੇ। ਇੱਕ ਵੇਟਰ ਨੇ ਕਮਰਾ ਲੈਣ ਤੋਂ ਅੱਧੇ ਘੰਟੇ ਬਾਅਦ ਹਰਮੀਤ ਨੂੰ ਕਾਹਲੇ ਪੈਰੀਂ ਬਾਹਰ ਜਾਂਦਿਆਂ ਵੇਖਿਆ ਸੀ। ਉਸ ਨੇ ਮੈਨੇਜਰ ਨੂੰ ਦੱਸਿਆ ਤਾਂ ਉਸ ਨੂੰ ਹੋਰ ਸ਼ਰਾਬ ਤੋਂ ਮਨ੍ਹਾਂ ਕਰਕੇ ਕਮਰੇ ਦੀ ਹਰ ਗਤੀਵਿਧੀ ’ਤੇ ਨਜ਼ਰ ਰਖਵਾ ਦਿੱਤੀ। ਕਿੰਦੇ ਨੇ ਰਾਤ ਉਸਲਵੱਟੇ ਭੰਨਦਿਆਂ ਕੱਟੀ। ਸੀਨ ਚੇਤੇ ਕਰਦਿਆਂ ਈ ਉਸ ਨੂੰ ਹੋਰ ਥੱਪੜ ਵੱਜਦਾ ਮਹਿਸੂਸ ਹੁੰਦਾ। ਦੁਪਹਿਰੇ ਘਰ ਪਹੁੰਚਿਆ ਤਾਂ ਕਿਸੇ ਨੇ ਉਸ ਨੂੰ ਬੁਲਾਇਆ ਨਾ। ਉਸ ਦੀ ਮੰਮੀ ਨੇ ਕਿੱਥੋਂ ਆਇਆਂ ਬਾਰੇ ਨਾ ਪੁੱਛਿਆ। ਕਿੰਦੇ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਕੱਲ੍ਹ ਵਾਲੀ ਕਰਤੂਤ ਉਸ ਤੋਂ ਪਹਿਲਾਂ ਘਰ ਪਹੁੰਚ ਚੁੱਕੀ ਹੈ। ਬਿਨਾਂ ਕੱਪੜੇ ਬਦਲੇ ਉਹ ਬੈੱਡ ’ਤੇ ਜਾ ਡਿੱਗਾ ਤੇ ਨੀਂਦ ਨੇ ਪਕੜ ਵਿੱਚ ਲੈ ਲਿਆ।

ਅਗਲੀ ਸਵੇਰ ਉੱਠਿਆ ਤਾਂ ਉਸ ਦੇ ਅੰਦਰੋਂ ਮਰਦਾਵੀਂ ਹੈਂਕੜ ਗਾਇਬ ਸੀ। ਰੋਜ਼ ਵਾਂਗ ਮਾਂ-ਪਿਉ ਵਿੱਚੋਂ ਕਿਸੇ ਨੇ ਉਸ ਨੂੰ ਉਠਾਇਆ ਨਹੀਂ ਸੀ, ਪਰ ਕਮਰੇ ਵਿੱਚ ਆਈ ਮੰਮੀ ਨੂੰ ਉਸ ਦਾ ਉਤਰਿਆ ਮੂੰਹ ਵੇਖ ਕੇ ਤਰਸ ਆ ਗਿਆ।

“ਕਿੰਦੇ ਤੂੰ ਠੀਕ ਵੀ ਹੈਂ, ਮੂੰਹ ਹੱਥ ਧੋਕੇ ਰਸੋਈ ’ਚ ਆਜਾ, ਰਾਤੀਂ ਭੁੱਖਾ ਈ ਸੌਂ ਗਿਆ ਸੈਂ। ਮੈਂ ਤੇਰੇ ਲਈ ਗੋਭੀ ਵਾਲੇ ਪਰੌਂਠੇ ਲਾਹੁੰਨੀ ਆਂ।’’ ਪੇਕਿਆਂ ਦਾ ਉਲਾਂਭਾ ਪਾਸੇ ਕਰਕੇ ਉਸ ਦੀ ਮਮਤਾ ਉੱਭਰ ਆਈ। ਸਵੇਰ ਦਾ ਖੇਤਾਂ ਨੂੰ ਗਿਆ ਕਿੰਦੇ ਦਾ ਬਾਪੂ ਦੇਰ ਰਾਤ ਘਰ ਮੁੜਿਆ। ਮੁੰਡੇ ਦੀ ਕਰਤੂਤ ਕਾਰਨ ਰਿਸ਼ਤਾ ਟੁੱਟਣ ਤੇ ਲੋਕ-ਨਮੋਸ਼ੀ ਡਰੋਂ ਰਾਤੀਂ ਭੜਕਿਆ ਉਸ ਦਾ ਗੁੱਸਾ ਢੈਲਾ ਹੋ ਗਿਆ ਸੀ। ਦਿਨ ਦੇ ਕੰਮ ਦਾ ਥਕੇਵਾਂ ਵੀ ਸੀ। ਬਿਨਾਂ ਕੋਈ ਗੱਲ ਕੀਤੇ ਰੋਟੀ ਖਾ ਕੇ ਉਹ ਪੈ ਗਿਆ। ਲੱਤਾਂ ਘੁੱਟਣ ਦੇ ਬਹਾਨੇ ਰਾਜੋ ਉਸ ਦਾ ਰਹਿੰਦਾ ਗੁੱਸਾ ਵੀ ਸ਼ਾਂਤ ਕਰਕੇ ਉੱਠੀ।

