ਅਸ਼ੋਕ ਸਕਸੈਨਾ
ਭੂਰੇ ਲਾਲ ਦੇ ਖੇਤ ਦੀ ਵੱਟ ਤੋਂ ਬਾਹਰ ਕਿਸੇ ਆਦਮੀ ਦੀ ਲਾਸ਼ ਪਈ ਸੀ। ਪਿੰਡ ਵਾਲਿਆਂ ਨੂੰ ਇਹ ਖ਼ਬਰ ਸਭ ਤੋਂ ਪਹਿਲਾਂ ਬਜਰੰਗੀ ਨੇ ਦਿੱਤੀ, ਜੋ ਸਵੇਰੇ ਸੈਰ ਕਰਦਿਆਂ ਦਾਤਣ ਤੋੜਨ ਲਈ ਉਸ ਰੁੱਖ ਤੱਕ ਆਇਆ, ਜਿੱਥੇ ਲਾਸ਼ ਸੀ। ਖੇਤ ਦੇ ਕਿਨਾਰੇ-ਕਿਨਾਰੇ ਬਣੀ ਡੰਡੀ ਉਚਾਈ ’ਤੇ ਸੀ, ਜਦੋਂਕਿ ਲਾਸ਼ ਖੇਤ ਤੋਂ ਕਰੀਬ ਦਸ-ਬਾਰਾਂ ਹੱਥ ਹੇਠਾਂ ਢਲਾਣ ’ਤੇ ਸੀ। ਇਸ ਲਈ ਉਹ ਦੂਰੋਂ ਉਹਨੂੰ ਵੇਖ ਨਹੀਂ ਸਕਿਆ ਸੀ।
ਲਾਸ਼ ’ਤੇ ਨਜ਼ਰ ਪੈਂਦਿਆਂ ਹੀ ਉਹ ਡਰ ਨਾਲ ਕੰਬ ਗਿਆ। ਕਿੱਕਰ ਦੀ ਟਾਹਣੀ ਉਹਦੇ ਹੱਥੋਂ ਛੁੱਟ ਗਈ। ਹਿੰਮਤ ਕਰਕੇ ਉਹਨੇ ਲਾਸ਼ ਵੱਲ ਵੇਖਿਆ। ਲੰਮੇ ਅਤੇ ਭਾਰੀ ਕੱਦ-ਕਾਠ ਦਾ ਕੋਈ ਵੱਡਾ-ਬੁੱਢਾ ਆਦਮੀ ਸੀ। ਉਹਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਬਜਰੰਗੀ ਨੂੰ ਲੱਗਿਆ ਕਿ ਲਾਸ਼ ਉਹਨੂੰ ਹੀ ਘੂਰ ਰਹੀ ਸੀ। ਆਪਣੇ ਹੋਸ਼-ਹਵਾਸ ਨੂੰ ਕਾਇਮ ਰੱਖਦਿਆਂ ਉਹ ਹੌਲੀ-ਹੌਲੀ ਅੱਠ-ਦਸ ਕਦਮ ਪਿੱਛੇ ਹਟਿਆ ਅਤੇ ਫਿਰ ਮੁੜ ਕੇ ਸ਼ੂਟ ਵੱਟ ਕੇ ਪਿੰਡ ਪਹੁੰਚਿਆ।
ਲਾਵਾਰਿਸ ਲਾਸ਼ ਨੂੰ ਵੇਖਣ ਲਈ ਪਿੰਡ ਦੀ ਭੀੜ ਇਕੱਠੀ ਹੋ ਗਈ। ਲਾਸ਼ ਦੀ ਇੱਕ ਲੱਤ ਦੂਜੀ ਲੱਤ ਦੇ ਭਾਰ ਨਾਲ ਹੇਠਾਂ ਖਿਸਕੀ ਹੋਈ ਸੀ। ਸ਼ਾਇਦ ਕੂਲੇ ਦੀ ਹੱਡੀ ਟੁੱਟਣ ਨਾਲ ਅਜਿਹਾ ਹੋਇਆ ਸੀ। ਪੱਟ ਦੇ ਜੋੜ ਦਾ ਹਿੱਸਾ ਬੁਰੀ ਤਰ੍ਹਾਂ ਜ਼ਖ਼ਮੀ ਸੀ। ਧੜ ਦੇ ਹੇਠਾਂ ਤੱਕ ਲਮਕਦੇ ਕੁੜਤੇ ’ਤੇ ਖ਼ੂਨ ਦਾ ਦਾਗ ਪੈ ਗਿਆ ਸੀ। ਇਸ ਇੱਕ ਸੱਟ ਤੋਂ ਇਲਾਵਾ ਲਾਸ਼ ਦੇ ਸਰੀਰ ’ਤੇ ਕਿਤੇ ਕੋਈ ਖਰੋਂਚ ਤੱਕ ਨਹੀਂ ਸੀ। ਮ੍ਰਿਤਕ ਨੇ ਸਲੇਟੀ ਰੰਗ ਦਾ ਲੰਮਾ ਕੁੜਤਾ ਅਤੇ ਤੰਗ ਮੂਹਰੀ ਦਾ ਪਜਾਮਾ ਪਹਿਨਿਆ ਹੋਇਆ ਸੀ। ਸਿਰ ’ਤੇ ਹਲਕੇ ਅਤੇ ਲੰਮੇ ਖਿਚੜੀ ਵਾਲ ਸਨ। ਚਿਹਰੇ ’ਤੇ ਸਫ਼ੈਦ ਦਾੜ੍ਹੀ ਅਤੇ ਪਤਲੀਆਂ ਲੰਮੀਆਂ ਮੁੱਛਾਂ ਸਨ। ਦਾੜ੍ਹੀ ਕਲਮ ਨਾਲ ਹੇਠਾਂ ਠੋਡੀ ਤੱਕ ਤਰਾਸ਼ੀ ਹੋਈ ਸੀ। ਅੱਖਾਂ ਖੁੱਲ੍ਹੀਆਂ ਸਨ ਅਤੇ ਉਨ੍ਹਾਂ ਵਿੱਚ ਸੁਰਮਾ ਲੱਗਿਆ ਹੋਇਆ ਸੀ। ਵੇਖਣ ਤੋਂ ਲੱਗਦਾ ਸੀ ਕਿ ਮ੍ਰਿਤਕ ਦੀ ਉਮਰ ਸੱਤਰ ਦੇ ਆਸਪਾਸ ਹੋਵੇਗੀ। ਲਾਸ਼ ਦੇ ਪਹਿਨੇ ਹੋਏ ਕੱਪੜਿਆਂ ਦੀਆਂ ਜੇਬਾਂ ਖਾਲੀ ਸਨ। ਲੋਕਾਂ ਨੇ ਪਜਾਮੇ ਅਤੇ ਬਨੈਣ ਤੱਕ ਹੱਥ ਫੇਰ ਕੇ ਵੇਖ ਲਿਆ ਸੀ- ਕੋਈ ਪਰਸ, ਟਿਕਟ ਜਾਂ ਕਾਗਜ਼ ਦਾ ਇੱਕ ਟੁਕੜਾ ਤੱਕ ਨਹੀਂ ਮਿਲਿਆ ਸੀ।
ਇਸ ਦੌਰਾਨ ਖ਼ਬਰ ਮਿਲਣ ’ਤੇ ਪਿੰਡ ਦਾ ਪ੍ਰਧਾਨ ਤੇ ਸਰਪੰਚ ਆ ਪਹੁੰਚੇ। ਉਨ੍ਹਾਂ ਨੇ ਲਾਸ਼ ਦੇ ਚਾਰੇ ਪਾਸੇ ਘੁੰਮ ਕੇ ਬਾਰੀਕੀ ਨਾਲ ਮੁਆਇਨਾ ਕੀਤਾ। ਕਿਸੇ ਦੀ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਲਾਸ਼ ਕੀਹਦੀ ਸੀ ਅਤੇ ਇੱਥੇ ਕਿਉਂ ਪਈ ਸੀ? ਰੇਲਵੇ ਲਾਈਨ ਇਸ ਥਾਂ ਤੋਂ ਘੱਟੋ-ਘੱਟ ਵੀਹ ਗਜ਼ ਦੂਰ ਸੀ। ਕਾਫ਼ੀ ਬਹਿਸ ਪਿੱਛੋਂ ਲੋਕਾਂ ਨੇ ਅਨੁਮਾਨ ਲਾਇਆ ਕਿ ਚਲਦੀ ਰੇਲ ਗੱਡੀ ’ਚੋਂ ਡਿੱਗ ਕੇ ਇਹ ਆਦਮੀ ਕਿਸੇ ਰੁੱਖ ਦੇ ਮੁੱਢ ਨਾਲ ਟਕਰਾਇਆ ਅਤੇ ਉੱਛਲ ਕੇ ਇੱਥੇ ਆ ਡਿੱਗਿਆ ਸੀ। ਦੂਰੋਂ ਵੇਖਣ ’ਤੇ ਹਰ ਕਿਸੇ ਨੂੰ ਇਹੋ ਲੱਗੇਗਾ ਕਿ ਕੋਈ ਥੱਕਿਆ ਹੋਇਆ ਬੰਦਾ ਡੂੰਘੀ ਨੀਂਦ ਵਿੱਚ ਸੁੱਤਾ ਹੋਇਆ ਸੀ।
‘‘ਕੀ ਸੋਚ ਰਹੇ ਹੋ ਪ੍ਰਧਾਨ ਚਾਚਾ?’’ ਸਰਪੰਚ ਨੇ ਪੁੱਛਿਆ।
‘‘ਸੋਚ ਰਿਹਾ ਹਾਂ ਇੱਥੇ ਲਾਸ਼ ਆਈ ਕਿਵੇਂ?’’
‘‘ਚਾਚਾ ਲਾਸ਼ ਚੱਲਦੀ ਨਹੀਂ ਹੈ। ਇਉਂ ਕਹੋ ਕਿ ਇਹ ਆਦਮੀ ਇੱਥੇ ਪਹੁੰਚ ਕੇ ਮਰਿਆ ਕਿਵੇਂ?’’
‘‘ਇੱਕੋ ਹੀ ਗੱਲ ਹੈ ਤੂੰ ਤਾਂ ਗੱਲ ਦੀ ਖੱਲ ਲਾਹ ਰਿਹਾ ਹੈਂ।’’
‘‘ਗੱਲ ਦੀ ਖੱਲ ਨਹੀਂ, ਵਾਲ ਦੀ ਖੱਲ ਹੁੰਦੀ ਹੈ।’’
‘‘ਪਰ ਹੁਣ ਤੂੰ ਇਹ ਦੱਸ, ਇਹਦਾ ਕੀ ਕਰੀਏ? ਮੈਨੂੰ ਤਾਂ ਇਹ ਕੋਈ ਮੁਸਲਮਾਨ ਲੱਗਦਾ ਹੈ।’’
‘‘ਠੀਕ ਕਹਿ ਰਹੇ ਹੋ ਚਾਚਾ! ਲੱਗਦਾ ਤਾਂ ਮੁਸਲਮਾਨ ਹੀ ਹੈ।’’ ਸਰਪੰਚ ਨੇ ਸਹਿਮਤੀ ਪ੍ਰਗਟਾਈ।
‘‘ਮੇਰੇ ਖ਼ਿਆਲ ਵਿੱਚ ਪੁਲੀਸ ਨੂੰ ਸੂਚਨਾ ਦੇਣੀ ਚਾਹੀਦੀ ਹੈ।’’ ਭੀੜ ਵਿੱਚ ਖੜ੍ਹੇ ਫਜਰੂ ਨੇ ਬਿਨਾਂ ਮੰਗਿਆਂ ਸਲਾਹ ਦਿੱਤੀ ਤਾਂ ਸਰਪੰਚ ਭੜਕ ਉੱਠਿਆ। ‘‘ਹੁਣ ਵੀਹ ਮੀਲ ਦੂਰ ਥਾਣੇ ਖ਼ਬਰ ਦੇਣ ਤੂੰ ਜਾਏਂਗਾ ਕਿ ਤੇਰਾ ਪਿਓ!’’
