29.3 C
Patiāla
Thursday, April 18, 2024

ਯੂਕਰੇਨ ਮਸਲੇ ਦਾ ਹੱਲ ਕੂਟਨੀਤੀ ਤੇ ਸੰਵਾਦ ’ਚੋਂ ਹੀ ਨਿਕਲੇਗਾ: ਭਾਰਤ

Must read


ਸੰਯੁਕਤ ਰਾਸ਼ਟਰ: ਭਾਰਤ ਨੇ ਅੱਜ ਦੁਹਰਾਇਆ ਕਿ ਯੂਕਰੇਨ ਵਿਚ ਜਾਰੀ ਟਕਰਾਅ ਦਾ ਇਕੋ-ਇਕ ਹੱਲ ਕੂਟਨੀਤੀ ਤੇ ਸੰਵਾਦ ਦਾ ਰਾਹ ਹੈ। ਭਾਰਤ ਨੇ ਕਿਹਾ ਕਿ ਖ਼ੂਨ-ਖ਼ਰਾਬੇ ਵਿਚੋਂ ਕੋਈ ਹੱਲ ਨਹੀਂ ਨਿਕਲੇਗਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਪ੍ਰਤੀਕ ਮਾਥੁਰ ਨੇ ਕਿਹਾ ਕਿ ਉਹ ਯੂਕਰੇਨ ਦੇ ਹਾਲਾਤ ਬਾਰੇ ਚਿੰਤਤ ਹਨ। ਸਲਾਮਤੀ ਪਰਿਸ਼ਦ ਵਿਚ ਅੱਜ ਰੂਸ ਦੀ ਮੇਜ਼ਬਾਨੀ ਵਿਚ ਕਰਵਾਏ ਇਕ ਸਮਾਗਮ ਵਿਚ ਸੰਬੋਧਨ ਕਰਦਿਆਂ ਮਾਥੁਰ ਨੇ ਕਿਹਾ ਕਿ ਹਿੰਸਾ ਉਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ਤੇ ਦੁਸ਼ਮਣੀ ਖ਼ਤਮ ਹੋਣੀ ਚਾਹੀਦੀ ਹੈ। ਭਾਰਤ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਬੇਕਸੂਰ ਲੋਕਾਂ ਦੀ ਜਾਨ ਲੈ ਕੇ ਤੇ ਖ਼ੂਨ-ਖ਼ਰਾਬੇ ਨਾਲ ਕੋਈ ਹੱਲ ਨਹੀਂ ਨਿਕਲੇਗਾ।’ ਮਾਥੁਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਬੁਕਾ (ਯੂਕਰੇਨ ਦੇ ਸ਼ਹਿਰ) ਵਿਚ ਨਾਗਰਿਕਾਂ ਦੀ ਹੱਤਿਆਵਾਂ ਦੀ ਸਖ਼ਤ ਨਿਖੇਧੀ ਕਰਦਾ ਹੈ। ਭਾਰਤ ਨੇ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਵੀ ਮੰਗੀ। ਭਾਰਤ ਨੇ ਕਿਹਾ ਕਿ ਉਹ ਯੂਕਰੇਨ ਦੇ ਲੋਕਾਂ ਦੇ ਦੁੱਖ ਦੂਰ ਕਰਨ ਦੇ ਸਾਰੇ ਯਤਨਾਂ ਦਾ ਪੱਖ ਪੂਰਦਾ ਹੈ। ਭਾਰਤ ਦੇ ਪ੍ਰਤੀਨਿਧੀ ਨੇ ਨਾਲ ਹੀ ਕਿਹਾ ਕਿ ਇਸ ਜੰਗ ਵਿਚ ਕੋਈ ਜੇਤੂ ਸਾਬਿਤ ਨਹੀਂ ਹੋਵੇਗਾ ਤੇ ਇਸ ਦੇ ਅਸਰ ਹੇਠ ਆਏ ਸਾਰੇ ਮੁਲਕ ਕਸ਼ਟ ਝੱਲਣਗੇ, ਆਖ਼ਰੀ ਨਿਸ਼ਾਨਾ ਕੂਟਨੀਤਕ ਰਿਸ਼ਤੇ ਬਣ ਸਕਦੇ ਹਨ। ਮਾਥੁਰ ਨੇ ਕਿਹਾ ਕਿ ਭਾਰਤ ਇਸ ਗੱਲ ਨਾਲ ਸਹਿਮਤ ਹੈ ਕਿ ਤਰਜੀਹ ਜੰਗ ਵਿਚ ਘਿਰੇ ਲੋਕਾਂ ਨੂੰ ਕੱਢਣਾ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਸਾਰੂ ਢੰਗ ਨਾਲ ਕੰਮ ਕਰਨਾ ‘ਸਾਡੇ ਸਾਰਿਆਂ ਦੇ ਸਾਂਝੇ ਹਿੱਤ ਵਿਚ ਹੈ। ਸੰਯੁਕਤ ਰਾਸ਼ਟਰ ਦੇ ਅੰਦਰ ਤੇ ਬਾਹਰ ਸਾਨੂੰ ਇਸ ਟਕਰਾਅ ਦੇ ਜਲਦੀ ਹੱਲ ਲਈ ਯਤਨ ਕਰਨੇ ਚਾਹੀਦੇ ਹਨ। ਭਾਰਤ ਨੇ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਦੇ ਮਾਸਕੋ ਤੇ ਕੀਵ ਦੌਰੇ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਗੁਟੇਰੇਜ਼ ਨੇ ਦੋਵਾਂ ਮੁਲਕਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਭਾਰਤ ਨੇ ਮਾਰੀਓਪੋਲ ’ਚੋਂ ਨਾਗਰਿਕਾਂ ਨੂੰ ਕੱਢਣ ਲਈ ਸੰਯੁਕਤ ਰਾਸ਼ਟਰ ਵੱਲੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਭਾਰਤ ਨੇ ਆਸ ਜਤਾਈ ਕਿ ਇਸ ਤਰ੍ਹਾਂ ਦੇ ਯਤਨ ਹੋਰਨਾਂ ਖੇਤਰਾਂ ਵਿਚ ਵੀ ਕੀਤੇ ਜਾਣਗੇ। ਗੁਟੇਰੇਜ਼ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੋਵਾਂ ਮੁਲਕਾਂ ਵਿਚ ਖੁੱਲ੍ਹ ਕੇ ਗੱਲ ਕੀਤੀ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਰੂਸ ਦਾ ਹਮਲਾ ਯੂਕਰੇਨ ਦੀ ਖੇਤਰੀ ਅਖੰਡਤਾ ਦੀ ਉਲੰਘਣਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article