ਕਿੰਦਾ ਕਈ ਦਿਨ ਘਰੋਂ ਬਾਹਰ ਨਾ ਗਿਆ। ਆਪਣੇ ਕੋਲ ਨਸ਼ੇ ਵਾਲੀਆਂ ਪੁੜੀਆਂ ਘਟਦੀਆਂ ਵੇਖ ਉਸ ਨੇ ਮਿਕਦਾਰ ਘਟਾ ਲਈ। ਪੁੜੀਆਂ ਦੀ ਘਟਦੀ ਗਿਣਤੀ ਦੇ ਨਾਲ ਨਾਲ ਕਿੰਦਾ ਲਲਕ ’ਤੇ ਕਾਬੂ ਪਾਉਣ ਲੱਗਾ। ਆਖਰੀ ਪੁੜੀ ਦੇ ਉਸ ਨੇ ਚਾਰ ਹਿੱਸੇ ਕਰ ਲਏ। ਪੰਜਵੇਂ ਦਿਨ ਲੱਗੀ ਤੋੜ ਨੇ ਉਸ ਨੂੰ ਤੰਗ ਤਾਂ ਕੀਤਾ, ਪਰ ਮਨ ਤਕੜਾ ਕਰਕੇ ਉਸ ਨੇ ਜ਼ਰ ਲਿਆ। ਉਹ ਹਰ ਘੰਟੇ ਮਾਂ ਤੋਂ ਖਾਣ ਲਈ ਕੁਝ ਮੰਗਣ ਲੱਗ ਪਿਆ। ਮਾਪਿਆਂ ਨੂੰ ਪੁੱਤ ਦੇ ਨਸ਼ੇੜੀ ਹੋਣ ਦਾ ਪਤਾ ਕੁਝ ਮਹੀਨੇ ਪਹਿਲਾਂ ਹੀ ਲੱਗਾ ਸੀ, ਤਾਂ ਈ ਉਹ ਵਿਆਹ ਦੀ ਕਾਹਲੀ ਕਰਨ ਲੱਗੇ ਸੀ। ਘਰ ਰਹਿੰਦੇ ਮੁੰਡੇ ਨੂੰ ਆਪਣੇ ਆਪ ਵਿੱਚ ਆਉਂਦੇ ਵੇਖ ਕੇ ਰਾਜੋ ਦਾ ਮਨ ਸ਼ਾਹਦੀ ਭਰਨ ਲੱਗਾ ਕਿ ਮੋੜਾ ਪੈ ਗਿਐ। ਉਸ ਦੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜਨ ਲੱਗ ਪਏ। ਉਸ ਨੇ ਪਿੰਨੀਆਂ ਬਣਾਈਆਂ। ਖਾਣ ਲਈ ਕੁਝ ਮੰਗਣ ਤੇ ਉਹ ਪਿੰਨੀਆਂ ਵਾਲਾ ਡੱਬਾ ਮੂਹਰੇ ਕਰ ਦਿੰਦੀ।