ਫਜਰੂ ਨੇ ਸਰਪੰਚ ਦੀ ਗੱਲ ਦਾ ਜ਼ਰਾ ਵੀ ਬੁਰਾ ਨਹੀਂ ਮਨਾਇਆ। ਸਹਿਜਤਾ ਨਾਲ ਕਿਹਾ- ‘‘ਥਾਣੇ ਜਾਣ ਦੀ ਲੋੜ ਨਹੀਂ। ਨਾਕੇ ਦੀ ਚੌਕੀ ’ਤੇ ਪੁਲੀਸ ਨੂੰ ਸੂਚਨਾ ਦੇ ਦਿੰਦੇ ਹਾਂ। ਫਿਰ ਆਪਣਾ ਕੰਮ ਖਤਮ। ਅੱਗੇ ਪੁਲੀਸ ਦਾ ਕੰਮ ਪੁਲੀਸ ਜਾਣੇ।’’
‘‘ਮੁੰਡਾ ਕਹਿ ਤਾਂ ਠੀਕ ਹੀ ਰਿਹਾ ਹੈ। ਪੁਲੀਸ ਨੂੰ ਖ਼ਬਰ ਤਾਂ ਕਰਨੀ ਹੀ ਚਾਹੀਦੀ ਹੈ।’’ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ। ਭੀੜ ਨੇ ਹਾਂ ਵਿੱਚ ਹਾਂ ਮਿਲਾ ਕੇ ਫਜਰੂ ਦੀ ਗੱਲ ਦਾ ਸਮਰਥਨ ਕੀਤਾ।
ਸਰਪੰਚ ਬਾਂਕੇ ਲਾਲ ਚੁੱਪ ਹੋ ਗਿਆ। ਲੋਕਾਂ ਦਾ ਵਤੀਰਾ ਭਾਂਪ ਕੇ ਕੁਝ ਚਿਰ ਪਿੱਛੋਂ ਉਹਨੇ ਕਿਹਾ- ‘‘ਤਾਂ ਠੀਕ ਹੈ, ਪੁਲੀਸ ਦੇ ਆਉਣ ਤੱਕ ਦੋ-ਤਿੰਨ ਜਣੇ ਇੱਥੇ ਕਿੱਕਰ ਦੀ ਛਾਂ ਵਿੱਚ ਬੈਠ ਕੇ ਲਾਸ਼ ’ਤੇ ਨਜ਼ਰ ਰੱਖੋ। ਮੈਂ ਕੁਝ ਖਾ-ਪੀ ਕੇ ਆਉਂਦਾ ਹਾਂ। ਸਵੇਰ ਦੀ ਚਾਹ ਤੱਕ ਨਹੀਂ ਪੀਤੀ। ਪਤਾ ਨਹੀਂ ਇੱਥੇ ਫਿਰ ਕਿੰਨਾ ਟਾਈਮ ਲੱਗ ਜਾਵੇ।’’ ਕਹਿ ਕੇ ਉਹ ਚਲਾ ਗਿਆ।
ਪ੍ਰਧਾਨ ਅਤੇ ਸਰਪੰਚ ਪਿੰਡ ਵੱਲ ਚੱਲ ਪਏ। ਜਾਂਦੇ-ਜਾਂਦੇ ਬਾਂਕੇ ਨੇ ਫਜਰੂ ਨੂੰ ਆਵਾਜ਼ ਦੇ ਕੇ ਕਿਹਾ- ‘‘ਫਜਰੂ ਘਰੋਂ ਮੇਰਾ ਮੋਟਰਸਾਈਕਲ ਲੈ ਜਾ। ਸਾਈਕਲ ’ਤੇ ਟਾਈਮ ਲੱਗ ਜਾਵੇਗਾ।’’
ਪਿੰਡ ਵਾਲਿਆਂ ਦੀ ਭੀੜ ਖਿੱਲਰ ਗਈ। ਭੀਖੂ, ਰਾਧੇ ਅਤੇ ਮੁਬੀਨ ਲਾਸ਼ ਤੋਂ ਕੁਝ ਦੂਰ ਕਿੱਕਰ ਦੀ ਛਾਂ ਵਿੱਚ ਬਹਿ ਗਏ। ਦਿੱਲੀ-ਜੈਪੁਰ ਰੇਲਵੇ ਲਾਈਨ ’ਤੇ ਬੜਗਾਂਵ ਇੱਕ ਛੋਟਾ ਜਿਹਾ ਰੇਲਵੇ ਸਟੇਸ਼ਨ ਹੈ। ਕਿਸੇ ਸੁਪਰਫਾਸਟ ਜਾਂ ਐਕਸਪ੍ਰੈੱਸ ਟਰੇਨ ਦਾ ਪੜਾਅ ਇੱਥੇ ਨਹੀਂ ਸੀ। ਸਾਰਾ ਦਿਨ ਸਿਰਫ਼ ਇੱਕ ਯਾਤਰੀ ਗੱਡੀ ਇੱਥੋਂ ਰਾਤ ਸੱਤ ਵਜੇ ਜਾਂਦੀ ਸੀ। ਜਿੱਥੇ ਲਾਸ਼ ਮਿਲੀ ਸੀ, ਸਟੇਸ਼ਨ ਉੱਥੋਂ ਕਰੀਬ ਦੋ ਮੀਲ ਦੂਰ ਸੀ।
ਸਖ਼ਤ ਗਰਮੀਆਂ ਦੇ ਦਿਨ ਸਨ। ਜੇਠ ਮਹੀਨਾ ਸ਼ੁਰੂ ਹੋ ਚੁੱਕਾ ਸੀ। ਅਜੇ ਸਵੇਰ ਦੇ ਅੱਠ ਵੱਜੇ ਸਨ। ਪਿੰਡ ਦੀ ਸੱਥ ਵਿੱਚ ਕਾਫ਼ੀ ਲੋਕ ਜਮ੍ਹਾਂ ਸਨ। ਉਹ ਫਜਰੂ ਅਤੇ ਨੇਮਰਾਜ ਦੀ ਉਡੀਕ ਕਰ ਰਹੇ ਸਨ। ਸਰਪੰਚ ਨੇ ਉਨ੍ਹਾਂ ਨੂੰ ਚੌਕੀ ਤੋਂ ਸਿੱਧਾ ਸੱਥ ’ਤੇ ਆਉਣ ਨੂੰ ਕਹਿ ਦਿੱਤਾ ਸੀ। ਖੇਤ ਦੀਆਂ ਡੰਡੀਆਂ ਵਿੱਚੋਂ ਨਾਕਾ-ਚੌਕੀ ਤੱਕ ਜਾ ਕੇ ਮੁੜਨ ਵਿੱਚ ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਲੱਗ ਗਿਆ ਸੀ।
ਮੁੜਨ ਤੇ ਫਜਰੂ ਨੇ ਮੋਟਰਸਾਈਕਲ ਸੱਥ ਦੇ ਅੰਦਰ ਬਰਾਂਡੇ ਵਿੱਚ ਖੜ੍ਹਾ ਕੀਤਾ। ਨੇਮਰਾਜ ਨੇ ਦੱਸਿਆ- ‘‘ਚੌਕੀ ’ਤੇ ਨਾ ਦਰੋਗਾ ਸੀ, ਨਾ ਕੋਈ ਸਿਪਾਹੀ। ਭੈਂਗਾ ਬੈਠਾ ਰੋਟੀਆਂ ਥੱਪ ਰਿਹਾ ਸੀ। ਪਤਾ ਲੱਗਿਆ, ਦਰੋਗਾ ਕਿਤੇ ਤਫਤੀਸ਼ ’ਤੇ ਗਿਆ ਹੋਇਆ ਸੀ, ਬਾਕੀ ਸਿਪਾਹੀ ਕਿੱਥੇ ਮਰ ਗਏ, ਪਤਾ ਨਹੀਂ। ਅਸੀਂ ਦੋਵੇਂ ਦਸ ਮਿੰਟ ਖੜ੍ਹੇ ਵੀ ਰਹੇ…।’’
‘‘ਹਾਂ, ਫਿਰ ਚਾਚਾ ਜੀ, ਹੁਣ ਤੁਸੀਂ ਦੱਸੋ ਕੀ ਕਰਨਾ ਹੈ?’’ ਸਰਪੰਚ ਨੇ ਪ੍ਰਧਾਨ ਤੋਂ ਪੁੱਛਿਆ।
‘‘ਦੇਖ ਬਈ ਬਾਂਕੇ, ਚੌਕੀ ’ਤੇ ਪੁਲੀਸ ਨਾ ਮਿਲੀ ਨਾ ਸਹੀ। ਮੈਂ ਸੋਚਦਾ ਹਾਂ, ਆਪਾਂ ਨੂੰ ਥਾਣੇ ਜਾ ਕੇ ਖ਼ਬਰ ਕਰਨੀ ਚਾਹੀਦੀ ਹੈ। ਅਤੇ ਜੇ ਤੂੰ ਠੀਕ ਸਮਝੇਂ ਤਾਂ ਮੈਂ ਟਰੈਕਟਰ ਵਿੱਚ ਟਰਾਲੀ ਲਗਵਾ ਦਿੰਦਾ ਹਾਂ। ਦੋ-ਚਾਰ ਜਣੇ ਟਰਾਲੀ ਵਿੱਚ ਮੁਰਦਾ ਰੱਖ ਕੇ ਥਾਣੇ ਪਹੁੰਚਾ ਆਵਾਂਗੇ।’’
ਸੱਥ ਵਿੱਚ ਇਕੱਠੀ ਹੋਈ ਭੀੜ ਵਿੱਚੋਂ ਕਿਸੇ ਨੇ ਪ੍ਰਧਾਨ ਦੀ ਗੱਲ ’ਤੇ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਨਹੀਂ ਕੀਤੀ। ਪਰ ਲੱਗ ਰਿਹਾ ਸੀ, ਲੋਕ ਪ੍ਰਧਾਨ ਦੀ ਗੱਲ ਨਾਲ ਸਹਿਮਤ ਨਹੀਂ ਸਨ।
‘‘ਚਾਚਾ ਜੀ, ਤੁਸੀਂ ਬਜ਼ੁਰਗ ਬੰਦੇ ਹੋ। ਜ਼ਰਾ ਸੋਚ ਕੇ ਦੇਖੋ। ਕੱਚਾ ਪਹਾ ਪਾਰ ਕਰਕੇ ਵੀਹ ਮੀਲ ਥਾਣੇ ਪਹੁੰਚਣ ਵਿੱਚ ਦੋ ਘੰਟੇ ਲੱਗ ਜਾਣਗੇ ਅਤੇ ਫਿਰ ਪੁਲੀਸ ਤਾਂ ਪੁਲੀਸ ਹੈ। ਕਹਿ ਦੇਵੇ ਕਿ ਮੁਰਦੇ ਨੂੰ ਜ਼ਿਲ੍ਹਾ ਹਸਪਤਾਲ ਲੈ ਚੱਲੋ, ਪੋਸਟਮਾਰਟਮ ਹੋਵੇਗਾ। ਤਾਂ ਕੀ ਪੁਲੀਸ ਨੂੰ ਮਨ੍ਹਾ ਕਰ ਸਕਾਂਗੇ?’’
‘‘ਫਿਰ ਤੂੰ ਹੀ ਦੱਸ? ਹੁਣ ਇਸ ਲਾਸ਼ ਦਾ ਕੀ ਕਰੀਏ?’’ ਪ੍ਰਧਾਨ ਨੇ ਕਿਹਾ।
‘‘ਓ ਬਈ, ਕਰਨਾ ਕੀ ਹੈ? ਤੁਸੀਂ ਪਿੰਡ ਦੇ ਪ੍ਰਧਾਨ ਹੋ, ਤੁਹਾਡੇ ਨਾਲ ਮੈਂ ਹਾਂ। ਪਿੰਡ ਵਿੱਚ ਹੋਰ ਵੀ ਮੋਹਤਬਰ ਬਜ਼ੁਰਗ ਹਨ। ਸਭ ਦੀ ਇੱਕ ਰਾਏ ਬਣੇ, ਤਾਂ ਲਾਸ਼ ਦਾ ਕਿਰਿਆ-ਕਰਮ ਕਰ ਦਿੰਦੇ ਹਾਂ।’’
‘‘ਗੱਲ ਤਾਂ ਤੇਰੀ ਠੀਕ ਹੀ ਹੈ।’’ ਪ੍ਰਧਾਨ ਨੇ ਸਰਪੰਚ ਨਾਲ ਸਹਿਮਤ ਹੁੰਦਿਆਂ ਭੀੜ ਵੱਲ ਵੇਖ ਕੇ ਕਿਹਾ- ‘‘ਕਿਉਂ ਬਈ, ਬਾਂਕੇ ਠੀਕ ਕਹਿ ਰਿਹਾ ਹੈ?’’
