ਲੰਬੀ (ਇਕਬਾਲ ਸਿੰਘ ਸ਼ਾਂਤ): ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ 26 ਸਾਲਾ ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਬੱਲ ਨੂੰ ਡੋਪ ਟੈਸਟ ’ਚ ਫੇਲ੍ਹ ਹੋਣ ’ਤੇ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਉਹ ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ। ਉਹ ਟੋਕੀਓ ਓਲੰਪਿਕਸ ਦੌਰਾਨ ਡਿਸਕਸ ਥਰੋਅ ਵਿੱਚ ਛੇਵੇਂ ਨੰਬਰ ’ਤੇ ਰਹੀ ਸੀ। ਉਸ ਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜੋਲੋਲ) ਦੀ ਮੌਜੂਦਗੀ ਪਾਈ ਗਈ ਹੈ। ਦੋਸ਼ੀ ਪਾਏ ਜਾਣ ’ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਵਿਸ਼ਵ ਅਥਲੈਟਿਕਸ (ਗਵਰਨਿੰਗ ਬਾਡੀ) ਨੇ ਟਵੀਟ ਕੀਤਾ, ‘ਏਆਈਯੂ ਨੇ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਉਸ ਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜੋਲੋਲ) ਦੀ ਮੌਜੂਦਗੀ/ਵਰਤੋਂ ਲਈ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਇਹ ਪਦਾਰਥ ਵਿਸ਼ਵ ਅਥਲੈਟਿਕਸ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਹੈ।’ ਏਆਈਯੂ ਨੇ ਨੋਟਿਸ ਜਾਰੀ ਕਰਕੇ ਕਮਲਪ੍ਰੀਤ ਨੂੰ ਪੱਖ ਰੱਖਣ ਲਈ ਆਖਿਆ ਹੈ।