ਨਵੀਂ ਦਿੱਲੀ, 6 ਮਈ
ਚੀਨ ਵਿੱਚ ਕਰੋਨਾ ਕੇਸ ਵਧਣ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਹੋਈਆਂ ਏਸ਼ਿਆਈ ਖੇਡਾਂ-2022 ਬਾਰੇ ਭਾਰਤੀ ਅਥਲੀਟਾਂ ਨੇ ਰਲਵੀਂ-ਮਿਲਵੀਂ ਪ੍ਰਤੀਕਿਰਿਆ ਦਿੱਤੀ ਹੈ। ਏਸ਼ਿਆਈ ਖੇਡਾਂ ਲਈ ਟਿਕਟ ਕਟਾਉਣ ਵਾਲੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ, ਜਦੋਂਕਿ ਇਸ ਟੂਰਨਾਮੈਂਟ ਵਿੱਚ ਥਾਂ ਬਣਾਉਣ ਤੋਂ ਖੁੰਝੇ ਅਥਲੀਟਾਂ ਨੇ ਰਾਹਤ ਮਹਿਸੂਸ ਕੀਤੀ ਹੈ। ਏਸ਼ਿਆਈ ਖੇਡਾਂ ਅੱਗੇ ਪੈਣ ਕਾਰਨ ਕਈਆਂ ਨੂੰ ਤਿਆਰੀ ਕਰਨ ਲਈ ਹੋਰ ਸਮਾਂ ਮਿਲੇਗਾ, ਜਦੋਂਕਿ ਇਸ ਦੀ ਤਿਆਰੀ ਵਿੱਚ ਜੁਟੇ ਕਈ ਖਿਡਾਰੀਆਂ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਏਸ਼ਿਆਈ ਖੇਡਾਂ ਮਗਰੋਂ ਸੰਨਿਆਸ ਲੈਣ ਦੀ ਯੋਜਨਾ ਬਣਾਈ ਬੈਠੇ ਉੱਘੇ ਤੀਰਅੰਦਾਜ਼ ਤਰੁਣਦੀਪ ਰਾਏ ਦੇ ਪੱਲੇ ਨਿਰਾਸ਼ਾ ਪਈ ਹੈ। ਤਿੰਨ ਵਾਰ ਦੇ ਓਲੰਪੀਅਨ ਰਾਏ ਨੇ ਕਿਹਾ, ‘‘ਇਹ ਮੇਰੇ ਲਈ ਬਹੁਤ ਬਹੁਤ ਵੱਡਾ ਝਟਕਾ ਹੈ। ਮੈਂ ਪਹਿਲਾਂ ਹੀ 38 ਸਾਲ ਦਾ ਹੋ ਗਿਆ ਹਾਂ ਅਤੇ ਮੈਂ ਇਸ ਸਾਲ ਏਸ਼ਿਆਈ ਖੇਡਾਂ ਮਗਰੋਂ ਸੰਨਿਆਸ ਲੈਣ ਦੀ ਯੋਜਨਾ ਬਣਾ ਰਿਹਾ ਸੀ। ਹੁਣ ਮੈਂ ਨਿਰਾਸ਼ ਹਾਂ। ਮੇਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਹਨ।’’
ਦੂਜੇ ਪਾਸੇ ਏਸ਼ਿਆਈ ਖੇਡਾਂ ਵਿੱਚ ਥਾਂ ਬਣਾਉਣ ਤੋਂ ਅਸਫਲ ਰਹੀ ਮਹਿਲਾ ਸਟਾਰ ਤੀਰਅੰਦਾਜ਼ ਦੀਪਕਾ ਕੁਮਾਰੀ ਨੂੰ ਇਸ ਦੇ ਰੱਦ ਹੋਣ ਤੋਂ ਆਸ ਬੱਝੀ ਹੈ। ਸਕੁਐਸ਼ ਓਲੰਪਿਕ ਖੇਡਾਂ ਦਾ ਹਿੱਸਾ ਨਹੀਂ ਹੈ। ਇਸ ਲਈ ਸਕੁਐਸ਼ ਖਿਡਾਰੀਆਂ ਨੂੰ ਹਰੇਕ ਚਾਰ ਸਾਲਾਂ ਮਗਰੋਂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਰਗੇ ਵੱਡੇ ਟੂਰਨਾਮੈਂਟ ਦੀ ਉਡੀਕ ਕਰਨੀ ਪੈਂਦੀ ਹੈ। ਸਕੁਐਸ਼ ਅਥਲੀਟ ਜੋਸ਼ਨਾ ਚਿਨੱਪਾ ਨਾਲ ਮਿਲ ਕੇ ਹਾਲ ਹੀ ਵਿੱਚ ਵਿਸ਼ਵ ਡਬਲਜ਼ ਚੈਂਪੀਅਨਸ਼ਿਪ ਜਿੱਤਣ ਵਾਲੀ ਦੀਪਿਕਾ ਪੱਲੀਕਲ ਨੇ ਕਿਹਾ ਕਿ ਹੁਣ ਉਸ ਨੂੰ ਲੰਮੇਂ ਸਮੇਂ ਦੀਆਂ ਯੋਜਨਾਵਾਂ ’ਤੇ ਮੁੜ ਕੰਮ ਕਰਨਾ ਪਵੇਗਾ। ਭਾਰਤੀ ਵੇਟਲਿਫਟਿੰਗ ਦੇ ਮੁੱਖ ਕੋਚ ਵਿਜੈ ਸ਼ਰਮਾ ਨੇ ਏਸ਼ਿਆਈ ਖੇਡਾਂ ਦੇ ਮੁਲਤਵੀ ਹੋਣ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। -ਪੀਟੀਆਈ