ਪਿੰਡ ਦੀ ਸੱਥ ਦੇ ਆਲੇ ਦੁਆਲੇ ਨਿੰਮ ਅਤੇ ਕਿੱਕਰ ਦੀ ਛਾਂ ਵਿੱਚ ਸੈਂਕੜੇ ਲੋਕ ਜਮ੍ਹਾਂ ਸਨ। ਪੰਚ ਪ੍ਰਧਾਨ ਤੋਂ ਪਟਵਾਰੀ ਤੱਕ ਅਤੇ ਜਵਾਨ ਮਰਦਾਂ ਤੋਂ ਬਜ਼ੁਰਗਾਂ ਤੱਕ, ਸਭ ਦੀ ਇਹੀ ਸਲਾਹ ਹੋਈ ਕਿ ਪੁਲੀਸ ਦੇ ਚੱਕਰ ਵਿੱਚ ਮਿੱਟੀ ਖਰਾਬ ਕਰਨ ਨਾਲੋਂ ਚੰਗਾ ਹੈ ਕਿ ਲਾਸ਼ ਤਾਂ ਛੇਤੀ ਤੋਂ ਛੇਤੀ ਅੰਤਮ-ਸਸਕਾਰ ਕਰ ਦਿੱਤਾ ਜਾਵੇ।
‘‘ਪਟਵਾਰੀ ਜੀ, ਤੁਸੀਂ ਲਾਸ਼ ਦਾ ਪੰਚਨਾਮਾ ਤਿਆਰ ਕਰਕੇ ਪਿੰਡ ਦੇ ਮੋਹਤਬਰ ਬਜ਼ੁਰਗਾਂ ਦੇ ਦਸਤਖਤ ਕਰਵਾ ਲਓ। ਉਂਜ ਤਾਂ ਇਹਦੀ ਕੋਈ ਲੋੜ ਨਹੀਂ ਹੈ, ਪੂਰਾ ਪਿੰਡ ਤੁਹਾਡੇ ਨਾਲ ਹੈ। ਫਿਰ ਵੀ ਅਜਿਹੇ ਮਾਮਲਿਆਂ ਵਿੱਚ ਲਿਖਤ-ਪੜ੍ਹਤ ਠੀਕ ਰਹਿੰਦੀ ਹੈ।’’
ਮੌਕੇ ’ਤੇ ਮੌਜੂਦ ਭੀੜ ਨੇ ਸਰਪੰਚ ਦੀ ਗੱਲ ਦਾ ਜ਼ੋਰਦਾਰ ਸਮਰਥਨ ਕੀਤਾ- ਇਹ ਹੋਈ ਨਾ ਨਿਯਮ-ਧਰਮ ਦੀ ਗੱਲ! ਸਰਪੰਚ ਦੇ ਪੜ੍ਹੇ-ਲਿਖੇ ਹੋਣ ਦਾ ਇਹੀ ਤਾਂ ਫਾਇਦਾ ਹੈ। ਕੱਲ੍ਹ ਨੂੰ ਪਿੰਡ ਵਿੱਚ ਪੁਲੀਸ ਆ ਧਮਕੇ ਤਾਂ ਉਹਦੇ ਅੱਗੇ ਪੰਚਨਾਮਾ ਪੇਸ਼ ਕੀਤਾ ਜਾ ਸਕਦਾ ਹੈ।
‘‘ਚਾਚਾ ਜੀ, ਮੌਲਵੀ ਜੀ ਨੂੰ ਬੁਲਵਾ ਲਈਏ ਤਾਂ ਕੈਸਾ ਰਹੇਗਾ? ਉਹ ਵੀ ਇੱਕ ਵਾਰ ਲਾਸ਼ ਦਾ ਮੁਆਇਨਾ ਕਰ ਲੈਣ ਤਾਂ ਫਿਰ ਤੈਅ ਹੋ ਜਾਵੇਗਾ ਕਿ ਲਾਸ਼ ਦਾ ਸਸਕਾਰ ਕਰਨਾ ਹੈ ਜਾਂ ਕਫ਼ਨ-ਦਫ਼ਨ ਦਾ ਪ੍ਰਬੰਧ ਕਰਨਾ ਹੈ।’’ ਸਰਪੰਚ ਨੇ ਉੱਚੀ ਆਵਾਜ਼ ਵਿੱਚ ਕਿਹਾ। ਇੱਥੇ ਸਰਪੰਚ ਦੀ ਉੱਚੀ ਆਵਾਜ਼ ਦਾ ਮਤਲਬ ਗੱਲ ਨੂੰ ਸਿਰਫ਼ ਪ੍ਰਧਾਨ ਤੱਕ ਪਹੁੰਚਾਉਣਾ ਨਹੀਂ ਸੀ, ਸਗੋਂ ਉਹਦਾ ਮਕਸਦ ਸੱਥ ਵਿੱਚ ਇਕੱਠੇ ਲੋਕਾਂ ਦੀ ਰਾਇ ਲੈਣਾ ਵੀ ਸੀ।
‘‘ਗੱਲ ਤੇਰੀ ਸੋਲਾਂ ਆਨੇ ਠੀਕ ਹੈ।’’ ਪ੍ਰਧਾਨ ਨੇ ਭੀੜ ਵਿੱਚ ਖੜ੍ਹੇ ਇੱਕ ਮੁੰਡੇ ਨੂੰ ਕਿਹਾ- ‘‘ਜਾਹ ਉਏ ਨਸਰੂ, ਮਸਜਿਦ ਤੋਂ ਮੌਲਵੀ ਜੀ ਨੂੰ ਬੁਲਾ ਕੇ ਲਿਆ।’’ ਨਸਰੂ ਮਸਜਿਦ ਵੱਲ ਦੌੜ ਗਿਆ… ‘‘ਅਤੇ ਸੁਣ ਉਨ੍ਹਾਂ ਨੂੰ ਲੈ ਕੇ ਉੱਥੇ ਲੈਣ ’ਤੇ ਆ ਜਾਈਂ ਅਸੀਂ ਸਾਰੇ ਵੀ ਉੱਥੇ ਪਹੁੰਚ ਰਹੇ ਹਾਂ।’’
‘ਲੈਣ’ ਤੋਂ ਪ੍ਰਧਾਨ ਦਾ ਮਤਲਬ ਰੇਲਵੇ ਲਾਈਨ ਤੋਂ ਸੀ। ਸਿਰ ’ਤੇ ਪਰਨਾ, ਸਾਫਾ ਜਾਂ ਪਗੜੀ ਰੱਖ ਕੇ ਲੋਕ ਬੁੱਢੇ ਪ੍ਰਧਾਨ ਨਾਲ ਉੱਧਰ ਨੂੰ ਚੱਲ ਪਏ।
ਬੜਗਾਂਵ ਦੇ ਪੱਛਮ ਵਿੱਚ ਇੱਕ ਛੋਟੀ ਜਿਹੀ ਮਸਜਿਦ ਸੀ। ਇਹ ਮਸਜਿਦ, ਮੰਦਰ, ਚਰਚ ਜਾਂ ਗੁਰਦੁਆਰੇ ਦੁਨੀਆ ਵਿੱਚ ਕਿੱਥੇ ਨਹੀਂ ਹਨ? ਅਸਲ ਵਿੱਚ ਰੱਬ ਤੋਂ ਬਿਨਾਂ ਮਨੁੱਖ ਦਾ ਕੰਮ ਨਹੀਂ ਚੱਲਦਾ। ਹਾਲਾਂਕਿ ਲੋੜ ਪੈਣ ’ਤੇ ਕਦੇ ਕੋਈ ਈਸ਼ਵਰ ਕਿਸੇ ਗਰੀਬ ਜਾਂ ਲੋੜਵੰਦ ਦੇ ਕੰਮ ਆਇਆ ਹੋਵੇ, ਅਜਿਹਾ ਕਦੇ ਨਹੀਂ ਦੇਖਿਆ ਗਿਆ।
ਖ਼ੈਰ, ਖੇਤਾਂ ਦੀ ਵੱਟ ਦੇ ਕਿਨਾਰੇ ਜਿੱਥੇ-ਜਿੱਥੇ ਛਾਂ ਸੀ, ਲੋਕ ਉੱਥੇ ਬਹਿ ਗਏ। ਕੁਝ ਲੋਕ ਕਿੱਕਰ ਦੀ ਛਾਂ ਵਿੱਚ ਜਾ ਬੈਠੇ। ਮੁਬੀਨ ਨੇ ਆਪਣਾ ਪਰਨਾ ਲਾਸ਼ ਦੇ ਚਿਹਰੇ ’ਤੇ ਪਾ ਦਿੱਤਾ ਸੀ। ਲੋਕ ਹੁਣ ਤੱਕ ਉਸ ਲਾਵਾਰਿਸ ਲਾਸ਼ ਬਾਰੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਸਨ- ਪਤਾ ਨਹੀਂ ਕੌਣ ਸੀ? ਇੱਥੇ ਕਿਵੇਂ ਆਇਆ? ਉਸ ’ਤੇ ਕੀ ਬੀਤੀ ਹੋਵੇਗੀ, ਕੀ ਪਤਾ? ਕੱਦ-ਕਾਠ ਤੋਂ ਤਾਂ ਕਿਸੇ ਖਾਂਦੇ-ਪੀਂਦੇ ਘਰ ਦਾ ਜ਼ਿਮੀਂਦਾਰ ਲੱਗਦਾ ਸੀ। ਇੱਧਰ ਬੜਗਾਂਵ ਦੇ ਸੱਤ-ਅੱਠ ਕੋਹ ਦੇ ਘੇਰੇ ਵਿੱਚ ਜਿੰਨੇ ਪਿੰਡ ਹਨ, ਉੱਥੋਂ ਦਾ ਤਾਂ ਨਹੀਂ ਸੀ। ਜੇ ਹੁੰਦਾ ਤਾਂ ਪਿੰਡ ਦਾ ਕੋਈ ਨਾ ਕੋਈ ਆਦਮੀ ਜ਼ਰੂਰ ਪਛਾਣ ਲੈਂਦਾ।
ਨਸਰੂ ਨਾਲ ਮੌਲਵੀ ਸਾਹਿਬ ਨੂੰ ਆਉਂਦਿਆਂ ਵੇਖ ਲੋਕ ਉੱਠ ਕੇ ਖੜ੍ਹੇ ਹੋ ਗਏ। ਭੀੜ ਨੇ ਲਾਸ਼ ਦੇ ਚਾਰੇ ਪਾਸੇ ਘੇਰਾ ਬਣਾ ਲਿਆ। ਵੇਖੀਏ, ਮੌਲਵੀ ਸਾਹਿਬ ਕੀ ਕਹਿੰਦੇ ਹਨ?
‘‘ਆਓ ਮੌਲਵੀ ਚਾਚਾ, ਤੁਸੀਂ ਜ਼ਰਾ ਗੌਰ ਕਰਕੇ ਦੱਸੋ ਕਿ ਇਹ ਆਦਮੀ ਹਿੰਦੂ ਹੈ ਜਾਂ ਮੁਸਲਮਾਨ!’’ ਸਰਪੰਚ ਨੇ ਲਾਸ਼ ’ਤੇ ਪਿਆ ਪਰਨਾ ਹਟਾ ਦਿੱਤਾ।
ਮੌਲਵੀ ਜੀ ਕੁਝ ਚਿਰ ਲਾਸ਼ ਨੂੰ ਧਿਆਨ ਨਾਲ ਵੇਖਦੇ ਰਹੇ। ਕੁਝ ਝੁਕ ਕੇ ਉਨ੍ਹਾਂ ਨੇ ਮ੍ਰਿਤਕ ਦਾ ਕੁੜਤਾ ਉਠਾਇਆ, ਜੰਮੇ ਹੋਏ ਖੂਨ ਨਾਲ ਕੁੜਤੇ ਦਾ ਹੇਠਲਾ ਹਿੱਸਾ ਕਲਫ਼ ਲੱਗੇ ਕੱਪੜੇ ਵਾਂਗ ਉੱਠ ਗਿਆ ਸੀ। ਮੌਲਵੀ ਜੀ ਅਤੇ ਮੌਜੂਦ ਲੋਕਾਂ ਨੇ ਵੇਖਿਆ ਉੱਥੇ ਕੁਚਲੇ ਹੋਏ ਮਾਸ ਦਾ ਲੋਥੜਾ ਪਿਆ ਸੀ। ਮੌਲਵੀ ਨੇ ਉਹਨੂੰ ਢਕ ਦਿੱਤਾ। ਲਾਸ਼ ਦੇ ਕੋਲ ਬਹਿ ਕੇ ਉਨ੍ਹਾਂ ਨੇ ਮ੍ਰਿਤਕ ਦੇ ਮੱਥੇ ’ਤੇ ਆਪਣੀ ਹਥੇਲੀ ਰੱਖੀ। ਉਹਦਾ ਸਿਰ ਥਪਥਪਾਇਆ ਅਤੇ ਉਸ ਦੀਆਂ ਖੁੱਲ੍ਹੀਆਂ ਅੱਖਾਂ ਨੂੰ ਹੌਲੀ ਜਿਹੀ ਬੰਦ ਕਰ ਦਿੱਤਾ। ਕੋਲ ਪਿਆ ਪਰਨਾ ਲਾਸ਼ ਦੇ ਚਿਹਰੇ ’ਤੇ ਪਾ ਕੇ ਉਹ ਉੱਠ ਖੜ੍ਹੇ ਹੋਏ।
‘‘ਪ੍ਰਧਾਨ ਜੀ, ਲਾਸ਼ ਹਿੰਦੂ ਦੀ ਹੈ ਜਾਂ ਮੁਸਲਮਾਨ ਦੀ, ਵੇਖ ਕੇ ਮੈਂ ਅਤੇ ਤੁਸੀਂ ਤਾਂ ਕੀ, ਕੋਈ ਵਿਗਿਆਨੀ ਵੀ ਨਹੀਂ ਦੱਸ ਸਕਦਾ। ਤੁਹਾਡੇ ਮਜ਼੍ਹਬ ਵਿੱਚ ਲੋਕ ਹੁਣ ਬੋਦੀ ਨਹੀਂ ਰੱਖਦੇ ਅਤੇ ਸਾਡੇ ਮਜ਼੍ਹਬ ਵਿੱਚ ਸਾਰੇ ਲੋਕ ਦਾੜ੍ਹੀ ਰੱਖਦੇ ਹੋਣ, ਇਹ ਵੀ ਕੋਈ ਜ਼ਰੂਰੀ ਨਹੀਂ ਹੈ।’’