ਕਿੰਦੇ ਦੇ ਘਰ ਰਹਿਣ ਵਾਲੇ ਦਿਨ ਤੋਂ ਬਾਅਦ ਰਾਜੋ ਨੇ ਵੇਖਿਆ ਕਿ ਉਹ ਅਲਮਾਰੀ ਵਿੱਚ ਪਈਆਂ ਕਿਤਾਬਾਂ ਦੀ ਝਾੜ ਪੂੰਝ ਕਰਕੇ ਪੜ੍ਹਨ ਲੱਗ ਪਿਆ ਸੀ। ਰਾਤ ਨੂੰ ਦੇਰ ਤੱਕ ਉਸ ਦੇ ਹੱਥ ਕਿਤਾਬ ਹੁੰਦੀ। ਰਾਜੋ ਨੂੰ ਉਸ ਦੇ ਸੁਭਾਅ ਤੇ ਆਦਤਾਂ ਵਿੱਚ ਬਦਲਾਅ ਆਉਂਦਾ ਮਹਿਸੂਸ ਹੋਣ ਲੱਗਾ। ਪੁੱਤ ਦੀ ਹਰ ਹਰਕਤ ਉਹ ਰਾਤ ਨੂੰ ਘਰ ਆਏ ਪਤੀ ਨਾਲ ਸਾਂਝੀ ਕਰਦੀ। ਘੰਟਾ ਦੋ ਘੰਟਾ ਕਹਿ ਕੇ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿਣ ਵਾਲਾ ਕਿੰਦਾ ਦੋਸਤਾਂ ਤੋਂ ਟਾਲਾ ਵੱਟਣ ਲੱਗ ਪਿਆ ਸੀ। ਕਿਸੇ ਦਾ ਫੋਨ ਆਉਂਦਾ, ਨੰਬਰ ਵੇਖ ਕੇ ਜਾਂ ਤਾਂ ਉਹ ਚੁੱਕਦਾ ਈ ਨਾ ਤੇ ਜਾਂ ਕਿਤੇ ਬਾਹਰ ਹੋਣ ਦਾ ਝੂਠ ਬੋਲ ਦੇਂਦਾ। ਰਾਜੋ ਉਸ ਨੂੰ ਗਲੀਂ ਲਾਉਣ ਲੱਗ ਪਈ ਤਾਂ ਕਿੰਦੇ ਨੇ ਹੋਟਲ ਵਾਲੀ ਕਰਤੂਤ ਸੱਚੋ ਸੱਚ ਦੱਸ ਦਿੱਤੀ। ਉਸ ਨੇ ਮਾਂ ਕੋਲ ਆਪਣਾ ਮਨ ਫਰੋਲਦਿਆਂ ਇਹ ਵੀ ਦੱਸ ਦਿੱਤਾ ਕਿ ਆਪਣੇ ਆਪ ਨੂੰ ਹਰਮੀਤ ਦੇ ਲਾਇਕ ਬਣਾ ਕੇ ਉਸ ਤੋਂ ਗਲਤੀ ਮੁਆਫ਼ ਕਰਾਏਗਾ ਤੇ ਫਿਰ ਆਪ ਜਾ ਕੇ ਉਸ ਦੇ ਮਾਪਿਆਂ ਤੋਂ ਮੁਆਫ਼ੀ ਮੰਗ ਕੇ ਉਨ੍ਹਾਂ ਨੂੰ ਆਪਣੇ ਸੁਧਰ ਜਾਣ ਦਾ ਭਰੋਸਾ ਦੇ ਕੇ ਝੋਲੀ-ਅੱਡ ਹਰਮੀਤ ਦਾ ਹੱਥ ਮੰਗੇਗਾ।

ਝੋਲੀ ਅੱਡਣ ਵਾਲੀ ਗੱਲ ’ਤੇ ਰਾਜੋ ਅੰਦਰਲੀ ਹਉਮੈ ਨੇ ਸਿਰ ਜ਼ਰੂਰ ਚੁੱਕਿਆ, ਪਰ ਮੂੰਹੋਂ ਕੁਝ ਨਾ ਬੋਲੀ। ਦੋ ਕੁ ਮਹੀਨੇ ਲੰਘੇ ਤਾਂ ਕਿੰਦਾ ਖੇਤਾਂ ਵੱਲ ਜਾ ਕੇ ਕੰਮ ਵਿੱਚ ਹੱਥ ਵੰਡਾਉਣ ਲੱਗ ਪਿਆ। ਉਹ ਅੱਜ ਹੋਰ, ਕੱਲ੍ਹ ਹੋਰ ਹੁੰਦਾ ਗਿਆ। ਇੱਕ ਦਿਨ ਉਸ ਨੇ ਹਰਮੀਤ ਨੂੰ ਕਈ ਫੋਨ ਕੀਤੇ, ਪਰ ਮੂਹਰਿਓਂ ਕਿਸੇ ਨੇ ਚੁੱਕਿਆ ਨਹੀਂ। ਉਸ ਨੇ ਆਪਣੇ ਆਪ ਨੂੰ ਸਵਾਲ ਕੀਤਾ, “ਜਦੋਂ ਸਾਡਾ ਕੋਈ ਵਾਸਤਾ ਈ ਨਹੀਂ ਰਿਹਾ ਤਾਂ ਉਹ ਗੱਲ ਕਿਉਂ ਕਰੂਗੀ?” ਉਸ ਨੇ ਦੋ ਰਾਤਾਂ ਜਾਗਦਿਆਂ ਲੰਘਾ ਦਿੱਤੀਆਂ। ਹਰਮੀਤ ਉਸ ਦੀ ਰੂਹ ਵਿੱਚ ਰਚ ਚੁੱਕੀ ਸੀ। ਉਸ ਨੇ ਹਰਮੀਤ ਦੇ ਮਨ ’ਚੋਂ ਆਪਣੇ ਪ੍ਰਤੀ ਨਫ਼ਰਤ ਧੋਣ ਦਾ ਨਿਸ਼ਚਾ ਕਰ ਲਿਆ। ਕਿਤਾਬਾਂ ’ਚੋਂ ਉਹ ਉਨ੍ਹਾਂ ਲੋਕਾਂ ਦੀਆਂ ਉਦਾਹਰਨਾਂ ਪੜ੍ਹ ਚੁੱਕਾ ਸੀ, ਜਿਨ੍ਹਾਂ ਨੇ ਅਣਥੱਕ ਹੋ ਕੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਸੀ। ਉਹ ਆਪਣੇ ਆਪ ਨੂੰ ਉਨ੍ਹਾਂ ਸਫਲ ਲੋਕਾਂ ਮੂਹਰੇ ਖੜ੍ਹਾ ਕੇ ਆਪਣੇ ਮਨ ਨੂੰ ਸਵਾਲ ਕਰਨ ਲੱਗ ਪਿਆ।

“ਜੇ ਉਹ ਆਪਣੇ ਇਰਾਦਿਆਂ ਵਿੱਚ ਸਫਲ ਹੋ ਗਏ ਸੀ ਤਾਂ ਮੈਂ ਉਨ੍ਹਾਂ ਤੋਂ ਕਿਧਰੋਂ ਘੱਟ ਆਂ?’’ ਆਪਣੇ ਆਪ ਨੂੰ ਕੀਤੇ ਸਵਾਲ ’ਤੇ ਉਸ ਦਾ ਮਨ ਆਪੇ ਈ ਸਫਲਤਾ ਦੀ ਗਵਾਹੀ ਭਰਨ ਲੱਗਦਾ ਤੇ ਉਹ ਹੋਰ ਤਕੜਾ ਹੋ ਗਿਆ ਮਹਿਸੂਸ ਕਰਨ ਲੱਗਦਾ।

ਰਿਸ਼ਤਾ ਟੁੱਟਣ ਤੋਂ ਬਾਅਦ ਤਿੰਨਾਂ ਰਿਸ਼ਤੇਦਾਰਾਂ ਨੇ ਇੱਕ ਦੂਜੇ ਤੋਂ ਚੁੱਪ ਵੱਟ ਲਈ ਸੀ। ਤਿੰਨ ਚਾਰ ਮਹੀਨੇ ਲੰਘੇ ਹੋਣਗੇ। ਕਿੰਦੇ ਨੇ ਮਾਂ-ਬਾਪ ਨੂੰ ਉਸ ਦੇ ਨਾਲ ਚੱਲਣ ਲਈ ਮਨਾ ਲਿਆ। ਮਾਪਿਆਂ ਨੂੰ ਝਾਕਾ ਤਾਂ ਲੱਗ ਰਿਹਾ ਸੀ, ਪਰ ਪੁੱਤਰ ਵਿੱਚ ਆਏ ਬਦਲਾਅ ਮੂਹਰੇ ਆਕੜਾਂ ਫਿੱਕੀਆਂ ਪੈ ਗਈਆਂ। ਉਨ੍ਹਾਂ ਨੂੰ ਮੀਤੋ ਦੇਵੀ ਜਾਪਣ ਲੱਗਦੀ, ਜਿਸ ਦੀ ਜੁਅੱਰਤ ਨੇ ਕਿੰਦੇ ਨੂੰ ਧੁਰ ਅੰਦਰ ਤੱਕ ਬਦਲ ਦਿੱਤਾ ਸੀ। ਕਿੰਦੇ ਨੇ ਬਾਪੂ ਨੂੰ ਉਸੇ ਮਾਡਲ ਵਾਲੀ ਕਾਰ ਲੈਣ ਲਈ ਮਨਾ ਲਿਆ ਸੀ, ਜਿਸ ਦੀ ਮੰਗ ਉਨ੍ਹਾਂ ਹਰਮੀਤ ਦੇ ਮਾਪਿਆਂ ਤੋਂ ਕੀਤੀ ਸੀ। ਕਾਰ ਦੀ ਕੀਮਤ ਵਿੱਚੋਂ ਘਟਦੀ ਰਕਮ ਦੇ ਕਰਜ਼ੇ ਦਾ ਪ੍ਰਬੰਧ ਕਿੰਦੇ ਨੇ ਬੈਂਕ ਵਿੱਚ ਲੱਗੇ ਆਪਣੇ ਆੜੀ ਰਾਹੀਂ ਕਰ ਲਿਆ ਸੀ। ਸ਼ਾਮ ਤੱਕ ਨਵੀਂ ਕਾਰ ਉਨ੍ਹਾਂ ਦੇ ਘਰ ਖੜ੍ਹੀ ਸੀ।

