24.7 C
Patiāla
Tuesday, April 22, 2025

ਪਟਿਆਲਾ ਹਿੰਸਾ: ਵਿਦੇਸ਼ੀ ਫੰਡਾਂ ਦੀ ਜਾਂਚ ਲਈ ਪਰਵਾਨਾ ਦਾ ਰਿਮਾਂਡ ਵਧਾਇਆ

Must read


ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਮਈ

ਖਾਲਿਸਤਾਨ ਦੇ ਮੁੱਦੇ ’ਤੇ 29 ਅਪਰੈਲ ਨੂੰ ਪਟਿਆਲਾ ਵਿੱਚ ਵਾਪਰੀ ਹਿੰਸਕ ਘਟਨਾ ਦੇ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤੇ ਗਏ ਬਲਜਿੰਦਰ ਸਿੰਘ ਪਰਵਾਨਾ ਦਾ ਚਾਰ-ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਉਸਨੂੰ ਅੱਜ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲੀਸ ਨੇ ਉਸ ਦਾ ਹਫ਼ਤੇ ਲਈ ਹੋਰ ਰਿਮਾਂਡ ਮੰਗਿਆ। ਪੁਲੀਸ ਨੇ ਜਿੱਥੇ ਕਈ ਹੋਰ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਪਤਾ ਲਗਾਉਣ ਦਾ ਹਵਾਲਾ ਦਿੱਤਾ, ਉੱਥੇ ਹੀ ਪਰਵਾਨਾ ਕੋਲ਼ ਵਿਦੇਸ਼ਾਂ ਤੋਂ ਫੰਡ ਆਉਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਹੈ। ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ 9 ਮਈ ਤੱਕ ਪਰਵਾਨਾ ਦੇ ਪੁਲੀਸ ਰਿਮਾਂਡ ’ਚ ਹੋਰ ਵਾਧਾ ਕਰ ਦਿੱਤਾ।

ਹਰੀਸ਼ ਸਿੰਗਲਾ

ਇਸ ਮੌਕੇ ਅਦਾਲਤ ਨੇ ਦਲਜੀਤ ਰਿੰਪਲ ਸਮਾਣਾ, ਕੁਲਦੀਪ ਸਮਾਣਾ ਤੇ ਸ਼ਿਵਦੇਵ ਸਿੰਘ ਸਮੇਤ ਚਾਰ ਨੌਜਵਾਨਾ ਨੂੰ ਜੇਲ੍ਹ ਭੇਜ ਦਿੱਤਾ। ਕੁਲਦੀਪ ਸਿੰਘ ਢੈਂਠਲ ਦਾ ਇੱਕ ਹੋਰ ਕੇਸ ’ਚ ਪੁਲੀਸ ਰਿਮਾਂਡ ਲੈ ਲਿਆ। ਇਸੇ ਦੌਰਾਨ ਪਟਿਆਲਾ ਹਿੰਸਾ ਦੌਰਾਨ ਬਲਵਿੰਦਰ ਸਿੰਘ ਅਜਨਾਲੀ ਨਾਂ ਦੇ ਸਿੱਖ ਕਾਰਕੁਨ ਨੂੰ ਗੋਲੀ ਮਾਰਨ ਦੇ ਦੋਸ਼ ਹੇਠ ਹੇਠ ਪੁਲੀਸ ਵੱਲੋਂ ਹੁਸਨਪ੍ਰੀਤ ਨਾਂ ਦੇ ਇੱਕ ਨੌਜਵਾਨ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੌਜਵਾਨਾ ਨੂੰ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਇਥੇ ਅਦਾਲਤ ’ਚ ਪੇਸ਼ ਕੀਤਾ। ਜਿਸ ਦੌਰਾਨ ਤਿੰਨਾਂ ਨੂੰ 7 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਅਤੇ ਭੜਕਾਊ ਤਕਰੀਰਾਂ ਕਰਨ ਦੇ ਦੋਸ਼ ਹੇਠ ਪੁਲੀਸ ਰਿਮਾਂਡ ਮਗਰੋਂ ਜੇਲ੍ਹ ਭੇਜੇ ਗਏ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਐਕਟਿੰਗ ਪ੍ਰਧਾਨ ਹਰੀਸ਼ ਸਿੰਗਲਾ ਨੂੰ ਦੋ ਦਿਨਾਂ ਮਗਰੋਂ ਹੀ ਅੱਜ ਪੁਲੀਸ ਨੇ ਇੱਕ ਹੋਰ ਕੇਸ ’ਚ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ। ਅਦਾਲਤ ਨੇ ਸਿੰਗਲਾ ਦਾ ਚਾਰ ਦਿਨਾਂ ਪੁਲੀਸ ਰਿਮਾਂਡ ਦੇ ਦਿੱਤਾ ਹੈ।

ਬੀ ਚੰਦਰ ਸ਼ੇਖਰ ਵੱਲੋਂ ਪਟਿਆਲਾ ਹਿੰਸਾ ਦੀ ਜਾਂਚ ਸ਼ੁਰੂ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਹੀ ਪਟਿਆਲਾ ਹਿੰਸਾ ਲਈ ਜਾਂਚ ਅਧਿਕਾਰੀ ਲਾਏ ਗਏ ਪੰਜਾਬ ਬਿਓਰੋ ਆਫ਼ ਇਨਵੈਸ਼ਟੀਗੇਸ਼ਨ ਦੇ ਡਾਇਰੈਕਟਰ ਬੀ. ਚੰਦਰ ਸ਼ੇਖਰ ਨੇ ਅੱਜ ਪਟਿਆਲਾ ਦਾ ਦੌਰਾ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਥੇ ਪੁਲੀਸ ਅਧਿਕਾਰੀਆਂ ਨਾਲ਼ ਮੀਟਿੰਗ ਕੀਤੀ ਅਤੇ ਕੁਝ ਖੇਤਰਾਂ ਦਾ ਦੌਰਾ ਵੀ ਕੀਤਾ। ਓਹ ਕਾਲ਼ੀ ਮਾਤਾ ਮੰਦਰ ਵਾਲ਼ੇ ਪਾਸਿਓਂ ਵੀ ਲੰਘੇ। ਉਨ੍ਹਾਂ ਅੱਜ ਆਪਣੀ ਪਲੇਠੀ ਪਟਿਆਲਾ ਫੇਰੀ ਦੌਰਾਨ ਸਥਾਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘਟਨਾਕ੍ਰਮ ’ਚ ਸ਼ਾਮਲ ਰਹੇ ਕਿਸੇ ਵੀ ਸਖ਼ਸ਼ ਨਾਲ ਢਿੱਲ ਨਾ ਵਰਤੀ ਜਾਵੇ। ਪਰ ਨਾਲ ਹੀ ਉਨ੍ਹਾਂ ਨੇ ਕਿਸੇ ਵੀ ਬੇਕਸੂਰ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਹਦਾਇਤ ਵੀ ਕੀਤੀ।





News Source link

- Advertisement -

More articles

- Advertisement -

Latest article