‘‘ਚਾਚਾ, ਗੱਲ ਤਾਂ ਤੁਹਾਡੀ ਠੀਕ ਹੈ, ਪਰ ਸਵਾਲ ਇਹ ਹੈ ਕਿ ਇਹਦੀ ਮਿੱਟੀ ਕਿਵੇਂ ਟਿਕਾਣੇ ਲੱਗੇਗੀ?’’ ਸਰਪੰਚ ਨੇ ਕਿਹਾ।
ਭੀੜ ਵਿੱਚ ਆਵਾਜ਼ਾਂ ਤੇਜ਼ ਹੋ ਗਈਆਂ। ‘ਆਪਣੀ-ਆਪਣੀ ਡਫ਼ਲੀ ਆਪਣਾ-ਆਪਣਾ ਰਾਗ’ ਵਾਲੀ ਕਹਾਵਤ ਸਿੱਧ ਹੋ ਰਹੀ ਸੀ। ਲੋਕ ਕੀ ਚਾਹੁੰਦੇ ਸਨ- ਇਹ ਸਪੱਸ਼ਟ ਪਤਾ ਨਹੀਂ ਲੱਗ ਰਿਹਾ ਸੀ।
‘‘ਓ ਬਈ, ਚੁੱਪ ਕਰੋ।’’ ਪ੍ਰਧਾਨ ਨੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਸਾਰੇ ਚੁੱਪ ਕਰ ਗਏ।
‘‘ਮੌਲਵੀ ਜੀ, ਤੁਸੀਂ ਅਤੇ ਪ੍ਰਧਾਨ ਚਾਚਾ ਪਿੰਡ ਦੇ ਬਜ਼ੁਰਗ ਹੋ। ਤੁਸੀਂ ਬਜ਼ੁਰਗ ਜੋ ਠੀਕ ਸਮਝੋ, ਉਹੀ ਕੀਤਾ ਜਾਵੇ। ਸੂਰਜ ਤੇਜ਼ੀ ਨਾਲ ਉੱਤੇ ਚੜ੍ਹ ਰਿਹਾ ਹੈ। ਸੋਚ-ਵਿਚਾਰ ਵਿੱਚ ਜਿੰਨੀ ਦੇਰੀ ਲੱਗੇਗੀ, ਓਨੀ ਹੀ ਗਰਮੀ ਸਹਾਰਨੀ ਪਵੇਗੀ। ਤੁਸੀਂ ਜੋ ਵੀ ਕਰਨਾ ਹੈ ਛੇਤੀ ਫ਼ੈਸਲਾ ਕਰ ਲਓ।’’
‘‘ਫੈਸਲਾਕੁੰਨ ਗੱਲ ਤਾਂ ਇਹੋ ਹੈ ਕਿ ਸ਼ਕਲ-ਸੂਰਤ ਤੋਂ ਮਰਹੂਮ ਮੁਸਲਮਾਨ ਹੀ ਲੱਗਦਾ ਹੈ, ਪਰ ਜਿਵੇਂ ਮੈਂ…।’’
‘‘ਬਸ ਹੋ ਗਿਆ ਫ਼ੈਸਲਾ। ਤੁਹਾਡੀ ਗੱਲ ਸਿਰ ਮੱਥੇ।’’ ਸਰਪੰਚ ਨੇ ਉਨ੍ਹਾਂ ਨੂੰ ਅੱਗੇ ਬੋਲਣ ਤੋਂ ਰੋਕਦਿਆਂ ਕਿਹਾ- ‘‘ਚਾਚਾ ਤੁਸੀਂ ਮਸਜਿਦ ਪਹੁੰਚੋ। ਅਸੀਂ ਲਾਸ਼ ਨੂੰ ਇਸ਼ਨਾਨ ਵਾਸਤੇ ਮਸਜਿਦ ਭਿਜਵਾ ਦਿੰਦੇ ਹਾਂ।’’
ਮੌਲਵੀ ਸਾਹਿਬ ਨੇ ਅੱਗੇ ਖਿਸਕ ਆਈ ਐਨਕ ਨੂੰ ਲਾਹ ਕੇ ਪਰਨੇ ਨਾਲ ਚਿਹਰੇ ਦਾ ਪਸੀਨਾ ਪੂੰਝਿਆ ਅਤੇ ਐਨਕ ਸਾਫ਼ ਕਰਕੇ ਪਰਨਾ ਮੋਢੇ ’ਤੇ ਰੱਖ ਲਿਆ। ਸੋਟੀ ਦੇ ਸਹਾਰੇ ਇੱਕ-ਇੱਕ ਕਦਮ ਹੌਲੀ-ਹੌਲੀ ਰੱਖਦੇ ਹੋਏ ਉਹ ਢਲਾਣ ’ਤੇ ਚੜ੍ਹਨ ਲੱਗੇ। ਇਸ਼ਨਾਨ ਦੀ ਤਿਆਰੀ ਲਈ ਦੋ-ਚਾਰ ਜਣੇ ਉਨ੍ਹਾਂ ਨਾਲ ਚੱਲ ਪਏ।
‘‘ਚੱਲ ਬਈ ਜਮਾਲ, ਕਿਤੋਂ ਮੰਜੇ ਦਾ ਪ੍ਰਬੰਧ ਕਰ। ਲਾਸ਼ ਮਸਜਿਦ ਭਿਜਵਾਉਣੀ ਹੈ।’’ ਪ੍ਰਧਾਨ ਜੀ ਨੇ ਕਿਹਾ ਤਾਂ ਉਹ ਪਿੰਡ ਤੋਂ ਮੰਜਾ ਲੈ ਕੇ ਚੱਲ ਪਿਆ। ‘‘ਤੇ ਸੁਣ, ਫਹੁੜਾ ਲੈ ਕੇ ਦੋ ਆਦਮੀ ਕਬਰਸਤਾਨ ਵਿੱਚ ਭੇਜ ਦੇਵੀਂ, ਜਨਾਜ਼ਾ ਪਹੁੰਚਣ ਤੱਕ ਕਬਰ ਦੀ ਖੁਦਾਈ ਹੋ ਜਾਵੇਗੀ।’’
‘‘ਚੱਲ ਬਾਂਕੇ! ਹੁਣ ਬਾਕੀ ਇਹ ਲੋਕ ਵੇਖ ਲੈਣਗੇ।’’ ਪ੍ਰਧਾਨ ਨੇ ਕਿਹਾ।
‘‘ਚਾਚਾ, ਇਹ ਵੰਸ਼ੀ ਕਿਤੇ ਦਿਖਾਈ ਨਹੀਂ ਦਿੱਤਾ। ਕਿਤੇ ਸ਼ਹਿਰ ਤਾਂ ਨਹੀਂ ਚਲਾ ਗਿਆ?’’
ਸਰਪੰਚ ਨੇ ਇੱਕ ਮੁੰਡੇ ਨੂੰ ਕੋਲ ਸੱਦ ਕੇ ਕਿਹਾ, ‘‘ਹਾਮਿਦ, ਤੂੰ ਜਾ ਕੇ ਵੇਖ, ਇਹ ਵੰਸ਼ੀ ਕਿੱਥੇ ਮਰ ਗਿਆ! ਦੁਕਾਨ ਜਾਂ ਘਰੇ ਹੋਵੇ ਤਾਂ ਉਹ ਹੁਣੇ ਬੁਲਾ ਕੇ ਲਿਆ। ਲਾਸ਼ ਚੁੱਕਣ ਤੋਂ ਪਹਿਲਾਂ ਦੋ- ਚਾਰ ਫੋਟੋਆਂ ਜ਼ਰੂਰ ਕਰਵਾ ਲੈਣਾ।’’ ਮੁੰਡਿਆਂ ਨੂੰ ਹਦਾਇਤ ਦੇ ਕੇ ਪ੍ਰਧਾਨ ਅਤੇ ਸਰਪੰਚ ਉੱਥੋਂ ਚੱਲ ਪਏ ਤਾਂ ਭੀੜ ਵੀ ਉਨ੍ਹਾਂ ਦੇ ਨਾਲ ਚੱਲ ਪਈ। ਲਾਸ਼ ਹੁਣ ਮੁਸਲਿਮ ਕੌਮ ਦੇ ਹਵਾਲੇ ਸੀ। ਜਨਾਜ਼ਾ ਉਠਾਉਣ ਤੋਂ ਕਬਰਸਤਾਨ ਪਹੁੰਚਾਉਣ ਦਾ ਕੰਮ ਉਨ੍ਹਾਂ ਨੇ ਹੀ ਕਰਨਾ ਸੀ। ਪਿੰਡ ਦਾ ਇਹੋ ਦਸਤੂਰ ਸੀ।
ਪਿੰਡ ਦੀ ਬਹੁਗਿਣਤੀ ਆਬਾਦੀ ਭਾਵੇਂ ਹਿੰਦੂਆਂ ਦੀ ਸੀ, ਪਰ ਮੁਸਲਿਮਾਂ ਦੀ ਗਿਣਤੀ ਵੀ ਘੱਟ ਨਹੀਂ ਸੀ। ਧਰਮ-ਸੰਪਰਦਾਇ ਵੱਖ-ਵੱਖ ਹੋਣ ਦੇ ਬਾਵਜੂਦ ਲੋਕ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਘੁਲੇ-ਮਿਲੇ ਸਨ। ਲਾਸ਼ ਨੂੰ ਮੰਜੇ ’ਤੇ ਪਾ ਕੇ ਇਸ਼ਨਾਨ ਲਈ ਮਸਜਿਦ ’ਚ ਲਿਆਂਦਾ ਗਿਆ। ਮੁਰਦੇ ਨੂੰ ਨਹਾਉਣ ਪਿੱਛੋਂ ਜਨਾਜ਼ੇ ਦੀ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਹਿੰਦੂ ਲੋਕ ਮਸਜਿਦ ਦੇ ਬਾਹਰ ਜਨਾਜ਼ਾ ਉੱਠਣ ਦੀ ਉਡੀਕ ਵਿੱਚ ਖੜ੍ਹੇ ਸਨ। ਜਨਾਜ਼ੇ ਵਿੱਚ ਲਾਸ਼ ਲੈ ਕੇ ਲੋਕ ਉਸ ਨੂੰ ਮੋਢਿਆਂ ’ਤੇ ਚੁੱਕ ਕੇ ਮਸਜਿਦ ਤੋਂ ਨਿਕਲੇ। ਕੀ ਹਿੰਦੂ ਅਤੇ ਕੀ ਮੁਸਲਮਾਨ, ਜਨਾਜ਼ੇ ਵਿੱਚ ਸਾਰੇ ਸ਼ਾਮਲ ਸਨ।
ਕਬਰਸਤਾਨ ਪਹੁੰਚ ਕੇ ਲਾਸ਼ ਜ਼ਮੀਨ ’ਤੇ ਰੱਖ ਦਿੱਤੀ ਗਈ। ਕਬਰ ਤਿਆਰ ਕੀਤੀ ਜਾ ਚੁੱਕੀ ਸੀ। ਮੌਲਵੀ ਸਾਹਿਬ ਨੇ ਇਸ਼ਾਰਾ ਕੀਤਾ ਅਤੇ ਚਾਰ ਜਣਿਆਂ ਨੇ ਲਾਸ਼ ਨੂੰ ਚੁੱਕ ਕੇ ਕਬਰ ਵਿੱਚ ਲਿਟਾ ਦਿੱਤਾ। ਹੌਲੀ-ਹੌਲੀ ਕਫਨ ਉਤਾਰਦੇ ਹੋਏ ਮੁਰਦੇ ਦੇ ਸਰੀਰ ਨੂੰ ਮਿੱਟੀ ਨਾਲ ਢਕ ਦਿੱਤਾ ਗਿਆ। ਜਨਾਜ਼ੇ ਵਿੱਚ ਸ਼ਾਮਲ ਹਰ ਆਦਮੀ ਨੇ ਕਬਰ ’ਤੇ ਦੋ ਮੁੱਠੀ ਮਿੱਟੀ ਪਾ ਕੇ ਆਪਣਾ ਫਰਜ਼ ਅਦਾ ਕੀਤਾ। ਲਾਸ਼ ਨੂੰ ਦਫਨਾਉਣ ਪਿੱਛੋਂ ਲੋਕਾਂ ਨੇ ਖੁਦਾਈ ਵਿੱਚ ਬਚੀ ਮਿੱਟੀ ਨੂੰ ਥੱਪ ਕੇ ਕੱਚੀ ਮਜ਼ਾਰ ਬਣਾ ਦਿੱਤੀ। ਮੌਲਵੀ ਸਾਹਿਬ ਨੇ ਫ਼ਾਤਿਹਾ ਪੜ੍ਹਵਾਇਆ ਅਤੇ ਉਸ ਅਜਨਬੀ ਆਦਮੀ ਨੂੰ ਸਪੁਰਦੇ-ਖ਼ਾਕ ਕਰ ਕੇ ਪਿੰਡ ਦੇ ਆਦਮੀ ਮੁੜ ਗਏ।
ਉਸ ਦਿਨ ਸੂਰਜ ਢਲਣ ਤੋਂ ਕੁਝ ਪਹਿਲਾਂ ਪ੍ਰਧਾਨ ਜੀ ਸੋਟੀ ਦੇ ਸਹਾਰੇ ਸਰਪੰਚ ਦੇ ਘਰ ਆਏ। ਉਹ ਘਰੇ ਹੀ ਸੀ ਅਤੇ ਮੱਝ ਨੂੰ ਪੱਠੇ ਪਾ ਰਿਹਾ ਸੀ। ਪ੍ਰਧਾਨ ਨੂੰ ਆਇਆ ਵੇਖ ਕੇ ਉਹਨੇ ਪਤਨੀ ਨੂੰ ਆਵਾਜ਼ ਦਿੱਤੀ ਅਤੇ ਹੱਥ-ਪੈਰ ਧੋ ਕੇ ਬੈਠਕ ਵਿੱਚ ਆ ਗਿਆ, ਜਿੱਥੇ ਪ੍ਰਧਾਨ ਜੀ ਬੈਠੇ ਸਨ।
‘‘ਦੱਸੋ ਚਾਚਾ, ਕਿਵੇਂ ਆਉਣਾ ਹੋਇਆ?’’
