ਮੁਹਾਲੀ, 6 ਮਈ
ਦਿੱਲੀ ਤੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲੀਸ ਨੇ ਆਪਣਾ ਬਿਆਨ ਦਿੱਤਾ ਹੈ। ਐੱਸਐੱਸਪੀ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਬੱਗਾ ਨੂੰ ਗ੍ਰਿਫ਼ਤਾਰ ਕਰਨ ਗਈ ਮੁਹਾਲੀ ਪੁਲੀਸ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਕਾਰਵਾਈ ਕੀਤੀ ਹੈ। ਬੱਗਾ ਨੂੰ ਅਗਵਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੱਗਾ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਹੋਣ ਮਗਰੋਂ ਉਸ ਨੂੰ ਪੰਜ ਕਾਨੂੰਨੀ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਪਰ ਉਹ ਇੱਕ ਵਾਰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਨਹੀਂ ਆਇਆ। ਬੱਗਾ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਾਲੀ ਪੁਲੀਸ ਦੀ ਟੀਮ ਦਿੱਲੀ ਗਈ ਸੀ। ਉਸ ਨੂੰ ਸਵੇਰੇ 6 ਵਜੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਗਿਆ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਬੱਗਾ ਨੂੰ ਮੁਹਾਲੀ ਲਿਆਉਣ ਤੋਂ ਪਹਿਲਾਂ ਦਿੱਲੀ ਪੁਲੀਸ ਨੂੰ ਵੀ ਉਸ ਦੀ ਗ੍ਰਿਫਤਾਰੀ ਦੀ ਸੂਚਨਾ ਦਿੱਤੀ ਗਈ ਸੀ।