ਦੋ ਦਿਨ ਬਾਅਦ ਬਿਨਾਂ ਕਿਸੇ ਨੂੰ ਦੱਸੇ ਉਨ੍ਹਾਂ ਦੀ ਕਾਰ ਨੂਰਦੀ ਪਿੰਡ ਦਾ ਫਾਸਲਾ ਘਟਾ ਰਹੀ ਸੀ। ਕਿੰਦਾ ਸਹਿਜ ਜਿਹਾ ਹੋ ਕੇ ਕਾਰ ਚਲਾ ਰਿਹਾ ਸੀ। ਉਸ ਦੇ ਮਨ ਵਿੱਚ ਹਰਮੀਤ ਅਤੇ ਉਸ ਦੇ ਮਾਪਿਆਂ ਤੋਂ ਫੈਸਲਾ ਬਦਲਵਾ ਸਕਣ ਦੀ ਉਧੇੜ-ਬੁਣ ਚੱਲੀ ਜਾ ਰਹੀ ਸੀ। ਭਾਵੇਂ ਉਹ ਭਰੋਸੇ ਵਿੱਚ ਸੀ, ਪਰ ਕਦੇ ਕਦੇ ਡਰ ਸਿਰ ਚੁੱਕ ਲੈਂਦਾ ‘ਜੇ ਨਿਰਾਸ਼ ਮੁੜਨਾ ਪਿਆ ਤਾਂ ਕਿਤੇ ਮੇਰਾ ਮਨ ਸਚਾਈ ਦੀ ਜਿੱਤ ਵਾਲੇ ਵਿਸ਼ਵਾਸ ਤੋਂ ਥਿੜਕ ਨਾ ਜਾਏ?’

ਕਿੰਦੇ ਨੇ ਮੀਤੋ ਦੇ ਘਰ ਅੱਗੇ ਜਾ ਕੇ ਮਾਪਿਆਂ ਨੂੰ ਲਾਹਿਆ ਤੇ ਆਪ ਕਾਰ ਨੂੰ ਮੋੜ ਕੇ ਲਾਉਣ ਲੱਗਾ। ਕਾਰ ਪਾਰਕ ਕਰਕੇ ਉਹ ਪ੍ਰੀਤਮ ਸਿੰਘ ਦੇ ਗੋਡੇ ਹੱਥ ਲਾਉਣ ਲਈ ਝੁਕਿਆ ਤਾਂ ਦੋਵੇਂ ਹੱਥਾਂ ਦੀ ਪਕੜ ਵਿੱਚੋਂ ਮਹਿਸੂਸ ਹੋਏ ਨਿੱਘ ਨੇ ਉਸ ਦਾ ਹੌਸਲਾ ਵਧਾ ਦਿੱਤਾ। ਰਾਜੋ ਨੂੰ ਵੀ ਮਹਿੰਦਰੋ ਦੀ ਜੱਫੀ ਵਿੱਚੋਂ ਬੇਗਾਨਗੀ ਮਹਿਸੂਸ ਨਾ ਹੋਈ। ਪ੍ਰਾਹੁਣਿਆਂ ਨੂੰ ਬੈਠਕ ਵਿੱਚ ਬਹਾਕੇ ਮਹਿੰਦਰੋ ਰਸੋਈ ਵੱਲ ਜਾਣ ਲੱਗੀ ਤਾਂ ਰਾਜੋ ਨੇ ਉਸ ਦੇ ਹੱਥ ਫੜਕੇ ਕੋਲ ਬਹਾ ਲਿਆ। ਅਸਲ ਵਿੱਚ ਰਾਜੋ ਹੋਰੀਂ ਆਪਣਾ ਮਾੜਾ ਪ੍ਰਭਾਵ ਧੋ ਕੇ ਹੀ ਗੱਲ ਤੋਰਨ ਦੀ ਵਿਉਂਤਬੰਦੀ ਕਰਕੇ ਆਏ ਸਨ।

‘‘ਅਸੀਂ ਤਾਂ ਜੀ ਅੱਜ ਤੁਹਾਡੇ ਤੋਂ ਮੁਆਫ਼ੀ ਮੰਗਣ ਆਏ ਆਂ, ਮੁੰਡੇ ਤੋਂ ਜਾਣੇ-ਅਣਜਾਣੇ ਜੋ ਗਲਤੀ ਹੋਈ, ਉਸ ਲਈ ਅਸੀਂ ਤਿੰਨੇ ਬੜੇ ਸ਼ਰਮਸਾਰ ਆਂ। ਪਰ ਭਾਅ ਜੀ, ਸੱਚ ਦੱਸਾਂ ਕਈ ਵਾਰ ਉਹ ਡਾਹਢਾ ਕੌਤਕ ਵਿਖਾਉਂਦਾ ਆ। ਅੱਜ ਮੈਂ ਤੁਹਾਨੂੰ ਉਹ ਸੱਚ ਵੀ ਦੱਸਾਂਗੀ, ਜੋ ਰਿਸ਼ਤੇ ਵੇਲੇ ਮੇਰੀ ਮਮਤਾ ਨੇ ਜ਼ੁਬਾਨ ’ਤੇ ਨਹੀਂ ਸੀ ਆਉਣ ਦਿੱਤਾ।’’