‘‘ਬੇਟਾ ਬਾਂਕੇ, ਬੜੀ ਦੇਰ ਤੋਂ ਇੱਕ ਗੱਲ ਮੇਰੇ ਦਿਮਾਗ਼ ਵਿੱਚ ਘੁੰਮ ਰਹੀ ਹੈ। ਜੇ ਲਾਸ਼ ਕਿਸੇ ਹਿੰਦੂ ਦੀ ਹੋਈ ਤਾਂ ਵਾਧੂ ਦਾ ਰੌਲਾ ਪੈ ਜਾਵੇਗਾ।’’
‘‘ਚਾਚਾ, ਹੁਣ ਕਿਉਂ ਵਾਲ ਦੀ ਖੱਲ ਲਾਹੁੰਦੇ ਹੋ? ਮਿੱਟੀ ਵਿੱਚ ਮਿਲਣੀ ਸੀ, ਸੋ ਮਿਲ ਗਈ। ਜ਼ਿਆਦਾ ਨਾ ਸੋਚੋ, ਨਹੀਂ ਤਾਂ ਇਹ ਵਹਿਮ ਦਾ ਭੂਤ ਤੁਹਾਨੂੰ ਇਉਂ ਹੀ ਸਤਾਉਂਦਾ ਰਹੇਗਾ… ਤੁਸੀਂ ਬੈਠੋ… ਮੈਂ ਮੱਝ ਚੋਅ ਕੇ ਆਉਂਦਾ ਹਾਂ। ਫਿਰ ਤਸੱਲੀ ਨਾਲ ਬੈਠ ਕੇ ਚਾਹ ਪੀਵਾਂਗੇ।’’
‘‘ਤੂੰ ਮੱਝ ਚੋਅ। ਮੈਂ ਤਾਂ ਮੰਦਰ ਜਾ ਰਿਹਾ ਹਾਂ…।’’
ਪ੍ਰਧਾਨ ਜੀ ਉੱਠ ਕੇ ਚੱਲ ਪਏ ਅਤੇ ਬਾਂਕੇ ਡੰਗਰਾਂ ਦੇ ਵਾੜੇ ਵੱਲ ਚਲਾ ਗਿਆ। ਅਗਲੇ ਦਿਨ ਪਿੰਡ ਵਿੱਚ ਇੱਕ ਨਵਾਂ ਤਮਾਸ਼ਾ ਖੜ੍ਹਾ ਹੋ ਗਿਆ। ਹੋਇਆ ਇਹ ਕਿ ਪਿੰਡ ਦੇ ਕੁਝ ਲੋਕਾਂ ਨੇ ਰੇਲਵੇ ਲਾਈਨ ਦੀ ਨਾਲ ਵਾਲੀ ਪਗਡੰਡੀ ’ਤੇ ਰਾਤ ਨੂੰ ਭੂਤ ਵੇਖਿਆ ਸੀ। ਭੂਤ ਵੇਖਣ ਵਾਲੇ ਸਹੁੰ ਖਾ ਰਹੇ ਸਨ ਕਿ ਉਹ ਜੋ ਕੁਝ ਕਹਿ ਰਹੇ ਹਨ, ਉਹ ਬਿਲਕੁਲ ਸੱਚ ਸੀ। ਹਾਲਾਂਕਿ ਇਨ੍ਹਾਂ ਲੋਕਾਂ ਦੀਆਂ ਆਪਣੀਆਂ-ਆਪਣੀਆਂ ਵੱਖਰੀਆਂ ਕਹਾਣੀਆਂ ਸਨ। ਬਜ਼ੁਰਗਾਂ ਨੇ ਬੱਚਿਆਂ ਅਤੇ ਜਵਾਨਾਂ ਨੂੰ ਉੱਧਰ ਨਾ ਜਾਣ ਦੀ ਸਖ਼ਤ ਹਦਾਇਤ ਦੇ ਦਿੱਤੀ ਸੀ। ਇੱਕ ਤਾਂ ਅਕਾਲ ਮੌਤ, ਉੱਤੋਂ ਪ੍ਰੇਤ-ਆਤਮਾ ਦੀ ਸ਼ਾਂਤੀ ਲਈ ਕੁਝ ਨਹੀਂ ਕੀਤਾ। ਪਿੰਡ ਦੀ ਸੱਥ ’ਤੇ ਪ੍ਰੇਤ ਤੋਂ ਮੁਕਤੀ ਦੇ ਉਪਾਅ ’ਤੇ ਲੰਮੀਆਂ ਚਰਚਾਵਾਂ ਹੋਈਆਂ ਅਤੇ ਅੰਤ ਵਿੱਚ ਸਮੱਸਿਆ ਦਾ ਹੱਲ ਲੱਭ ਲਿਆ ਗਿਆ।
ਪਿੰਡ ਦੇ ਲੋਕਾਂ ਨੇ ਚੰਦਾ ਇਕੱਠਾ ਕੀਤਾ। ਚੰਦੇ ਦੀ ਜਮ੍ਹਾਂ ਰਕਮ ਨੂੰ ਮਸਜਿਦ ਵਿੱਚ ਭਿਜਵਾਇਆ ਗਿਆ, ਜਿੱਥੇ ਮੌਲਵੀ ਨੇ ਮਰਹੂਮ ਦੀ ਦਸਵੀਂ ਦੀ ਰਸਮ ਕਰਵਾਈ। ਖਾਣਾ ਅਤੇ ਖੈਰਾਤ ਗ਼ਰੀਬਾਂ ਵਿੱਚ ਵੰਡ ਦਿੱਤੀ ਗਈ। ਇਸੇ ਤਰ੍ਹਾਂ ਪਿੰਡ ਦੀ ਮਦਦ ਨਾਲ ਵੀਹਵਾਂ ਅਤੇ ਚਾਲੀਵਾਂ ਕਰ ਦਿੱਤਾ ਗਿਆ। ਮੌਲਵੀ ਸਾਹਿਬ ਨੇ ਸੋਚਿਆ, ਜੇ ਜਿਉਂਦਾ ਰਹੇ ਤਾਂ ਇੰਸ਼ਾ ਅੱਲ੍ਹਾ ਸਾਲ ਪੂਰਾ ਹੋਣ ਤੇ ਮਰਹੂਮ ਦੀ ਬਰਸੀ ਵੀ ਮਨਾ ਲਈ ਜਾਵੇਗੀ। ਪਿੰਡ ਵਾਲਿਆਂ ਨੇ ਰਾਹਤ ਮਹਿਸੂਸ ਕੀਤੀ। ਉਨ੍ਹਾਂ ਨੂੰ ਪਠਾਣ ਦੇ ਪ੍ਰੇਤ-ਡਰ ਤੋਂ ਮੁਕਤੀ ਮਿਲ ਗਈ ਸੀ।
***
ਦੋ ਮਹੀਨੇ ਲੰਘ ਗਏ। ਜੇਠ ਮਹੀਨੇ ਦਾ ਸੰਨਾਟਾ ਟੁੱਟ ਚੁੱਕਿਆ ਸੀ। ਸਾਉਣ ਸ਼ੁਰੂ ਹੋ ਚੁੱਕਿਆ ਸੀ। ਪਿੰਡ ਵਿੱਚ ਖੂਬ ਚਹਿਲ-ਪਹਿਲ ਸੀ। ਅੱਠ-ਦਸ ਦਿਨ ਪਹਿਲਾਂ ਹੋਈ ਮੌਨਸੂਨ ਤੋਂ ਪਹਿਲਾਂ ਦੀ ਭਾਰੀ ਵਰਖਾ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਚਿਹਰੇ ਖਿੜ ਉੱਠੇ ਸਨ। ਬਾਂਕੇਲਾਲ ਖੇਤ-ਮਜ਼ਦੂਰਾਂ ਨੂੰ ਕੰਮ ’ਤੇ ਲਾ ਕੇ ਕੁਝ ਚਿਰ ਪਹਿਲਾਂ ਖੇਤੋਂ ਮੁੜਿਆ ਸੀ। ਉਹ ਸੋਚ ਰਿਹਾ ਸੀ ਕਿ ਜ਼ਰਾ ਮੌਸਮ ਸਾਫ਼ ਹੋ ਜਾਵੇ, ਤਾਂ ਕੱਲ੍ਹ ਤਹਿਸੀਲ ਜਾਵੇਗਾ। ਲੋਕਾਂ ਦੇ ਬੈਂਕ-ਲੋਨ ਅਤੇ ਪੈਨਸ਼ਨ ਦੇ ਕੰਮ ਨਿਪਟਾਉਣੇ ਸਨ। ਬੈਠਕ ਦੀ ਅਲਮਾਰੀ ਖੋਲ੍ਹ ਕੇ ਉਸ ਨੇ ਫਾਈਲਾਂ ਦਾ ਬਸਤਾ ਕੱਢਿਆ। ਬੜੇ ਧਿਆਨ ਨਾਲ ਇੱਕ-ਇੱਕ ਫਾਈਲ ਨੂੰ ਵੇਖਿਆ। ਥੋੜ੍ਹੀ ਜਿਹੀ ਵੀ ਕਮੀ ਰਹਿ ਜਾਂਦੀ, ਤਾਂ ਫਾਈਲ ਤਹਿਸੀਲ ਤੋਂ ਮੋੜਨੀਂ ਪੈਂਦੀ ਸੀ।
‘‘ਚਾਚਾ, ਨੌਹਰੇ ਦੇ ਬਾਹਰ ਦੋ ਆਦਮੀ ਖੜ੍ਹੇ ਹਨ। ਸੱਦ ਲਿਆਵਾਂ?’’ ਬਾਂਕੇ ਦੀ ਬਾਰਾਂ-ਸਾਲਾ ਬੇਟੀ ਨੇ ਬੈਠਕ ਵਿੱਚ ਆਉਂਦਿਆਂ ਕਿਹਾ।
‘‘ਬੁਲਾ ਲਿਆ।’’ ਫਾਈਲਾਂ ਤੋਂ ਨਜ਼ਰ ਹਟਾਏ ਬਿਨਾਂ ਉਸ ਨੇ ਕਿਹਾ। ਲੜਕੀ ਚਲੀ ਗਈ। ਕੁਝ ਚਿਰ ਪਿੱਛੋਂ ਉਹ ਦੋ ਜਣਿਆਂ ਨੂੰ ਬੈਠਕ ਵਿੱਚ ਛੱਡ ਗਈ। ਉਨ੍ਹਾਂ ਦੀ ਨਮਸਕਾਰ ਦੇ ਜੁਆਬ ਵਿੱਚ ਬਾਂਕੇ ਨੇ ਦੋਵੇਂ ਹੱਥ ਜੋੜ ਦਿੱਤੇ। ਉਨ੍ਹਾਂ ਵਿੱਚੋਂ ਇੱਕ ਆਦਮੀ ਵਡੇਰੀ ਉਮਰ ਦਾ ਸੀ, ਉਹਨੇ ਧੋਤੀ-ਕੁੜਤਾ ਪਹਿਨਿਆ ਹੋਇਆ ਸੀ। ਗੰਜੇ ਹੋਣ ਕਰਕੇ ਉਹਦਾ ਮੱਥਾ ਕੁਝ ਜ਼ਿਆਦਾ ਵੱਡਾ ਲੱਗ ਰਿਹਾ ਸੀ। ਦੂਜਾ ਨੌਜਵਾਨ ਸੀ, ਉਮਰ ਕੋਈ ਪੱਚੀ-ਛੱਬੀ ਸਾਲ ਦੀ ਹੋਵੇਗੀ।
ਬਾਂਕੇ ਨੇ ਫਾਈਲਾਂ ਦਾ ਬਸਤਾ ਇੱਕ ਪਾਸੇ ਸਰਕਾਇਆ ਅਤੇ ਤਖ਼ਤ ਤੋਂ ਉਤਰ ਕੇ ਉਨ੍ਹਾਂ ਨਾਲ ਹੱਥ ਮਿਲਾਉਂਦਿਆਂ ਬੋਲਿਆ- ‘‘ਬਾਂਕੇ ਲਾਲ ਸਰਪੰਚ ਬੜਗਾਂਵ। ਬੈਠੋ।’’ ਉਸ ਨੇ ਕੁਰਸੀਆਂ ਵੱਲ ਇਸ਼ਾਰਾ ਕੀਤਾ ਅਤੇ ਆਪ ਵੀ ਨੇੜੇ ਦੀ ਕੁਰਸੀ ’ਤੇ ਬਹਿ ਗਿਆ।
‘‘ਕਿੱਥੋਂ ਆ ਰਹੇ ਹੋ ਤੁਸੀਂ? ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ? ਪਹਿਲਾਂ ਕੁਝ ਜਾਣ ਪਛਾਣ ਹੋ ਜਾਵੇ… ਸ਼ਾਇਦ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ।’’ ਬਾਂਕੇ ਨੇ ਕਿਹਾ।
‘‘ਜੀ, ਠੀਕ ਕਹਿ ਰਹੇ ਹੋ ਤੁਸੀਂ। ਅਸੀਂ ਆਪਣੇ ਪਿੰਡ ਅਖੈਗੜ੍ਹ ਤੋਂ ਆ ਰਹੇ ਹਾਂ, ਜੋ ਅਲਵਰ ਜ਼ਿਲ੍ਹੇ ਦੀ ਤਹਿਸੀਲ ਥਾਣਾ ਗਾਂਜੀ ਵਿੱਚ ਆਉਂਦਾ ਹੈ।… ਮੇਰਾ ਨਾਮ ਅਵਧ ਬਿਹਾਰੀ ਹੈ ਅਤੇ ਮੈਂ ਹੁਣੇ ਦੋ ਮਹੀਨੇ ਪਹਿਲਾਂ ਇਨਕਮ ਟੈਕਸ ਇੰਸਪੈਕਟਰ ਦੀ ਪੋਸਟ ਤੋਂ ਰਿਟਾਇਰ ਹੋਇਆ ਹਾਂ। ਇਹ ਮੇਰਾ ਭਤੀਜਾ ਵਿਕਾਸ ਭਾਰਦਵਾਜ ਹੈ… ਸੀਆਰਪੀਐੱਫ ਵਿੱਚ ਅਸਿਸਟੈਂਟ ਕਮਾਂਡੈਂਟ।… ਗੱਲ ਇਹ ਹੈ ਸਰਪੰਚ ਜੀ…।’’
