ਨਵੀਂ ਦਿੱਲੀ, 9 ਮਈ
ਸੰਨਿਆਸ ਤੋਂ ਵਾਪਸੀ ਕਰਨ ਵਾਲੇ ਤਜਰਬੇਕਾਰ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਜਕਾਰਤਾ ਵਿੱਚ 23 ਮਈ ਤੋਂ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤੀ ਦੀ ਦੂਜੇ ਦਰਜੇ ਦੀ ਟੀਮ ਦੀ ਅਗਵਾਈ ਕਰਨਗੇ। ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਪੀ.ਆਰ. ਸ੍ਰੀਜੇਸ਼ ਆਦਿ ਸੀਨੀਅਰ ਖਿਡਾਰੀ ਇਸ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਭਾਰਤ ਵੱਲੋਂ ਇਸ ਟੂਰਨਾਮੈਂਟ ਲਈ ਚੁਣੀ ਗਈ ਦੂਜੇ ਦਰਜੇ ਦੀ ਟੀਮ ਦਾ ਉਪ ਕਪਤਾਨ ਬੀਰੇਂਦਰ ਲਾਕੜਾ ਨੂੰ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਰੁਪਿੰਦਰਪਾਲ ਅਤੇ ਲਾਕੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਮਗਰੋਂ ਸੰਨਿਆਸ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਖ਼ੁਦ ਨੂੰ ਚੋਣ ਲਈ ਉਪਲੱਬਧ ਰੱਖਿਆ ਸੀ। ੲੇਸ਼ੀਆ ਕੱਪ ਵਿਸ਼ਵ ਕੱਪ ਲਈ ਕੁਆਲੀਫਾਇਰ ਟੂਰਨਾਮੈਂਟ ਹੈ ਪਰ ਮੇਜ਼ਬਾਨ ਹੋਣ ਨਾਤੇ ਭਾਰਤ ਨੂੰ ਅਗਲੇ ਵਰ੍ਹੇ ਜਨਵਰੀ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧਾ ਦਾਖਲਾ ਮਿਲਿਆ ਹੈ। ਏਸ਼ੀਆ ਕੱਪ ਵਿੱਚੋਂ ਸਿਖਰਲੀਆਂ ਤਿੰਨ ਟੀਮਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। ਦੋ ਵਾਰ ਦੇ ਉਲੰਪੀਅਨ ਸਰਦਾਰ ਸਿੰਘ ਨੂੰ ਟੀਮ ਦਾ ਕੋਚ ਬਣਾਇਆ ਗਿਆ ਹੈ। ਐੱਸ.ਵੀ. ਸੁਨੀਲ ਨੇ ਵੀ ਸੰਨਿਆਸ ਮਗਰੋਂ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਘੱਟੋ-ਘੱਟੋ 10 ਖਿਡਾਰੀ ਪਹਿਲੀ ਵਾਰ ਸੀਨੀਅਰ ਟੀਮ ਵਿੱਚ ਖੇਡਣਗੇ। ਪੰਕਜ ਕੁਮਾਰ ਰਜਕ ਅਤੇ ਸੂਰਜ ਕਰਕੇਰਾ ਨੂੰ ਗੋਲਕੀਪਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਏਸ਼ੀਆ ਕੱਪ ਵਿੱਚ ਭਾਰਤ ਨੂੰ ਜਾਪਾਨ, ਪਾਕਿਸਤਾਨ ਅਤੇ ਮੇਜ਼ਬਾਨ ਇੰਡੋਨੇਸ਼ੀਆ ਨਾਲ ਪੂਲ-ਏ ਵਿੱਚ ਰੱਖਿਆ ਗਿਆ ਹੈ। -ਪੀਟੀਆਈ