ਰਾਜੋ ਨੇ ਜਾਣੇ-ਅਣਜਾਣੇ ਕਹਿ ਕੇ ਮਮਤਾ ਨੂੰ ਝੂਠੀ ਪੈਣ ਤੋਂ ਬਚਾਅ ਲਿਆ ਸੀ ਤੇ ਆਪਣੇ ਆਪ ਨੂੰ ਕੁੜੀ ਵਾਲਿਆਂ ਮੂਹਰੇ ਤਰਸ ਦੇ ਪਾਤਰ ਵੀ ਬਣਾ ਲਿਆ।

“ਇਹ ਕਾਲਜ ਪਾਸ ਕਰਕੇ ਹਟਿਆ ਈ ਸੀ ਕਿ ਨਸ਼ੇੜੀ ਯਾਰ ਬੇਲੀਆਂ ਤੇ ਢਹੇ ਚੜ੍ਹ ਗਿਆ। ਸਾਨੂੰ ਵੀ ਦੋ-ਤਿੰਨ ਮਹੀਨੇ ਬਾਅਦ ਪਤਾ ਲੱਗਾ ਸੀ। ਅਸੀਂ ਸਿਰ ਦੀਆਂ ਠੀਕਰੀਆਂ ਭੰਨ ਲਈਆਂ, ਪਰ ਇਸ ’ਤੇ ਅਸਰ ਨਾ ਹੋਇਆ। ਤੁਹਾਡੇ ਵਰਗੇ ਸੱਜਣ ਨੇ ਕਿਹਾ ਵਿਆਹ ਕਰਦਿਓ, ਆਪੇ ਸੁਧਰ ਜਾਊਗਾ। ਇਸੇ ਕਰਕੇ ਅਸੀਂ ਭਾਬੀ ਜੁਗਿੰਦਰੋ ਦਾ ਤਰਲਾ ਮਾਰਿਆ ਸੀ। ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਆਂ, ਕੁੜੀ ਦੀ ਇੱਕ ਚਪੇੜ ਨੇ ਮੁੰਡੇ ਦੀ ਆਦਤ ਤਾਂ ਕੀ ਇਸ ਦਾ ਖੂਨ ਬਦਲ ਕੇ ਰੱਖ’ਤਾ। ਭਾਅ ਜੀ ਸੱਚ ਦੱਸਦੀ ਆਂ, ਯਕੀਨ ਨਈਂ ਆਉਂਦਾ, ਇਹ ਉਹੀ ਕਿੰਦਰ ਆ।’’ ਰਾਜੋ ਗੱਲਾਂ ਦੇ ਨਾਲ ਨਾਲ ਸੁਣਨ ਵਾਲਿਆਂ ’ਤੇ ਪੈਂਦਾ ਪ੍ਰਭਾਵ ਵੀ ਨੋਟ ਕਰੀ ਜਾ ਰਹੀ ਸੀ। ਆਖਰ ਦੋਹਾਂ ਨੇ ਮੰਗਵੇਂ ਅੰਦਾਜ਼ ਵਿੱਚ ਰਿਸ਼ਤੇ ਨੂੰ ਬਣੇ ਰਹਿਣ ਦਾ ਤਰਲਾ ਮਾਰ ਕੇ ਆਪਣੇ ਆਪ ਨੂੰ ਤਰਸ ਦੇ ਪਾਤਰ ਬਣਾ ਲਿਆ।

ਤਦੇ ਹਰਮੀਤ ਚਾਹ ਲੈ ਆਈ। ਰਾਜੋ ਉੱਠੀ ਤੇ ਕੁੜੀ ਨੂੰ ਬਾਹਾਂ ਵਿੱਚ ਘੁੱਟਦਿਆਂ ਮੋਹ ਜਿਤਾਉਂਦੇ ਹੋਏ ਭਾਵੁਕਤਾ ਦੇ ਹੜ੍ਹ ਵਿੱਚ ਰੋੜ੍ਹ ਲਿਆ। ਮਹਿੰਦਰੋ ਚਾਹ ਦੇ ਨਾਲ ਨਿੱਕ ਸੁੱਕ ਵਰਤਾਉਣ ਲੱਗ ਪਈ। ਕਿੰਦਾ, ਹਰਮੀਤ ਮੂਹਰੇ ਨੀਵੀਂ ਪਾਈਂ ਬੈਠਾ ਸੀ। ਹਰਮੀਤ ਹੈਰਾਨ ਸੀ ਕਿ ਇਸ ਦੀ ਉਸ ਦਿਨ ਵਾਲੀ ਹੈਵਾਨੀਅਤ ਕਿੱਧਰ ਗਈ। ਸਾਵੇਂ ਜਿਹੇ ਮਾਹੌਲ ਵਿੱਚ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਰਾਜੋ ਨੇ ਦਾਜ ਅਤੇ ਨੱਕ ਰਹਿਣ ਵਾਲੀਆਂ ਗੱਲਾਂ ਨੂੰ ਪਾਸੇ ਸੁੱਟਦਿਆਂ ਕੁੜੀ ਨੂੰ ਤਿੰਨ ਕੱਪੜਿਆਂ ਵਿੱਚ ਤੋਰਨ ਦੀ ਮੰਗ ਕਰਦਿਆਂ ਝੋਲੀ ਅੱਡਣ ਵਾਂਗ ਚੁੰਨੀ ਦੇ ਦੋਹੇਂ ਪੱਲੇ ਫੜ ਲਏ। ਮਹਿੰਦਰੋ ਨੇ ਸ਼ਰਮਿੰਦਗੀ ਦਾ ਅਹਿਸਾਸ ਕਰਦਿਆਂ ਰਾਜੋ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ। ਭਾਵੁਕ ਮਾਹੌਲ ਵਿੱਚ ਪ੍ਰੀਤਮ ਸਿੰਘ ਨੇ ਮਹਿੰਦਰੋ ਦਾ ਇਸ਼ਾਰਾ ਸਮਝਿਆ ਤੇ ਫਿਰ ਧੀ ਦੀਆਂ ਅੱਖਾਂ ’ਚੋਂ ਹਾਂ ਦੀ ਝਲਕ ਵੇਖ ਕੇ ਕਿੰਦੇ ਦੇ ਬਾਪ ਨੂੰ ਜੱਫੀ ਵਿੱਚ ਲੈ ਲਿਆ। ਟੁੱਟੀ ਟਾਹਣੀ ਫਿਰ ਹਰੀ ਹੋ ਕੇ ਲਹਿ ਲਹਿ ਕਰਨ ਲੱਗ ਪਈ। ਕਿੰਦੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਪਹਿਲਾਂ ਰੱਬ ਦਾ ਸ਼ੁਕਰਾਨਾ ਕਰੇ ਜਾਂ ਹਰਮੀਤ ਦੇ ਹੱਥ ਫੜਕੇ ਆਪਣੇ ਮੱਥੇ ’ਤੇ ਲਾਏ।

