ਮੁੰਬਈ: ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ 33 ਸਾਲ ਪਹਿਲਾਂ ਮੁੰਬਈ ਵਿੱਚ ਕ੍ਰਿਕਟ ਅਕੈਡਮੀ ਸਥਾਪਤ ਕਰਨ ਲਈ ਉਨ੍ਹਾਂ ਨੂੰ ਅਲਾਟ ਕੀਤਾ ਗਿਆ ਸਰਕਾਰੀ ਪਲਾਟ ਵਾਪਸ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਮਹਾਰਾਸ਼ਟਰ ਹਾਊਸਿੰਗ ਏਜੰਸੀ ਐੱਮਐੱਚਏਡੀੲੇ ਦੇ ਇੱਕ ਅਧਿਕਾਰੀ ਨੇ ਦਿੱਤੀ। ਸੂਬੇ ਦੇ ਆਵਾਸ ਮੰਤਰੀ ਜੀਤੇਂਦਰ ਅਵਹਦ ਨੇ ਪਿਛਲੇ ਸਾਲ ਉਪਨਗਰੀ ਬਾਂਦਰਾ ਵਿੱਚ ਪਲਾਟ ਦੀ ਵਰਤੋਂ ਨਾ ਕਰਨ ’ਤੇ ਗਾਵਸਕਰ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜਿੱਥੇ ਅਲਾਟਮੈਂਟ ਦੇ 30 ਸਾਲਾਂ ਬਾਅਦ ਇੱਕ ਕ੍ਰਿਕਟ ਅਕੈਡਮੀ ਦਾ ਮਤਾ ਪੇਸ਼ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਗਾਵਸਕਰ ਨੇ ਰਾਜ ਵਿੱਚ ਸੱਤਾਧਾਰੀ ਮਹਾ ਵਿਕਾਸ ਅਗਾੜੀ ਦੇ ਭਾਈਵਾਲਾਂ ਨਾਲ ਅੱਠ ਮਹੀਨਿਆਂ ਤੱਕ ਵਿਚਾਰ-ਵਟਾਂਦਰੇ ਅਤੇ ਮੀਟਿੰਗਾਂ ਕਰਨ ਮਗਰੋਂ ਹੁਣ ਇਹ ਪਲਾਟ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈੱਲਪਮੈਂਟ ਅਥਾਰਟੀ (ਐੱਚਐੱਚਏਡੀਏ) ਨੂੰ ਵਾਪਸ ਕਰ ਦਿੱਤਾ ਹੈ। ਅਵਹਦ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਗਾਵਸਕਰ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਉਹ ਕਈ ਸਾਲ ਪਹਿਲਾਂ ਉਨ੍ਹਾਂ ਨੂੰ ਦਿੱਤੇ ਗਏ ਬਾਂਦਰਾ ਪਲਾਟ ’ਤੇ ਕ੍ਰਿਕਟ ਅਕੈਡਮੀ ਨਹੀਂ ਬਣਾ ਸਕਦੇ ਸਨ। -ਪੀਟੀਆਈ