ਮੁੰਬਈ, 9 ਮਈ
ਮੁੱਖ ਅੰਸ਼
- ਸਾਲ 2018 ਤੋਂ ਲੈ ਕੇ 2022 ਤੱਕ ਡਾਲਰ ਦੇ ਮੁਕਾਬਲੇ ’ਚ 9 ਰੁਪਏ ਦੀ ਗਿਰਾਵਟ
ਵਿਦੇਸ਼ੀ ਬਾਜ਼ਾਰਾਂ ਵਿਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਕਾਰਨ ਰੁਪਇਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 60 ਪੈਸੇ ਟੁੱਟ ਕੇ ਰਿਕਾਰਡ ਹੇਠਲੇ ਪੱਧਰ 77.50 (ਅਸਥਾਈ) ਉਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਮਹਿੰਗਾਈ ਬਾਰੇ ਵਧਦੀਆਂ ਚਿੰਤਾਵਾਂ ਤੇ ਆਲਮੀ ਕੇਂਦਰੀ ਬੈਂਕਾਂ ਵੱਲੋਂ ਦਰਾਂ ਹੋਰ ਵਧਾਉਣ ਦੇ ਖ਼ਦਸ਼ਿਆਂ ਵਿਚਾਲੇ ਨਿਵੇਸ਼ਕ ਜੋਖ਼ਮ ਲੈਣ ਤੋਂ ਬਚ ਰਹੇ ਹਨ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਮਾਰਕੀਟ ਵਿਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 77.17 ਦੇ ਭਾਅ ਉਤੇ ਕਮਜ਼ੋਰ ਹੋ ਕੇ ਖੁੱਲ੍ਹਿਆ ਤੇ ਮਗਰੋਂ 77.50 ਉਤੇ ਬੰਦ ਹੋਇਆ ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 60 ਪੈਸੇ ਦੀ ਗਿਰਾਵਟ ਦਰਸਾਉਂਦਾ ਹੈ। ਦਿਨ ਵਿਚ ਕਾਰੋਬਾਰ ਦੌਰਾਨ ਰੁਪਇਆ 77.52 ਦੇ ਆਪਣੇ ਸਭ ਤੋਂ ਹੇਠਲੇ ਪੱਧਰ ਉਤੇ ਆ ਗਿਆ। ਸ਼ੁੱਕਰਵਾਰ ਨੂੰ ਰੁਪਇਆ 55 ਪੈਸੇ ਦੀ ਗਿਰਾਵਟ ਨਾਲ 79.60 ਦੇ ਭਾਅ ਉਤੇ ਬੰਦ ਹੋਇਆ ਸੀ। ਇਸੇ ਦੌਰਾਨ ਛੇ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿਚ ਅਮਰੀਕੀ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.33 ਪ੍ਰਤੀਸ਼ਤ ਵੱਧ ਕੇ 104 ਉਤੇ ਪਹੁੰਚ ਗਿਆ। -ਪੀਟੀਆਈ
ਮੋਦੀ ਸਰਕਾਰ ਨੇ ਰੁਪਏ ਨੂੰ ‘ਆਈਸੀਯੂ’ ਵਿੱਚ ਪਹੁੰਚਾਇਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਲ ਵਿਚ ਗਿਰਾਵਟ ’ਤੇ ਅੱਜ ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਸਰਕਾਰ ਨੇ ਭਾਰਤੀ ਕਰੰਸੀ ਨੂੰ ‘ਆਈਸੀਯੂ’ ਵਿਚ ਪਹੁੰਚਾ ਦਿੱਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਭਾਰਤ ਦੀ ਆਰਥਿਕ ਤੇ ਸਮਾਜਿਕ ਅਸਲੀਅਤ ਨੂੰ ‘ਹਮੇਸ਼ਾ ਲਈ ਲੁਕੋ’ ਕੇ ਨਹੀਂ ਰੱਖ ਸਕਦੇ। ਮਗਰੋਂ ਰਾਹੁਲ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੁਪਏ ਦੀ ਕੀਮਤ ਵਿਚ ਗਿਰਾਵਟ ਲਈ ਪਹਿਲਾਂ ਮਨਮੋਹਨ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਨੂੰ ਹੁਣ ਦੇਸ਼ ਵਿਚਲੇ ਆਰਥਿਕ ਸੰਕਟ ਬਾਰੇ ਮੰਨ ਲੈਣਾ ਚਾਹੀਦਾ ਹੈ ਤੇ ‘ਲੋਕਾਂ ਦਾ ਧਿਆਨ ਭਟਕਾਉਣ ਦੀ ਥਾਂ’ ਹੱਲ ਲਈ ਕਦਮ ਚੁੱਕਣੇ ਚਾਹੀਦੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰੁਪਏ ਦੀ ਕੀਮਤ ਜੋ ਹੁਣ ਹੈ, ਉਹ ਪਿਛਲੇ 75 ਸਾਲਾਂ ਵਿਚ ਕਦੇ ਨਹੀਂ ਸੀ। ਸੁਰਜੇਵਾਲਾ ਨੇ ਟਵੀਟ ਕੀਤਾ ਕਿ, ‘ਭਾਰਤ ਦਾ ਰੁਪਇਆ ਭਾਜਪਾ ਦੇ ਮਾਰਗਦਰਸ਼ਕ ਮੰਡਲ ਦੀ ਉਮਰ ਨਾਲੋਂ ਅੱਗੇ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਉਮਰ ਨਾਲੋਂ ਵੀ ਵਧ ਗਿਆ ਹੈ।’ ਕਾਂਗਰਸ ਦੇ ਹੋਰਨਾਂ ਆਗੂਆਂ ਨੇ ਵੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। -ਪੀਟੀਆਈ
ਮੋਦੀ ਨੂੰ ਛੇ ਸਾਲ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ: ਸਵਾਮੀ
ਨਵੀਂ ਦਿੱਲੀ: ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਹਮੇਸ਼ਾ ਸਵਾਲ ਖੜ੍ਹੇ ਕਰਨ ਵਾਲੇ ਭਾਜਪਾ ਆਗੂ ਸੁਬਰਾਮਣੀਅਨ ਸਵਾਮੀ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸਾਬਕਾ ਰਾਜ ਸਭਾ ਮੈਂਬਰ ਸੁਬਰਾਮਣੀਅਨ ਨੇ ਇੱਕ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਹੀ ਹੋਇਆ, ਜੋ ਉਹ ਸਾਲ 2016 ਤੋਂ ਪੱਤਰ ਲਿਖ ਲਿਖ ਕੇ ਚਿਤਾਵਨੀ ਦੇ ਰਹੇ ਸਨ। ਕਰੋਨਾਵਾਇਰਸ ਦੇ ਮੱਦੇਨਜ਼ਰ ਵਿਸ਼ਵ ਪੱਧਰ ’ਤੇ ਦੇਸ਼ਾਂ ਦੀ ਅਰਥਵਿਵਸਥਾ ਵਿੱਚ ਸੁੁਸਤੀ ਨਜ਼ਰ ਆ ਰਹੀ ਹੈ। ਅਜਿਹੇ ਵਿੱਚ ਕਈ ਦੇਸ਼ਾਂ ਦੀ ਸਵਰਨ ਕ੍ਰੈਡਿਟ ਰੇਟਿੰਗ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ। ਭਾਰਤ ਦੀ ਵੀ ਸਵਰਨ ਕ੍ਰੈਡਿਟ ਰੇਟਿੰਗ ਘਟਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਦੇ ਲਈ ਸਰਕਾਰ ਨੇ ਵਿਸ਼ਵ ਵਿੱਚ ਭਾਰਤ ਸਬੰਧੀ ਹਾਂ ਪੱਖੀ ਮਾਹੌਲ ਸਿਰਜਣ ਦਾ ਪ੍ਰਬੰਧ ਕੀਤਾ ਹੈ। ਭਾਰਤੀ ਅਰਥਵਿਵਸਥਾ ਦੀ ਅਜਿਹੀ ਸਥਿਤੀ ਦੇ ਮੱਦੇਨਜ਼ਰ ਭਾਜਪਾ ਆਗੂ ਸੁਬਰਾਮਣੀਅਨ ਸਵਾਮੀ ਨੇ ਟਵੀਟ ਕੀਤਾ, ‘‘ਮੈਂ 2016 ਤੋਂ ਇਸ ਸਬੰਧੀ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨੂੰ ਪੱਤਰ ਲਿਖ ਲਿਖ ਕੇ ਅਤੇ ਦਿ ਹਿੰਦੂ, ਸੰਡੇ ਗਾਰਜੀਅਨ ਅਤੇ ਪਾਇਨੀਅਰ ਜ਼ਰੀਏ ਚਿਤਾਵਨੀ ਦਿੰਦਾ ਆ ਰਿਹਾ ਹਾਂ।’’ ਉਨ੍ਹਾਂ ਸਵਾਲੀਆ ਨਿਸ਼ਾਨ ਲਾਉਂਦਿਆਂ ਵਿਅੰਗ ਕੀਤਾ, ‘‘5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ?. ਹਾ!!’’।