ਪੁਣੇ, 7 ਮਈ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇੱੱਥੇ ਖੇਡੇ ਗਏ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 75 ਦੌੜਾਂ ਨਾਲ ਹਰਾ ਦਿੱਤਾ ਹੈ। ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਸੁਪਰ ਜਾਇੰਟਸ ਨੇ ਕੁਇੰਟਨ ਡੀ ਕਾਕ ਦੀਆਂ 56 ਦੌੜਾਂ ਅਤੇ ਦੀਪਕ ਹੁੱਡਾ ਦੀਆਂ 41 ਦੌੜਾਂ ਸਦਕਾ 20 ਓਵਰਾਂ ਵਿੱਚ 176/7 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਖੇਡਦਿਆਂ ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ 17.4 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ ਸਿਰਫ 101 ਦੌੜਾਂ ਹੀ ਬਣਾ ਸਕੀ। ਕੋਲਕਾਤਾ ਵੱਲੋਂ ਆਂਦਰੇ ਰਸਲ ਨੇ 45 ਅਤੇ ਸੁਨੀਲ ਨਰਾਇਣ 22 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਵੱਲੋਂ ਆਵੇਸ਼ ਖ਼ਾਨ ਤੇ ਜੈਸਨ ਹੋਲਡਰ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ ਆਵੇਸ਼ ਖ਼ਾਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।