26.1 C
Patiāla
Sunday, September 24, 2023

ਘਰੇਲੂ ਗੈਸ ਸਿਲੰਡਰ 50 ਰੁਪਏ ਹੋਰ ਮਹਿੰਗਾ

Must read


ਨਵੀਂ ਦਿੱਲੀ, 7 ਮਈ

ਕੇਂਦਰ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਸ਼ਨਿਚਰਵਾਰ ਨੂੰ 50 ਰੁਪਏ ਹੋਰ ਵਧਾ ਦਿੱਤੀ ਹੈ। ਰਿਪੋਰਟਾਂ ਮੁਤਾਬਕ 14.2 ਕਿਲੋਗ੍ਰਾਮ ਦੇ ਘਰੇਲੂ ਸਿਲੰਡਰ ਦੀ ਕੀਮਤ ਹੁਣ 999 ਰੁਪਏ 50 ਪੈਸੇ ਹੋ ਗਈ ਹੈ। ਬੀਤੇ ਦੋ ਮਹੀਨਿਆਂ ’ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੂਜੀ ਵਾਰ ਵਧਾਈ ਗਈ ਹੈ। ਐੱਲਪੀਜੀ ਸਿਲੰਡਰ ਦੀ ਕੀਮਤ ਵੱਖ ਵੱਖ ਸ਼ਹਿਰਾਂ ’ਚ ਸਥਾਨਕ ਟੈਕਸਾਂ ਮੁਤਾਬਕ ਹੋਵੇਗੀ। ਕੋਲਕਾਤਾ ’ਚ  ਗੈਸ ਸਿਲੰਡਰ ਦੀ ਕੀਮਤ ਹੁਣ 1,026 ਰੁਪਏ ਹੋ ਗਈ ਹੈ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੈਸ ਸਿਲੰਡਰ ਦੀ ਕੀਮਤ ’ਚ ਕੀਤੇ ਗਏ ਵਾਧੇ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। 

ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕੋਲਕਾਤਾ ’ਚ ਰੋਸ ਮੁਜ਼ਾਹਰਾ ਕਰਦੇ ਹੋਏ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ ਦੇ ਕਾਰਕੁਨ। -ਫੋਟੋ: ਪੀਟੀਆਈ


ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਲੱਖਾਂ ਭਾਰਤੀ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਮਾੜੇ ਸ਼ਾਸਨ ਨਾਲ ਜੂਝ ਰਹੇ ਹਨ ਅਤੇ ਹੁਣ ਗੈਸ ਸਿਲੰਡਰ ਦੀ ਕੀਮਤ ’ਚ ਵਾਧਾ ਕਰਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਦਿੱਤਾ ਹੈ। ਉਨ੍ਹਾਂ ਘਰੇਲੂ ਗੈਸ ਸਿਲੰਡਰ ਦੀ ਵਧੀ ਕੀਮਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਹ 2014 ਦੇ ਪੱਧਰ ’ਤੇ ਲਿਆਂਦੀ ਜਾਵੇ। ਰਾਹੁਲ ਨੇ ਫੇਸਬੁੱਕ ’ਤੇ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਦੌਰਾਨ ਐੱਲਪੀਜੀ ਸਿਲੰਡਰ ਦੀ ਕੀਮਤ 414 ਰੁਪੲੇ ਸੀ ਅਤੇ ਹਰੇਕ ਸਿਲੰਡਰ ’ਤੇ 827 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਸੀ। ‘ਅੱਜ ਸਿਲੰਡਰ ਦੀ ਕੀਮਤ 999 ਰੁਪਏ ਹੈ ਅਤੇ ਉਸ ’ਤੇ ਸਬਸਿਡੀ ਸਿਫ਼ਰ ਦਿੱਤੀ ਜਾਂਦੀ ਹੈ।’ ਉਨ੍ਹਾਂ ਹੈਸ਼ਟੈਗ ‘ਮਹਿੰਗਾਈ ਮੁਕਤ ਭਾਰਤ’ ਅਤੇ ਬੀਜੇਪੀ ਫੇਲ੍ਹਜ਼ ਇੰਡੀਆ’ ਦੀ ਵਰਤੋਂ ਵੀ ਕੀਤੀ ਹੈ। ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਦੌਰਾਨ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ 585 ਰੁਪਏ ਤੋਂ ਜ਼ਿਆਦਾ ਤੱਕ ਵਧਾ ਦਿੱਤੀ ਹੈ ਅਤੇ ਦਿੱਤੀ ਜਾ ਰਹੀ ਸਬਸਿਡੀ ਵੀ ਬੰਦ ਕਰ ਦਿੱਤੀ ਹੈ। ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,‘‘ਭਾਜਪਾ ਅਮੀਰ ਹੈ ਅਤੇ ਲੋਕ ਬੇਵੱਸ ਹਨ। ਭਾਜਪਾ ਸ਼ਾਸਨ ਦੌਰਾਨ ਐੱਲਪੀਜੀ ਸਿਲੰਡਰ ਦੀ ਕੀਮਤ ਢਾਈ ਗੁਣਾ ਤੱਕ ਵਧ ਚੁੱਕੀ ਹੈ। ਐੱਲਪੀਜੀ ਸਿਲੰਡਰ ਹੁਣ ਮੱਧ ਵਰਗ ਅਤੇ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।’’ ਇਕ ਹੋਰ ਕਾਂਗਰਸ ਤਰਜਮਾਨ ਪਵਨ ਖੇੜਾ ਨੇ ਪਾਰਟੀ ਹੈੱਡਕੁਆਰਟਰ ’ਤੇ ਦੋ ਗੈਸ ਸਿਲੰਡਰਾਂ ’ਤੇ ਹਾਰ ਚੜ੍ਹਾਏ ਅਤੇ ਸਬਜ਼ੀਆਂ ਅੱਗੇ ਅਗਰਬੱਤੀਆਂ ਜਲਾਈਆਂ। ਉਨ੍ਹਾਂ ਕਿਹਾ ਕਿ ਇਹ ਗੈਸ ਸਿਲੰਡਰਾਂ ਲਈ ਸ਼ੋਕ ਸਭਾ ਹੈ। ਖੇੜਾ ਨੇ ਕਿਹਾ,‘‘ਸਾਹੇਬ (ਨਰਿੰਦਰ ਮੋਦੀ) ਜਿਵੇਂ ਹੀ ਵਿਦੇਸ਼ ਦੌਰੇ ਤੋਂ ਪਰਤੇ ਤਾਂ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾ ਦਿੱਤੀ। ਮੋਦੀ ਜੀ ਨੇ ਵੱਡੇ ਵੱਡੇ ਬੈਨਰ ਲਗਾਏ ਸਨ ਕਿ ਸਬਸਿਡੀ ਛੱਡ ਦਿਉ। ਹੁਣ ਅੱਜ ਦੇ ਹਾਲਾਤ ਦੇਖਦਿਆਂ ਜਾਪਦਾ ਹੈ ਕਿ ਸਿਲੰਡਰ ਨੂੰ ਖੁਦ ਹੀ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ।’’ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਸਵੇਰੇ ਨਵੀਂ ਮੁਸ਼ਕਲ ਲੈ ਕੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਦੀ ਕੀਮਤ ਵਧਾ ਕੇ ਸਰਕਾਰ ਨੇ ਗਰੀਬਾਂ ਅਤੇ ਮੱਧ ਵਰਗ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਈਂਧਣ ਦੀਆਂ ਕੀਮਤਾਂ ਲਗਾਤਾਰ ਵਧਾ ਕੇ ਮੁਲਕ ਦੇ ਲੋਕਾਂ ਨੂੰ ਸਤਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਨੇ ਪੈਟਰੋਲ, ਡੀਜ਼ਲ, ਐੱਲਪੀਜੀ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾ ਕੇ ‘ਗ੍ਰੇਟ ਇੰਡੀਅਨ ਲੁੱਟ’ ਮਚਾ ਰੱਖੀ ਹੈ। ਜਿ਼ਕਰਯੋਗ ਹੈ ਿਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਅਤੇ ਇਹ ਕਈ ਸ਼ਹਿਰਾਂ ਵਿੱਚ 100 ਰੁਪਏ ਤੋਂ ਵੱਧ ਹਨ। -ਪੀਟੀਆਈNews Source link

- Advertisement -

More articles

- Advertisement -

Latest article