ਬੈਂਕਾਕ: ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੂੰ ਅੱਜ ਇੱਥੇ ਊਬਰ ਕੱਪ ਟੂਰਨਾਮੈਂਟ ਦੇ ਗਰੁੱਡ ‘ਡੀ’ ਦੇ ਆਪਣੇ ਆਖ਼ਰੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਤੋਂ 0-5 ਨਾਲ ਕਰਾਰੀ ਹਾਰ ਮਿਲੀ। ਕੈਨੇਡਾ ਅਤੇ ਅਮਰੀਕਾ ਖ਼ਿਲਾਫ਼ ਆਸਾਨ ਜਿੱਤ ਮਗਰੋਂ ਭਾਰਤੀ ਟੀਮ ਦਾ ਅਸਲੀਅਤ ਨਾਲ ਵਾਹ ਪਿਆ ਅਤੇ ਉਹ ਪੰਜਾਂ ਵਿੱਚੋਂ ਕੋਈ ਵੀ ਮੈਚ ਜਿੱਤ ਨਹੀਂ ਸਕੀ। ਹਾਲਾਂਕਿ, ਭਾਰਤ ’ਤੇ ਇਸ ਹਾਰ ਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਹ ਗਰੁੱਪ ਵਿੱਚ ਚੋਟੀ ਦੇ ਦੋ ਸਥਾਨਾਂ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕੀ ਸੀ। ਸਿੰਧੂ ਲਈ ਇਹ ਮੁਕਾਬਲਾ ਨਮੋਸ਼ੀਜਨਕ ਰਿਹਾ। ਉਹ ਆਨ ਸਯੌਂਗ ਤੋਂ 15-21, 14-21 ਨਾਲ ਹਾਰ ਗਈ। ਸ਼ਰੁਤੀ ਮਿਸ਼ਰਾ ਸਿਮਰਨ ਸਿੰਘੀ ਦੀ ਜੋੜੀ ਲੀ ਸੋਹੀ ਅਤੇ ਸ਼ਿਨ ਸਿਊਂਗਚਾਨ ਨੂੰ ਖ਼ਾਸ ਚੁਣੌਤੀ ਨਹੀਂ ਦੇ ਸਕੀ ਅਤੇ 39 ਮਿੰਟ ਵਿੱਚ 13-21, 12-21 ਨਾਲ ਹਾਰ ਗਈ। -ਪੀਟੀਆਈ