‘‘ਠਹਿਰੋ ਸਰ ਜੀ, ਮੈਂ ਜ਼ਰਾ ਚਾਹ ਲਈ ਕਹਿ ਦੇਵਾਂ।… ਆਸ਼ਾ…।’’ ਉਸ ਨੇ ਉੱਥੋਂ ਹੀ ਆਵਾਜ਼ ਮਾਰੀ।
ਆਸ਼ਾ ਕਮਰੇ ਵਿੱਚ ਆਈ ਤਾਂ ਬਾਂਕੇ ਨੇ ਕਿਹਾ,‘‘ਆਸ਼ਾ, ਇਹ ਸੱਜਣ ਅਖੈਗੜ੍ਹ ਅਲਵਰ ਤੋਂ ਆਏ ਹਨ। ਤੂੰ ਫਟਾਫਟ ਚਾਹ-ਨਾਸ਼ਤਾ ਤਿਆਰ ਕਰਕੇ ਭਿਜਵਾ… ਅਤੇ ਹਾਂ ਸਰ ਜੀ, ਇਹ ਮੇਰੀ ਪਤਨੀ ਹੈ ਆਸ਼ਾ।’’
‘‘ਸਰਪੰਚ ਜੀ, ਗੱਲ ਇਹ ਹੈ ਕਿ ਸਾਡੇ ਵੱਡੇ ਭਰਾ ਦੇਵੀ ਪ੍ਰਸਾਦ ਇੱਕ ਮਈ ਤੋਂ ਲਾਪਤਾ ਹਨ। ਉਨ੍ਹਾਂ ਦਾ ਸਾਮਾਨ ਜੀਆਰਪੀ ਨੇ ਅਜਮੇਰ ਸਟੇਸ਼ਨ ’ਤੇ ਉਤਾਰ ਲਿਆ ਸੀ। ਬੈਗ ਵਿੱਚ ਉਨ੍ਹਾਂ ਦੇ ਕੱਪੜਿਆਂ ਤੋਂ ਇਲਾਵਾ ਪੁਲੀਸ ਨੂੰ ਉਨ੍ਹਾਂ ਦੀ ਡਾਇਰੀ, ਕੁਝ ਰੁਪਏ ਅਤੇ ਟਿਕਟ ਵਗੈਰਾ ਮਿਲੇ ਸਨ। ਡਾਇਰੀ ਵਿੱਚ ਲਿਖੇ ਪਤੇ ’ਤੇ ਜਦੋਂ ਪੁਲੀਸ ਸਾਡੇ ਕੋਲ ਆਈ ਤਾਂ ਸਾਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਨਾਲ ਕੋਈ ਅਣਹੋਣੀ ਹੋ ਗਈ ਸੀ। ਅੱਜ ਸੱਤ ਜੁਲਾਈ ਹੋ ਗਈ ਹੈ, ਉਨ੍ਹਾਂ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ… ਦੋ ਦਿਨ ਪਹਿਲਾਂ ਕੁਝ ਉੱਡਦੀ- ਜਿਹੀ ਖ਼ਬਰ ਕੰਨਾਂ ਵਿੱਚ ਪਈ ਸੀ ਕਿ ਬੜਗਾਂਵ ਵਿੱਚ ਕੋਈ ਲਾਵਾਰਿਸ ਲਾਸ਼ ਮਿਲੀ ਸੀ। ਸੋ ਅਸੀਂ ਪਤਾ ਕਰਨ ਆ ਗਏ, ਕਿਤੇ…।’’ ਉਨ੍ਹਾਂ ਨੇ ਕੁੜਤੇ ਦੀ ਉੱਪਰ ਵਾਲੀ ਜੇਬ ’ਚੋਂ ਕੱਢ ਕੇ ਗੁੰਮਸ਼ੁਦਾ ਭਰਾ ਦੀ ਫੋਟੋ ਬਾਂਕੇ ਵੱਲ ਵਧਾ ਦਿੱਤੀ।
ਫੋਟੋ ਹੱਥ ਵਿੱਚ ਲੈ ਕੇ ਬਾਂਕਾ ਉਸ ਨੂੰ ਦੇਖਦਾ ਰਹਿ ਗਿਆ। ਇਹ ਉਹੀ ਆਦਮੀ ਸੀ, ਜਿਸ ਨੂੰ ਮੁਸਲਮਾਨ ਸਮਝ ਕੇ ਪਿੰਡ ਵਾਲੇ ਦਫ਼ਨਾ ਚੁੱਕੇ ਸਨ। ਹੁਣ ਇਨ੍ਹਾਂ ਦੋਹਾਂ ਨੂੰ ਉਹ ਕੀ ਜੁਆਬ ਦੇਵੇ? ਗੱਲ ਲੁਕੋਈ ਵੀ ਨਹੀਂ ਸੀ ਜਾ ਸਕਦੀ। ਲੁਕਾਉਣ ਨਾਲ ਹੋਵੇਗਾ ਵੀ ਕੀ! ਮੈਂ ਝੂਠ ਬੋਲ ਕੇ ਇਨ੍ਹਾਂ ਲੋਕਾਂ ਨੂੰ ਇੱਥੋਂ ਮਤੋਰ ਦੇਵਾਂ, ਤਾਂ ਕੀ ਗੱਲ ਦੱਬੀ ਰਹਿ ਜਾਵੇਗੀ? ਸਾਰਾ ਪਿੰਡ ਜਾਣਦਾ ਸੀ। ਜੋ ਵੀ ਹੋਵੇ ਸੱਚਾਈ ਤਾਂ ਦੱਸਣੀ ਹੀ ਪਵੇਗੀ। ਪਤਾ ਨਹੀਂ, ਦੋਵੇਂ ਗੱਲ ਨੂੰ ਕਿਸ ਤਰ੍ਹਾਂ ਲੈਣਗੇ? ਸਰਪੰਚ ਹੋਣ ਕਰਕੇ ਪੇਂਡੂ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਉਹਦਾ ਵਾਹ ਪੈਂਦਾ ਸੀ। ਪਰ ਇਹ ਮਾਮਲਾ ਬਿਲਕੁਲ ਵੱਖਰੀ ਤਰ੍ਹਾਂ ਦਾ ਸੀ।
‘‘ਕੀ ਸੋਚ ਰਹੇ ਹੋ ਸਰਪੰਚ ਜੀ!’’ ਇੰਸਪੈਕਟਰ ਸਾਹਿਬ ਨੇ ਕਿਹਾ, ਤਾਂ ਉਹ ਸੁਚੇਤ ਹੋ ਗਿਆ।
ਫੋਟੋ ਮੋੜਦਿਆਂ ਉਹ ਉੱਠ ਖੜ੍ਹਾ ਹੋਇਆ। ਅਲਮਾਰੀ ਖੋਲ੍ਹੀ ਅਤੇ ਇੱਕ ਖਾਕੀ ਲਿਫ਼ਾਫ਼ਾ ਉਨ੍ਹਾਂ ਵੱਲ ਵਧਾਉਂਦਿਆਂ ਉਸ ਨੇ ਕਿਹਾ- ‘‘ਖ਼ਬਰ ਤੁਹਾਡੀ ਬਿਲਕੁਲ ਪੱਕੀ ਹੈ। ਇਸ ਲਿਫ਼ਾਫ਼ੇ ਵਿੱਚ ਕੁਝ ਫੋਟੋਆਂ ਹਨ, ਤੁਸੀਂ ਇਨ੍ਹਾਂ ਨੂੰ ਵੇਖ ਲਓ।’’
ਉਨ੍ਹਾਂ ਨੇ ਲਿਫ਼ਾਫ਼ੇ ’ਚੋਂ ਫੋਟੋਆਂ ਕੱਢੀਆਂ ਤਾਂ ਮੁੰਡਾ ਕੁਰਸੀ ਖਿੱਚ ਕੇ ਨੇੜੇ ਆ ਗਿਆ। ਦੋਹਾਂ ਨੇ ਕਈ ਵਾਰ ਉਲਟ-ਪੁਲਟ ਕੇ ਫੋਟੋਆਂ ਬੜੇ ਧਿਆਨ ਨਾਲ ਵੇਖੀਆਂ। ਫਿਰ ਲਿਫ਼ਾਫ਼ੇ ਵਿੱਚ ਉਨ੍ਹਾਂ ਨੂੰ ਰੱਖ ਕੇ ਲਿਫ਼ਾਫ਼ਾ ਕੁੜਤੇ ਦੀ ਜੇਬ ਵਿੱਚ ਪਾ ਲਿਆ।
‘‘ਸਰਪੰਚ ਸਾਹਿਬ, ਸੁਣਿਆ ਹੈ ਕਿ ਲਾਸ਼ ਦਾ ਸਸਕਾਰ ਨਹੀਂ ਕੀਤਾ ਗਿਆ!’’
‘‘ਜੀ ਸਾਹਿਬ! ਤੁਹਾਨੂੰ ਮਿਲੀ ਇਹ ਖ਼ਬਰ ਵੀ ਸਹੀ ਹੈ। ਲਾਸ਼ ਨੂੰ ਦਫ਼ਨਾਇਆ ਗਿਆ ਸੀ।’’ ਸਰਪੰਚ ਨੇ ਹੌਲੀ-ਜਿਹੀ ਕਿਹਾ। ਉਹ ਅੱਗੇ ਆਉਣ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਖ਼ੁਦ ਨੂੰ ਤਿਆਰ ਕਰ ਚੁੱਕਿਆ ਸੀ।
‘‘ਪਿੰਡ ਵਿੱਚ ਹਿੰਦੂ ਜ਼ਿਆਦਾ ਹਨ, ਜਾਂ ਮੁਸਲਮਾਨ?’’ ਮੁੰਡੇ ਨੇ ਬਾਂਕੇ ਨੂੰ ਸਿੱਧਾ ਪ੍ਰਸ਼ਨ ਕੀਤਾ।
ਉਹ ਸਮਝ ਗਿਆ ਕਿ ਮੁੰਡਾ ਕੀ ਕਹਿਣਾ ਚਾਹੁੰਦਾ ਸੀ। ਬਾਂਕੇ ਨੇ ਸੋਚਿਆ, ਇਸ ਵੇਲੇ ਬੜੇ ਸੰਜਮ ਅਤੇ ਧੀਰਜ ਤੋਂ ਕੰਮ ਲੈਣਾ ਪਵੇਗਾ। ਧਰਮ ਨਾਲ ਜੁੜੇ ਭਾਵਨਾਤਮਕ ਮੁੱਦੇ ਦੇਸ਼ ਵਿੱਚ ਕਿੰਨਾ ਕਹਿਰ ਢਾਹੁੰਦੇ ਰਹੇ ਹਨ, ਉਹ ਇਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹਨੇ ਸੰਭਲ ਕੇ ਕਿਹਾ- ‘‘ਜ਼ਿਆਦਾ ਘਰ ਤਾਂ ਹਿੰਦੂਆਂ ਦੇ ਹੀ ਹਨ…।’’
‘‘ਫਿਰ ਮੁਸਲਮਾਨਾਂ ਦੀ ਇੰਨੀ ਹਿੰਮਤ ਕਿਵੇਂ ਹੋ ਗਈ ਕਿ ਕਿਸੇ ਹਿੰਦੂ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ।’’ ਮੁੰਡਾ ਥੋੜ੍ਹੇ ਜੋਸ਼ ਵਿੱਚ ਸੀ।
ਬਾਂਕੇ ਨੇ ਮੁੰਡੇ ਨਾਲ ਨਜ਼ਰ ਨਹੀਂ ਮਿਲਾਈ। ਬਜ਼ੁਰਗ ਆਦਮੀ ਨੂੰ ਸੰਬੋਧਿਤ ਹੁੰਦੇ ਹੋਏ ਉਸ ਨੇ ਕਿਹਾ- ‘‘ਇੰਸਪੈਕਟਰ ਸਾਹਿਬ, ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਪਹਿਲਾਂ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਲਾਸ਼ ਨੂੰ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਦਫ਼ਨਾਇਆ। ਅਸੀਂ ਹੀ ਉਨ੍ਹਾਂ ਨੂੰ ਕਿਹਾ ਸੀ ਕਿ ਮੁਰਦੇ ਨੂੰ ਦਫ਼ਨਾਉਣ ਦਾ ਪ੍ਰਬੰਧ ਕਰੋ, ਤਾਂ ਉਹ ਲੋਕ ਤਿਆਰ ਹੋਏ ਸਨ।’’
‘‘ਤੁਸੀਂ? ਪਿੰਡ ਦੇ ਹਿੰਦੂਆਂ ਨੇ ਕਿਹਾ?’’
