ਮੁੰਬਈ, 8 ਮਈ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਉਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਵਿਆਜ ਦਰਾਂ ਵਧਾਉਣ ਦੇ ਲਏ ਹਾਲੀਆ ਫੈਸਲੇ ਤੋਂ ਨਹੀਂ ਬਲਕਿ ਇਸ ਦੀ ਟਾਈਮਿੰਗ ਤੋਂ ਹੈਰਾਨ ਸਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਫੰਡਾਂ ਦੀ ਵਧਦੀ ਲਾਗਤ ਨਾਲ ਸਰਕਾਰ ਦੇ ਯੋਜਨਾਬੰਦ ਬੁਨਿਆਦੀ ਢਾਂਚਾ ਨਿਵੇਸ਼ ’ਤੇ ਕੋਈ ਅਸਰ ਨਹੀਂ ਪਏਗਾ। ਆਰਬੀਆਈ ਨੇ 4 ਮਈ ਨੂੰ ਨੀਤੀਗਤ ਵਿਆਜ ਦਰਾਂ ਲਈ ਅਹਿਮ ਰੈਪੋ ਦਰ (ਜਿਸ ਦਰ ’ਤੇ ਕੇਂਦਰੀ ਬੈਂਕ ਕਮਰਸ਼ਲ ਬੈਂਕਾਂ ਨੂੰ ਪੈਸਾ ਉਧਾਰ ਦਿੰਦਾ ਹੈ) ਨੂੰ 40 ਆਧਾਰ ਅੰਕ ਵਧਾ 4 ਤੋਂ 4.40 ਫੀਸਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਨਗਦੀ ਰਾਖਵਾਂ ਅਨੁਪਾਤ (ਸੀਆਰਆਰ) ਵਿੱਚ ਵੀ 0.5 ਫੀਸਦ ਦਾ ਇਜ਼ਾਫਾ ਕੀਤਾ ਗਿਆ ਸੀ। ਮੁਦਰਾ ਨੀਤੀ ਕਮੇਟੀ ਦੀ ਅਚਾਨਕ ਸੱਦੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਵਾਧੇ ਲਈ ਅਸਮਾਨੀ ਪੁੱਜੀ ਮਹਿੰਗਾਈ ਦਾ ਹਵਾਲਾ ਦਿੱਤਾ ਗਿਆ ਸੀ। ਵਿੱਤ ਮੰਤਰੀ ਨੇ ਸ਼ਨਿਚਰਵਾਰ ਸ਼ਾਮ ਨੂੰ ‘ਇਕਨਾਮਿਕਸ ਟਾਈਮਜ਼’ ਵੱਲੋਂ ਕਰਵਾਏ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਲਈ ਚੁਣਿਆ ਸਮਾਂ ਹੈਰਾਨ ਕਰਨਾ ਵਾਲਾ ਸੀ, ਪਰ ਇਹ ਕਾਰਵਾਈ ਨਹੀਂ, ਕਿਉਂਕਿ ਲੋਕ ਮੰਨਦੇ ਹਨ ਕਿ ਅੱਜ ਨਹੀਂ ਤਾਂ ਕੱਲ੍ਹ ਇਹ ਹੋਣਾ ਸੀ…।’’ ਵਿੱਤ ਮੰਤਰੀ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਦੀ ਆਖਰੀ ਮੀਟਿੰਗ ਵਿੱਚ ਆਰਬੀਆਈ ਨੇ ਇਸ਼ਾਰਾ ਕੀਤਾ ਸੀ ਕਿ ਇਹ ਕੁਝ ਕਰਨ ਦਾ ਸਮਾਂ ਹੈ ਅਤੇ ਵਿਆਜ ਦਰਾਂ ਵਿੱਚ ਵਾਧਾ ਕੁੱਲ ਆਲਮ ਦੇ ਪ੍ਰਮੁੱਖ ਕੇਂਦਰੀ ਬੈਂਕਾਂ ਦੀ ਸਾਂਝੀ ਕਾਰਵਾਈ ਦਾ ਹਿੱਸਾ ਹੈ। -ਪੀਟੀਆਈ