ਮੈਡ੍ਰਿਡ: ਰਿਆਲ ਮੈਡਰਿਡ ਨੇ ਬੀਤੇ ਦਿਨ ਇੱਥੇ ਮੈਨਚੈਸਟਰ ਸਿਟੀ ਨੂੰ ਸੈਮੀ ਫਾਈਨਲ ਦੇ ਦੂਜੇ ਗੇੜ ਵਿੱਚ 3-1 ਨਾਲ ਹਰਾ ਕੇ ਕੁੱਲ 6-5 ਦੇ ਸਕੋਰ ਨਾਲ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਿੱਥੇ 28 ਮਈ ਨੂੰ ਉਸ ਦਾ ਮੁਕਾਬਲਾ ਲਿਵਰਪੂਲ ਨਾਲ ਹੋਵੇਗਾ। ਮੈਨਚੈਸਟਰ ਸਿਟੀ ਨੇ ਸੈਮੀ ਫਾਈਨਲ ਦੇ ਦੂਜੇ ਗੇੜ ਵਿੱਚ 13 ਵਾਰ ਦੇ ਯੂਰੋਪੀ ਚੈਂਪੀਅਨ ’ਤੇ 1-0 ਦੀ ਲੀਡ ਬਣਾਈ ਹੋਈ ਸੀ ਪਰ ਰਿਆਲ ਮੈਡਰਿਡ ਨੇ ਸ਼ਾਨਦਾਰ ਵਾਪਸੀ ਕੀਤੀ ਜਿਸ ਵਿੱਚ ਰੌਡਰਿਗੋ ਨੇ ਅਖ਼ੀਰ ਵਿੱਚ ਦੋ ਮਿੰਟ ਵਿੱਚ ਦੋ ਗੋਲ ਕਰ ਦਿੱਤੇ ਅਤੇ ਮੈਨਚੈਸਟਰ ਯੂਨਾਈਟਿਡ ਨੂੰ 3-1 ਨਾਲ ਹਰਾਇਆ। ਰਿਆਲ ਮੈਡਰਿਡ ਦੀ ਇਸ ਸੈਸ਼ਨ ਵਿੱਚ ਪਿਛਲੀ ਵਾਪਸੀ ਦੇ ਨਾਇਕ ਰਹੇ ਕਰੀਮ ਬੈਂਜ਼ੇਮਾ ਨੇ ਵਾਧੂ ਸਮੇਂ ਵਿੱਚ ਪੈਨਲਟੀ ਕਿੱਕ ਨੂੰ ਫੈਸਲਾਕੁਨ ਗੋਲ ਵਿੱਚ ਤਬਦੀਲ ਕੀਤਾ। ਪਹਿਲੇ ਸੈਮੀ ਫਾਈਨਲ ਵਿੱਚ ਰਿਆਲ ਮੈਡਰਿਡ ਨੂੰ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਗੇੜ ਵਿੱਚ ਬੈਂਜ਼ੇਮਾ ਦੇ ਫੈਸਲਾਕੁਨ ਗੋਲ ਨਾਲ ਟੀਮ 6-5 ਨਾਲ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੀ ਅਤੇ 28 ਮਈ ਨੂੰ ਪੈਰਿਸ ’ਚ ਲਿਵਰਪੂਲ ਨਾਲ ਭਿੜੇਗੀ। ਮੈਡਰਿਡ ਨੇ 2018 ਦੇ ਫਾਈਨਲ ਵਿੱਚ ਵੀ ਲਿਵਰਪੂਲ ਨੂੰ ਹਰਾਇਆ ਸੀ। -ਏਪੀ