‘‘ਜੀ ਹਾਂ, ਅਸੀਂ ਲੋਕਾਂ ਨੇ ਕਿਹਾ ਸੀ… ਠਹਿਰੋ, ਮੈਂ ਤੁਹਾਨੂੰ ਦੱਸਦਾ ਹਾਂ…। ਬਾਂਕੇ ਨੇ ਅਲਮਾਰੀ ਖੋਲ੍ਹ ਕੇ ਫਾਈਲ ’ਚੋਂ ਪੰਚਨਾਮਾ ਕੱਢਿਆ ਅਤੇ ਉਨ੍ਹਾਂ ਨੂੰ ਦਿੰਦਿਆਂ ਕਿਹਾ- ‘‘ਇਸ ਪੰਚਨਾਮੇ ਤੇ ਪਿੰਡ ਦੇ ਪੰਜ ਬਜ਼ੁਰਗਾਂ ਨੇ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿੱਚ ਸਿਰਫ਼ ਇੱਕ ਮੁਸਲਮਾਨ ਹੈ। ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਇਨ੍ਹਾਂ ਲੋਕਾਂ ਨਾਲ ਮਿਲਵਾ ਸਕਦਾ ਹਾਂ।’’
ਪੰਚਨਾਮੇ ਨੂੰ ਪੜ੍ਹ ਕੇ ਉਨ੍ਹਾਂ ਨੇ ਉਸ ਨੂੰ ਮੁੰਡੇ ਵੱਲ ਵਧਾ ਦਿੱਤਾ। ਬੈਠਕ ਵਿੱਚ ਕੁਝ ਪਲ ਖ਼ਾਮੋਸ਼ੀ ਛਾ ਗਈ। ਕੁਝ ਚਿਰ ਪਿੱਛੋਂ ਉਨ੍ਹਾਂ ਨੇ ਕਿਹਾ- ‘‘ਜਿਸ ਦਿਨ ਸਾਨੂੰ ਖ਼ਬਰ ਮਿਲੀ ਕਿ ਬੜਗਾਂਵ ਵਿੱਚ ਕਿਸੇ ਲਾਵਾਰਿਸ ਲਾਸ਼ ਨੂੰ ਦਫ਼ਨਾਇਆ ਗਿਆ ਹੈ, ਉਸੇ ਰਾਤ ਭਾਈ ਸਾਹਿਬ ਮੇਰੀ ਭਾਬੀ ਨੂੰ ਸੁਪਨੇ ਵਿੱਚ ਦਿਖਾਈ ਦਿੱਤੇ। ਸੁਪਨੇ ਵਿੱਚ ਭਾਬੀ ਨੂੰ ਉਨ੍ਹਾਂ ਨੇ ਕਿਹਾ- ਮੈਨੂੰ ਇੱਥੇ ਧਰਤੀ ਵਿੱਚ ਗੱਡਿਆ ਹੋਇਆ ਹੈ। ਮੈਨੂੰ ਇੱਥੋਂ ਛੇਤੀ ਕਢਵਾਓ… ਮੇਰੀਆਂ ਅਸਥੀਆਂ ਗੰਗਾ ਜੀ ਭਿਜਵਾਓ… ਮੈਂ ਭੁੱਖਾ ਹਾਂ, ਮੇਰਾ ਪਿੰਡਦਾਨ ਅਤੇ ਬ੍ਰਹਮਭੋਜ ਕਰਵਾਓ…।’’
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਾਂਕੇ ਚੁੱਪ ਕਰ ਗਿਆ। ਮੁੱਦਾ ਪੂਰੀ ਤਰ੍ਹਾਂ ਜਜ਼ਬਾਤ ’ਤੇ ਟਿਕਿਆ ਹੋਇਆ ਸੀ। ਬਹਿਸ ਦੀ ਕੋਈ ਗੁੰਜਾਇਸ਼ ਨਹੀਂ ਸੀ। ਬੜੀ ਨਿਮਰਤਾ ਨਾਲ ਉਸ ਨੇ ਕਿਹਾ-‘‘ਵੇਖੋ, ਤੁਹਾਡੇ ਭਾਈ ਸਾਹਿਬ ਦੀ ਲਾਸ਼ ਰੇਲਵੇ ਲਾਈਨ ਤੋਂ ਕਾਫ਼ੀ ਦੂਰ ਇੱਕ ਖੇਤ ਦੀ ਵੱਟ ਦੇ ਹੇਠਾਂ ਪਈ ਸੀ। ਸਰੀਰ ’ਤੇ ਸਲੇਟੀ ਰੰਗ ਦਾ ਪਠਾਣੀ ਪਜਾਮਾ-ਕੁੜਤਾ ਸੀ। ਚਿਹਰੇ ’ਤੇ ਤਰਾਸ਼ੀ ਹੋਈ ਦਾੜ੍ਹੀ ਅਤੇ ਅੱਖਾਂ ਵਿੱਚ ਲੱਗੇ ਸੁਰਮੇ ਤੋਂ ਸਾਨੂੰ ਧੋਖਾ ਲੱਗਿਆ।’’
‘‘ਧੋਖਾ ਹੋ ਸਕਦਾ ਹੈ, ਮੈਂ ਮੰਨਦਾ ਹਾਂ। ਪਰ ਤੁਹਾਨੂੰ ਪੁਲੀਸ ਨੂੰ ਤਾਂ ਜ਼ਰੂਰ ਖ਼ਬਰ ਕਰਨੀ ਚਾਹੀਦੀ ਸੀ।’’
‘‘ਪੁਲੀਸ ਨੂੰ ਖ਼ਬਰ ਕਰਨ ਵਿੱਚ ਅਸੀਂ ਨਾਕਾਮ ਰਹੇ। ਬਸ ਸਾਥੋਂ ਇਹੋ ਇੱਕ ਗ਼ਲਤੀ ਹੋਈ। ਸਰ ਜੀ, ਹਵਨ ਕਰਨ ਵਿੱਚ ਕਦੇ-ਕਦੇ ਹੱਥ ਜਲਾਉਣੇ ਪੈਂਦੇ ਹਨ। ਇਸ ਮਾਮਲੇ ਵਿੱਚ ਸਾਡੇ ਨਾਲ ਇਹੀ ਹੋਇਆ।’’
‘‘ਮੈਂ ਤੁਹਾਨੂੰ ਪੂਰੀ ਤਰ੍ਹਾਂ ਦੋਸ਼ੀ ਨਹੀਂ ਮੰਨਦਾ। ਗਲਤੀ ਸਾਥੋਂ ਵੀ ਹੋਈ। ਭਾਈ ਸਾਹਿਬ ਦਿਲ ਦੇ ਮਰੀਜ਼ ਸਨ। ਸਾਨੂੰ ਉਨ੍ਹਾਂ ਨੂੰ ਇਕੱਲਿਆਂ ਨਹੀਂ ਸੀ ਜਾਣ ਦੇਣਾ ਚਾਹੀਦਾ।’’
ਬਾਂਕੇ ਨੇ ਮਨ ਹੀ ਮਨ ਚੈਨ ਦਾ ਸਾਹ ਲਿਆ। ਹਮਦਰਦੀ ਜਤਾਉਂਦਿਆਂ ਉਸ ਨੇ ਕਿਹਾ- ‘‘ਸਰ ਜੀ, ਤੁਹਾਡੇ ਭਾਈ ਸਾਹਿਬ ਦੀ ਅਚਾਨਕ ਹੋਈ ਮੌਤ ਦਾ ਮੈਨੂੰ ਬੜਾ ਦੁੱਖ ਹੈ…।’’
‘‘ਦੁੱਖ ਤਾਂ ਇਸ ਗੱਲ ਦਾ ਹੈ ਕਿ ਤੁਸੀਂ ਪਿਤਾ ਜੀ ਦੀ ਲਾਸ਼ ਨੂੰ ਮੁਸਲਮਾਨਾਂ ਤੋਂ ਜ਼ਮੀਨ ਵਿੱਚ ਗਡਵਾ ਦਿੱਤਾ…।’’ ਮੁੰਡਾ ਅਜੇ ਤੱਕ ਗੁੱਸੇ ਵਿੱਚ ਸੀ।
‘‘ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਬੇਟਾ!’’ ਆਵਾਜ਼ ਨੂੰ ਬਿਲਕੁਲ ਨਰਮ ਬਣਾ ਕੇ ਬਾਂਕੇ ਨੇ ਅੱਗੇ ਕਿਹਾ- ‘‘ਜੇ ਸਾਨੂੰ ਉਨ੍ਹਾਂ ਦੇ ਹਿੰਦੂ ਹੋਣ ਦਾ ਰੱਤੀ-ਭਰ ਵੀ ਅੰਦਾਜ਼ਾ ਹੁੰਦਾ, ਤਾਂ ਕੀ ਅਸੀਂ ਉਨ੍ਹਾਂ ਦਾ ਦਾਹ-ਸਸਕਾਰ ਨਾ ਕਰਦੇ? ਮੈਂ ਵੀ ਹਿੰਦੂ ਹਾਂ। ਸੰਨ ਚੁਰਾਸੀ ਤੋਂ ਅੱਜ ਤੱਕ ਲਗਾਤਾਰ ਪੰਦਰਾਂ ਸਾਲਾਂ ਤੋਂ ਇਸ ਪਿੰਡ ਦਾ ਸਰਪੰਚ ਹਾਂ। ਲੋਕ ਭਰੋਸਾ ਕਰਦੇ ਹਨ ਮੇਰੇ ’ਤੇ। ਮੁਸਲਮਾਨਾਂ ਦੀ ਇਸ ਮਾਮਲੇ ਵਿੱਚ ਕੋਈ ਪਹਿਲ ਨਹੀਂ ਸੀ। ਇਹ ਅਪਰਾਧ ਤਾਂ ਮੈਥੋਂ ਹੋਇਆ ਹੈ।’’
‘‘ਇਹ ਅਪਰਾਧ ਨਹੀਂ, ਗਲਤੀ ਹੈ… ਅਤੇ ਇਹ ਗਲਤੀ ਕਿਸੇ ਤੋਂ ਵੀ ਹੋ ਸਕਦੀ ਸੀ… ਉਸ ਦਿਨ ਮੈਂ ਖ਼ੁਦ ਭਾਈ ਸਾਹਿਬ ਨੂੰ ਅਲਵਰ ਸਟੇਸ਼ਨ ’ਤੇ ਗੱਡੀ ਵਿੱਚ ਬਿਠਾ ਕੇ ਗਿਆ ਸੀ। ਉਹ ਵਾਇਆ ਜੈਪੁਰ, ਅਜਮੇਰ ਜਾ ਰਹੇ ਸਨ।… ਹੋਇਆ ਇਹ ਹੋਵੇਗਾ ਕਿ ਕਿਸੇ ਕਾਰਨ ਕਰਕੇ ਗੱਡੀ ਇੱਥੇ ਰੁਕੀ ਹੋਵੇਗੀ, ਉਹ ਉਤਰ ਗਏ ਹੋਣਗੇ ਅਤੇ ਸ਼ਾਇਦ ਉਦੋਂ ਹੀ ਉਨ੍ਹਾਂ ਨੂੰ ਹਾਰਟ- ਅਟੈਕ ਆਇਆ ਹੋਵੇਗਾ… ਇਸ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਜੇ ਪੋਸਟਮਾਰਟਮ ਕਰਵਾ ਲਿਆ ਗਿਆ ਹੁੰਦਾ ਤਾਂ ਸੱਚਾਈ ਸਾਹਮਣੇ ਆ ਜਾਂਦੀ। ਹੁਣ ਤਾਂ ਇਹ ਕੇਵਲ ਅਨੁਮਾਨ ਹੀ ਹੈ… ਖੈਰ, ਹੁਣ ਜੋ ਹੋਇਆ, ਸੋ ਹੋਇਆ… ਭਾਈ ਸਾਹਿਬ ਦੀ ਕਿਸਮਤ ਵਿੱਚ ਇਹੋ ਲਿਖਿਆ ਸੀ…।’’
ਬਾਂਕੇ ਦਾ ਮਨ ਕੀਤਾ ਕਿ ਉਹ ਅਸਲੀਅਤ ਸਪੱਸ਼ਟ ਕਰ ਦੇਵੇ ਕਿ ਤੁਹਾਡੇ ਭਰਾ ਨੂੰ ਅਟੈਕ ਨਹੀਂ ਹੋਇਆ ਸੀ, ਸਗੋਂ ਉਹ ਕਿਸੇ ਦੁਰਘਟਨਾ ਦੇ ਸ਼ਿਕਾਰ ਹੋਏ ਸਨ। ਪਰ ਅਸਲੀਅਤ ਜਾਣਦਿਆਂ ਹੀ ਦੋਵੇਂ ਭੜਕ ਜਾਣਗੇ। ਉਸ ਨੇ ਸੋਚਿਆ, ਗੱਲ ਜਿੱਥੇ ਦੱਬ ਗਈ ਹੈ, ਉਹਦਾ ਉੱਥੇ ਦੱਬਿਆ ਰਹਿਣਾ ਹੀ ਬਿਹਤਰ ਹੈ।
ਆਸ਼ਾ ਚਾਹ-ਨਾਸ਼ਤਾ ਲੈ ਆਈ ਸੀ। ਨੇੜੇ ਰੱਖੇ ਮੇਜ਼ ’ਤੇ ਨਾਸ਼ਤੇ ਦੀ ਪਲੇਟ ਟਿਕਾ ਕੇ ਉਹਨੇ ਕੱਪ ਰੱਖ ਦਿੱਤੇ ਅਤੇ ਸਟੀਲ ਦੀ ਕੇਤਲੀ ’ਚੋਂ ਚਾਹ ਪਾਉਣ ਲੱਗੀ।
‘‘ਭੈਣ ਜੀ, ਸਿਰਫ਼ ਚਾਹ…ਇਹ ਮਿਠਾਈ, ਨਮਕੀਨ ਵਗੈਰਾ ਤੁਸੀਂ ਲੈ ਜਾਓ। ਇੱਥੇ ਤਾਂ ਅੱਜ ਤੋਂ…।’’ ਬਾਕੀ ਦੇ ਸ਼ਬਦ ਉਹ ਕਹਿ ਨਹੀਂ ਸਕੇ। ਗੱਲ ਸਮਝ ਕੇ ਬਾਂਕੇ ਨੇ ਆਸ਼ਾ ਨੂੰ ਨਾਸ਼ਤੇ ਦੀ ਪਲੇਟ ਚੁੱਕ ਕੇ ਲਿਜਾਣ ਦਾ ਇਸ਼ਾਰਾ ਕਰ ਦਿੱਤਾ।
‘‘ਸਰਪੰਚ ਜੀ, ਇੱਕ ਬੇਨਤੀ ਹੈ ਤੁਹਾਨੂੰ…।’’
‘‘ਜੀ, ਹੁਕਮ ਕਰੋ।’’
