ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਮਈ
ਵਿਧਾਨ ਸਭਾ ਹਲਕਾ ਗਿਦੜਬਾਹਾ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਇਸ ਵੇਲੇ ਸਾਊਦੀ ਅਰਬ ਦੀ ਜੇਲ੍ਹ ਵਿੱਚ ਕੈਦ ਹੈ ਅਤੇ ਅਦਾਲਤ ਨੇ 15 ਮਈ ਨੂੰ ਉਸ ਦਾ ਸਿਰ ਕਲਮ ਕਰਨ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਅਦਾਲਤ ਨੇ ਬਲਵਿੰਦਰ ਨੂੰ ਮੌਤ ਦੀ ਸਜ਼ਾ ਤੋਂ ਬਚਣ ਲਈ 1 ਕਰੋੜ 45 ਲੱਖ ਰੁਪਏ ਦੀ ਬਲੱਡ ਮਨੀ ਭਰਨ ਦਾ ਰਾਹ ਵੀ ਦਿੱਤਾ ਹੈ। ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਬਲਵਿੰਦਰ ਦਾ ਪਰਿਵਾਰ ਹੁਣ ਤੱਕ 90 ਲੱਖ ਰੁਪਏ ਇਕੱਠੇ ਕਰ ਚੁੱਕਾ ਹੈ, ਪਰ ਹਾਲੇ ਵੀ 55 ਲੱਖ ਰੁਪਏ ਦੀ ਲੋੜ ਹੈ। ਇਹ ਜਾਣਕਾਰੀ ਬਲਵਿੰਦਰ ਸਿੰਘ ਦੇ ਭਰਾ ਪ੍ਰਗਟ ਸਿੰਘ ਨੇ ਦਿੱਤੀ। ਅੱਜ ਪ੍ਰਗਟ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਿੱਟੂ ਮੱਲਣ ਤੇ ਹੋਰਨਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਪੱਤਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਬਲਵਿੰਦਰ ਦੀ ਜਾਨ ਬਚਾਉਣ ਲਈ ਲੋੜੀਂਦੀ 55 ਲੱਖ ਰੁਪਏ ਦੀ ਰਕਮ ਸਰਕਾਰੀ ਖਜ਼ਾਨੇ ਵਿੱਚੋਂ ਜਾਰੀ ਕਰਵਾਉਣ।