ਸੁਖਾਵੇਂ ਮਾਹੌਲ ਵਿੱਚ ਵਿਆਹ ਦੇ ਪ੍ਰੋਗਰਾਮ ਤੈਅ ਹੋਣ ਲੱਗ ਪਏ। ਪਿਛਲੀ ਵਾਰ ਵਿਚੋਲਣ ਰਾਹੀਂ ਮੰਗਾਂ ਰੱਖਣ ਵਾਲਿਆਂ ਦੇ ਸਿਰ ਨਾਂਹ ਵਿੱਚ ਹਿੱਲ ਰਹੇ ਸਨ। ਵਾਰ ਵਾਰ ਰਾਜੋ ਦੀ ਸੂਈ ਚੁੰਨੀ ਚੜ੍ਹਾਉਣ ਵਾਲੀ ਗੱਲ ’ਤੇ ਅਟਕ ਜਾਂਦੀ। ਆਖਰ ਥੋੜ੍ਹੀ ਜਿਹੀ ਬਰਾਤ ਅਤੇ ਦਹੇਜ-ਮੁਕਤ ਰਸਮ ’ਤੇ ਸਹਿਮਤੀ ਪ੍ਰਗਟਾ ਕੇ ਆਉਂਦੇ ਅਗਲੇ ਐਤਵਾਰ ਦਾ ਦਿਨ ਪੱਕਾ ਹੋ ਗਿਆ। ਮੁੰਡੇ ਦੇ ਟੁੱਟੇ ਰਿਸ਼ਤੇ ਨੂੰ ਗੰਢ ਮਾਰਕੇ ਖੁਸ਼ੀ ਵਿੱਚ ਖੀਵੇ ਹੋਏ ਮਾਪਿਆਂ ਦੀ ਪੂਰੀ ਸੁਰਤ ਉਦੋਂ ਪਰਤੀ, ਜਦੋਂ ਕਿੰਦਾ ਨਾਨਕਿਆਂ ਦਾ ਦਰ ਖੁੱਲ੍ਹਵਾਉਣ ਲਈ ਹੌਰਨ ਮਾਰੀ ਜਾ ਰਿਹਾ ਸੀ। ਉਂਜ ਵੀ ਮੁੰਡੇ ਦੇ ਵਿਆਹ ਦਾ ਪਹਿਲਾ ਨਿਉਤਾ ਨਾਨਕਿਆਂ ਨੂੰ ਦੇਣਾ ਬਣਦਾ ਸੀ। ਵਧਾਈਆਂ ਦੇ ਨਾਲ ਨਾਲ ਨਣਦ-ਭਾਬੀ ਤੇ ਸਾਲੇ ਜੀਜੇ ਦੀਆਂ ਜੱਫੀਆਂ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਕਿੰਦਾ ਪਿੱਛੇ ਖੜ੍ਹਾ ਦ੍ਰਿਸ਼ ਵੇਖ ਕੇ ਮਾਣ ਨਾਲ ਚੌੜਾ ਹੋਈ ਜਾ ਰਿਹਾ ਸੀ। ਆਪਣੀ ਗਲਤੀ ਕਾਰਨ ਰਿਸ਼ਤਿਆਂ ’ਚ ਆਈ ਖਟਾਸ ਨੂੰ ਮਿਠਾਸ ਵਿੱਚ ਬਦਲਣਾ ਮਾਣ ਵਾਲੀ ਗੱਲ ਸੀ। ਕਿੰਦੇ ਵੱਲ ਟੀਰੀ ਅੱਖ ਝਾਕਣ ਵਾਲੇ ਮਾਮਾ-ਮਾਮੀ ਨੂੰ ਉਸ ’ਤੇ ਫਖਰ ਹੋਣ ਲੱਗਾ। ਉਹ ਨਾਨਕ-ਸ਼ੱਕ ਬਾਰੇ ਗੱਲ ਛੇੜਨ ਈ ਲੱਗੇ ਸੀ ਕਿ ਰਾਜੋ ਨੇ ਗੱਲ ਖੋਲ੍ਹ ਦਿੱਤੀ ਕਿ ਉਨ੍ਹਾਂ ਨੂੰ ਚੀਜ਼ਾਂ ਦੀ ਥਾਂ ਸਿਰਫ਼ ਪਿਆਰ ਤੇ ਅਸੀਸਾਂ ਦੀ ਲੋੜ ਹੈ।

