ਪੁੰਟਾ ਪ੍ਰਾਈਮਾ (ਸਪੇਨ): ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਅੱਜ ਇੱਥੇ ਪਹਿਲੇ ਚੈਸੇਬਲ ਸਨਵੇਅ ਫੋਰਮੈਂਟੇਰਾ ਓਪਨ-2022 ਸਤਰੰਜ਼ ਟੂਰਨਾਮੈਂਟ ਵਿੱਚ ਚੈਂਪੀਅਨ ਬਣ ਕੇ ਉਭਰਿਆ। ਇਹ ਉਸ ਦੀ ਤੀਜੀ ਖ਼ਿਤਾਬੀ ਜਿੱਤ ਹੈ। ਹਾਲ ਹੀ ਦੇ ਹਫ਼ਤਿਆਂ ਦੌਰਾਨ ਲਾ ਰੋਡਾ ਟੂਰਨਾਮੈਂਟ ਅਤੇ ਮੈਨੋਰਕਾ ਓਪਨ ਜਿੱਤਣ ਮਗਰੋਂ ਉਸ ਨੇ ਇੱਥੇ ਖ਼ਿਤਾਬੀ ਹੈਟਰਿਕ ਪੂਰੀ ਕੀਤੀ ਹੈ। 15 ਸਾਲ ਦੇ ਗੁਕੇਸ਼ ਨੇ ਆਖ਼ਰੀ ਗੇੜ ਵਿੱਚ ਅਰਮੀਨੀਆ ਦੇ ਜੀਕੇ ਹਾਈਕ ਐੱਮ. ਮਾਰਟਿਰੋਸਿਆਨ ਨਾਲ ਡਰਾਅ ਖੇਡਿਆ ਅਤੇ ਕੁੱਲ ਅੱਠ ਅੰਕਾਂ ਨਾਲ ਖ਼ਿਤਾਬ ਆਪਣੇ ਨਾਮ ਕੀਤਾ। ਉਸ ਨੇ ਨੌਵੇਂ ਗੇੜ ਵਿੱਚ ਦੂਜਾ ਦਰਜਾ ਪ੍ਰਾਪਤ ਕੇ. ਸ਼ਸ਼ੀਕਿਰਨ ਨੂੰ ਹਰਾਇਆ ਸੀ। ਨੌਂ ਗੇੜਾਂ ਤੱਕ ਜੇਤੂ ਰਹੇ ਗੁਕੇਸ਼ (ਈਐੱਲਓ 2637) ਨੇ ਆਪਣੇ ਪ੍ਰਦਰਸ਼ਨ ਦੀ ਬਦੌਲਤ 16 ਅੰਕ ਹਾਸਲ ਕੀਤੇ। ਹੁਣ ਉਹ ਵਿਸ਼ਵ ਦਰਜਾਬੰਦੀ ਵਿੱਚ 64ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਗੁਕੇਸ਼ ਨੇ ਸ਼ਸ਼ੀਕਲਾ ਨੂੰ ਹਰਾਉਣ ਤੋਂ ਇਲਾਵਾ ਚੋਟੀ ਦਾ ਦਰਜਾ ਪ੍ਰਾਪਤ ਜੈਮੀ ਸੈਂਟੋਸ ਲਟਾਸਾ ਨਾਲ ਚੌਥੇ ਗੇੜ ਅਤੇ ਤੀਜਾ ਦਰਜਾ ਪ੍ਰਾਪਤ ਸ਼ੇਂਟ ਸਰਗਿਸਾਨ (ਅਰਮੀਨੀਆ) ਨਾਲ ਸੱਤਵੇਂ ਗੇੜ ਵਿੱਚ ਡਰਾਅ ਖੇਡਿਆ। ਸ਼ਸ਼ੀਕਿਰਨ (ਈਐੱਲਓ 2650) 5.5 ਅੰਕਾਂ ਨਾਲ ਨੌਵੇਂ ਸਥਾਨ ’ਤੇ ਰਹੀ। -ਪੀਟੀਆਈ