ਵਿਆਹ ਵਾਲੇ ਦਿਨ ਦੋਹਾਂ ਪਰਿਵਾਰਾਂ ਦੇ ਚਾਵਾਂ ਦੀ ਝਲਕ ਉਨ੍ਹਾਂ ਦੇ ਚਿਹਰਿਆਂ ਤੋਂ ਡੁੱਲ੍ਹ ਡੁੱਲ੍ਹ ਪੈ ਰਹੀ ਸੀ। ਸੁਹਿਰਦ ਰਿਸ਼ਤੇਦਾਰਾਂ ਤੋਂ ਵੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਸਹੁਰੇ ਘਰ ਪੈਰ ਪਾ ਕੇ ਹਰਮੀਤ ਨੂੰ ਉਹ ਆਪਣਾ ਲੱਗਣ ਲੱਗ ਪਿਆ। ਕਿੰਦੇ ਦੇ ਵਰਤਾਅ ਕਾਰਨ ਦਿਨ-ਬਦਿਨ ਉਸ ਦੀ ਅਪਣੱਤ ਵਧਦੀ ਗਈ। ਹੋਟਲ ਵਾਲੀ ਗੱਲ ਯਾਦ ਕਰਕੇ ਉਹ ਥੱਪੜ ਵਾਲੇ ਹੌਸਲੇ ਲਈ ਮੈਡਮ ਪਰਮਜੀਤ ਦੇ ਸਾਹਮਣੇ ਜਾ ਖੜੋਂਦੀ। ਕਿੰਦੇ ਦਾ ਬਦਲਾਅ ਚਿਤਵਦਿਆਂ ਉਸ ਦੇ ਕੰਨੀਂ ਮਾਸਟਰ ਮਨਜੀਤ ਸਿੰਘ ਦੇ ਸ਼ਬਦ ਗੂੰਜਣ ਲੱਗ ਜਾਂਦੇ। ਉਹ ਕਿਹਾ ਕਰਦੇ ਸੀ:

“ਘਟਨਾ ਤੇ ਅੱਖਰ ਰੱਬ ਤੋਂ ਵੱਡੀ ਕਰਾਮਾਤ ਕਰ ਜਾਂਦੇ ਨੇ। ਬੰਦੇ ਦੇ ਮਨ ਵਿੱਚ ਚੰਗਿਆਈ ਦੀ ਚਿਣਗ ਬਾਲ ਦੇਂਦੀਆਂ ਨੇ ਘਟਨਾਵਾਂ ਤੇ ਉਂਗਲੀ ਫੜਕੇ ਤੋਰ ਲੈਂਦੀ ਹੈ ਮਨ ਵਿੱਚ ਘਰ ਕਰ ਗਈ ਸ਼ਬਦਾਂ ਵਿੱਚ ਲਿਪਟੀ ਉਦਾਹਰਨ।’’

ਕਿੰਦੇ ਨੂੰ ਸ਼ਬਦ ਥੱਪੜ ਚੰਗਾ ਲੱਗਣ ਲੱਗ ਪਿਆ। ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਚਿਤਵਦਿਆਂ ਉਸ ਨੂੰ ਉਹ ਥੱਪੜ ਕਰਾਮਾਤੀ ਲੱਗਦਾ, ਜਿਸਦੇ ਇੱਕੋ ਧੱਕੇ ਨਾਲ ਉਸ ਨੇ ਨਰਕ ਤੋਂ ਸਵਰਗ ਤਕ ਦਾ ਸਫਰ ਤੈਅ ਕਰ ਲਿਆ ਸੀ।
ਸੰਪਰਕ: +16044427676 News Source link
#ਕਰਮਤ #ਥਪੜ

- Advertisement -

More articles

- Advertisement -

Latest article