‘‘ਜਿਸ ਥਾਂ ਭਾਈ ਸਾਹਿਬ ਨੂੰ ਦਫ਼ਨਾਇਆ ਗਿਆ ਸੀ, ਸਾਨੂੰ ਉਹ ਥਾਂ ਵਿਖਾ ਦਿਓ। ਅਸੀਂ ਉਨ੍ਹਾਂ ਦੀ ਲਾਸ਼ ਲੈ ਕੇ ਜਾਣੀ ਹੈ।’’
ਇਹ ਸੁਣ ਕੇ ਬਾਂਕੇ ਹੈਰਾਨ ਰਹਿ ਗਿਆ। ਉਹ ਇਹ ਸੋਚ ਕੇ ਨਿਸ਼ਚਿੰਤ ਹੋ ਗਿਆ ਸੀ ਕਿ ਇੱਕ ਜਟਿਲ ਸਮੱਸਿਆ ਆਸਾਨੀ ਨਾਲ ਸੁਲਝ ਗਈ ਸੀ। ਸਮੱਸਿਆ ਤਾਂ ਹੋਰ ਉਲਝਦੀ ਜਾਪ ਰਹੀ ਸੀ। ਦਫ਼ਨ ਕੀਤੀ ਗਈ ਲਾਸ਼ ਨੂੰ ਕਬਰ ਖੋਦ ਕੇ ਕੱਢਣਾ ਸ਼ਾਇਦ ਮੁਸਲਮਾਨਾਂ ਨੂੰ ਠੀਕ ਨਾ ਲੱਗੇ! ਜੇ ਚਾਰ ਲੋਕ ਇਕੱਠੇ ਹੋ ਗਏ ਅਤੇ ਕਿਸੇ ਦੇ ਮੂੰਹ ਤੋਂ ਕੋਈ ਹਲਕੀ ਗੱਲ ਨਿਕਲ ਗਈ ਤਾਂ ਚਿੰਗਾਰੀ ਤੋਂ ਅੱਗ ਭੜਕਦਿਆਂ ਦੇਰ ਨਹੀਂ ਲੱਗੇਗੀ।
‘‘ਕਿਉਂ ਕੋਈ ਪਰੇਸ਼ਾਨੀ ਹੈ?’’ ਸਰਪੰਚ ਨੂੰ ਚੁੱਪ ਵੇਖ ਕੇ ਉਨ੍ਹਾਂ ਨੇ ਪੁੱਛਿਆ।
‘‘ਪਰੇਸ਼ਾਨੀ ਕੁਝ ਨਹੀਂ ਹੈ। ਮੈਂ ਸੋਚ ਰਿਹਾ ਸੀ ਤੁਸੀਂ ਖਾਣਾ ਖਾ ਕੇ ਥੋੜ੍ਹਾ ਆਰਾਮ ਕਰ ਲੈਂਦੇ। ਸ਼ਾਮ ਨੂੰ ਕਬਰਿਸਤਾਨ ਚੱਲ ਕੇ ਆਪਾਂ ਲਾਸ਼ ਕਢਵਾ ਲੈਂਦੇ। ਫਿਰ ਮੈਂ ਤੁਹਾਨੂੰ ਦੋਹਾਂ ਨੂੰ ਮੋਟਰਸਾਈਕਲ ’ਤੇ ਸਟੇਸ਼ਨ ਤੱਕ ਛੱਡ ਆਉਂਦਾ। ਰਾਤ ਦੀ ਯਾਤਰੀ ਗੱਡੀ ’ਤੇ ਤੁਸੀਂ ਚਲੇ ਜਾਂਦੇ।’’
‘‘ਉਹਦੀ ਚਿੰਤਾ ਤੁਸੀਂ ਨਾ ਕਰੋ। ਅਸੀਂ ਆਪਣੀ ਕਾਰ ’ਤੇ ਆਏ ਹਾਂ। ਹੁਣ ਤਾਂ ਬਸ ਇੱਕ ਫਹੁੜਾ ਅਤੇ ਇੱਕ ਚਾਦਰ ਸਾਨੂੰ ਦਿਵਾ ਦਿਓ। ਬਾਕੀ ਕੰਮ ਤਾਂ ਅਸੀਂ ਹੀ ਕਰ ਲਵਾਂਗੇ। ਹਾਂ, ਤੁਹਾਨੂੰ ਇੱਕ ਵਾਰ ਸਾਡੇ ਨਾਲ ਚੱਲ ਕੇ ਥਾਂ ਜ਼ਰੂਰ ਦਿਖਾਉਣੀ ਪਵੇਗੀ।’’
ਬਾਂਕੇ ਦੇ ਸਾਹਮਣੇ ਹੁਣ ਕੋਈ ਚਾਰਾ ਨਹੀਂ ਸੀ। ਘਰੋਂ ਉਹ ਇੱਕ ਫਹੁੜਾ ਅਤੇ ਇੱਕ ਪੁਰਾਣੀ ਚਾਦਰ ਲੈ ਆਇਆ। ਬਜ਼ੁਰਗ ਆਦਮੀ ਨੇ ਚਾਦਰ ਨੂੰ ਪਰਨੇ ਵਾਂਗ ਮੋਢੇ ’ਤੇ ਰੱਖ ਲਿਆ ਅਤੇ ਫਹੁੜਾ ਮੁੰਡੇ ਨੇ ਚੁੱਕ ਲਿਆ। ਤਿੰਨੇ ਜਣੇ ਬੈਠਕ ਤੋਂ ਬਾਹਰ ਨਿਕਲ ਆਏ।
ਕਬਰਸਤਾਨ ਪਹੁੰਚ ਕੇ ਬਾਂਕੇ ਨੇ ਉਸ ਥਾਂ ਵੱਲ ਇਸ਼ਾਰਾ ਕੀਤਾ, ਜਿੱਥੇ ਲਾਸ਼ ਨੂੰ ਦਫ਼ਨਾਇਆ ਗਿਆ ਸੀ।
‘‘ਤੁਸੀਂ ਜਾ ਕੇ ਕਾਰ ਵਿੱਚ ਬੈਠੋ। ਅਸੀਂ ਕੰਮ ਖ਼ਤਮ ਕਰਕੇ ਹੁਣੇ ਆਉਂਦੇ ਹਾਂ। ਤੁਸੀਂ ਉੱਥੇ ਰਹੋਗੇ, ਤਾਂ ਨਜ਼ਰ ਰਹੇਗੀ ਕਿ ਕੋਈ ਇਸ ਪਾਸੇ ਨਾ ਆਵੇ।’’ ਬਾਂਕੇ ਨੂੰ ਉਨ੍ਹਾਂ ਦੀ ਗੱਲ ਠੀਕ ਲੱਗੀ ਸੀ। ਕਬਰਸਤਾਨ ਤੋਂ ਬਾਹਰ ਆ ਕੇ ਉਹ ਕਾਰ ਵਿੱਚ ਪਿਛਲੀ ਸੀਟ ’ਤੇ ਬਹਿ ਗਿਆ। ਬਾਂਕੇ ਸੋਚ ਰਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਦੋ ਮਹੀਨੇ ਪਿੱਛੋਂ ਹੁਣ ਉੱਥੋਂ ਲਾਸ਼ ਤਾਂ ਕੀ ਮਿਲੇਗੀ? ਜਿਸ ਹਾਲਤ ਵਿੱਚ ਮਿਲੇਗੀ ਉਹਦਾ ਹੁਣ ਕੀ ਮਤਲਬ ਸੀ। ਕੀ ਮਰੇ ਹੋਏ ਇਨਸਾਨ ਨੂੰ ਮੁਸਲਮਾਨ ਤੋਂ ਹਿੰਦੂ ਜਾਂ ਹਿੰਦੂ ਤੋਂ ਮੁਸਲਮਾਨ ਬਣਾਇਆ ਜਾ ਸਕਦਾ ਸੀ! ਕਿਸੇ ਨੇ ਸੱਚ ਹੀ ਕਿਹਾ ਹੈ ਕਿ ਆਦਮੀ ਪੈਦਾ ਤਾਂ ਸੁਤੰਤਰ ਹੁੰਦਾ ਹੈ, ਪਰ ਉਸ ਤੋਂ ਬਾਅਦ ਜੀਵਨ-ਭਰ ਮਾਨਤਾਵਾਂ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਰਹਿੰਦਾ ਹੈ। ਇੱਥੇ ਤਾਂ ਹੱਦ ਹੀ ਹੋ ਰਹੀ ਸੀ। ਮਰਨ ਪਿੱਛੋਂ ਵੀ ਵਿਸ਼ਵਾਸ ਦੇ ਨਾਂ ’ਤੇ ਇਨਸਾਨ ਦੀ ਲਾਸ਼ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।
ਆਕਾਸ਼ ਵਿੱਚ ਬੱਦਲ ਘਿਰ ਆਏ ਸਨ। ਚਾਰੇ ਪਾਸੇ ਸੰਘਣੇ ਬੱਦਲਾਂ ਨੇ ਦਿਨ ਦੇ ਚਾਨਣ ਨੂੰ ਸ਼ਾਮ ਦੇ ਧੁੰਦਲਕੇ ਵਿੱਚ ਬਦਲ ਦਿੱਤਾ ਸੀ। ਬਾਂਕੇ ਕਾਰ ਤੋਂ ਹੇਠਾਂ ਉਤਰ ਆਇਆ। ਕਾਲੇ-ਭੂਰੇ ਬੱਦਲਾਂ ਤੋਂ ਉਸ ਨੇ ਅਨੁਮਾਨ ਲਾਇਆ ਕਿ ਛੇਤੀ ਹੀ ਜ਼ੋਰਦਾਰ ਬਾਰਿਸ਼ ਹੋਵੇਗੀ। ਇਹ ਲੋਕ ਹੁਣ ਤੱਕ ਆਏ ਕਿਉਂ ਨਹੀਂ? ਇੰਨੇ ਚਿਰ ਵਿੱਚ ਤਾਂ ਕੰਮ ਹੋ ਜਾਣਾ ਚਾਹੀਦਾ ਸੀ! ਚਾਰੇ ਪਾਸੇ ਨਜ਼ਰ ਮਾਰ ਕੇ ਉਹ ਕਬਰਸਤਾਨ ਦੇ ਅਹਾਤੇ ਵਿੱਚ ਆ ਗਿਆ। ਉਹ ਦੋਵੇਂ ਕੰਮ ਵਿੱਚ ਲੱਗੇ ਹੋਏ ਸਨ। ਕਿੰਨਾ ਕੰਮ ਬਾਕੀ ਸੀ, ਇਹ ਜਾਣਨ ਲਈ ਬਾਂਕੇ ਕੁਝ ਨੇੜੇ ਚਲਾ ਗਿਆ। ਜੋ ਕੁਝ ਉਹਨੇ ਦੇਖਿਆ, ਉਸ ਤੋਂ ਉਹ ਸੁੰਨ ਰਹਿ ਗਿਆ! ਇਹ ਤਾਂ ਗਜ਼ਬ ਹੋ ਗਿਆ! ਹੁਣ ਕੀ ਕੀਤਾ ਜਾ ਸਕਦਾ ਸੀ! ਉਹ ਪੁੱਠੇ ਪੈਰੀਂ ਮੁੜਿਆ ਅਤੇ ਕਾਰ ਦੀ ਪਿਛਲੀ ਸੀਟ ’ਤੇ ਆ ਕੇ ਬਹਿ ਗਿਆ।
ਜਦੋਂ ਤੱਕ ਉਹ ਦੋਵੇਂ ਨਹੀਂ ਆ ਗਏ, ਉਹ ਦੇਵੀ-ਦੇਵਤਿਆਂ ਨੂੰ ਧਿਆਉਂਦਾ ਰਿਹਾ। ਹੇ ਰੱਬਾ! ਇਸ ਟਾਈਮ ਕੋਈ ਏਧਰ ਨਾ ਆ ਜਾਵੇ! ਰਾਮ-ਰਾਮ ਕਹਿੰਦਿਆਂ ਪੰਦਰਾਂ-ਵੀਹ ਮਿੰਟ ਬੀਤ ਗਏ। ਫਿਰ ਉਹ ਦੋਵੇਂ ਆਉਂਦੇ ਵਿਖਾਈ ਦਿੱਤੇ। ਫਹੁੜਾ ਬਜ਼ੁਰਗ ਆਦਮੀ ਦੇ ਹੱਥ ਸੀ ਅਤੇ ਚਾਦਰ ਵਿੱਚ ਲਾਸ਼ ਨੂੰ ਸਮੇਟੀ ਮੁੰਡਾ ਉਸ ਨੂੰ ਮੋਢੇ ’ਤੇ ਭਾਰ ਵਾਂਗ ਚੁੱਕ ਕੇ ਲੈ ਆਇਆ ਸੀ।
ਬਾਂਕੇ ਕਾਰ ਤੋਂ ਉਤਰਿਆ। ਉਹਨੇ ਚਾਰੇ ਪਾਸੇ ਵੇਖਿਆ। ਦੂਰ-ਦੂਰ ਤੱਕ ਕਿਤੇ ਕੋਈ ਨਹੀਂ ਦਿਖਾਈ ਦਿੱਤਾ। ਉਹਨੇ ਸੱਚਮੁੱਚ ਬੜੇ ਚੈਨ ਦਾ ਸਾਹ ਲਿਆ। ਮੁੰਡੇ ਨੇ ਚਾਦਰ ਵਿੱਚ ਸੰਭਾਲੀ ਮਿੱਟੀ ਨੂੰ ਪਿਛਲੀ ਸੀਟ ’ਤੇ ਟਿਕਾ ਦਿੱਤਾ। ਬਾਂਕੇ ਦੇ ਹੱਥ ਵਿੱਚ ਫਹੁੜਾ ਫੜਾਉਂਦਿਆਂ ਬਜ਼ੁਰਗ ਆਦਮੀ ਨੇ ਕਿਹਾ- ‘‘ਸਰਪੰਚ ਜੀ, ਤੁਹਾਡਾ ਬਹੁਤ ਧੰਨਵਾਦ! ਅਸੀਂ ਸ਼ਾਮ ਚਾਰ-ਪੰਜ ਵਜੇ ਤੱਕ ਪਿੰਡ ਪਹੁੰਚ ਜਾਵਾਂਗੇ। ਅੱਜ ਹੀ ਭਾਈ ਸਾਹਿਬ ਦਾ ਸਸਕਾਰ ਕਰ ਦੇਣਾ ਹੈ… ਪਰਸੋਂ ਤੀਜਾ ਕਰਕੇ ਅਸਥੀਆਂ ਹਰਿਦੁਆਰ ਭਿਜਵਾ ਦੇਵਾਂਗੇ… ਦੋ ਮਹੀਨੇ ਹੋ ਗਏ… ਘਰ-ਪਰਿਵਾਰ ਦੇ ਲੋਕ ਬੜੀ ਪਰੇਸ਼ਾਨੀ ਵਿੱਚ ਹਨ। ਤੁਸੀਂ ਜਾਣੋ, ਗੁਆਚਿਆ ਆਦਮੀ ਨਾ ਮਰੇ ਵਿੱਚ ਨਾ ਜ਼ਿੰਦਾ ਵਿੱਚ… ਲੋਕ ਅੱਜ ਰੋ-ਧੋ ਲੈਣਗੇ… ਕੱਲ੍ਹ ਨੂੰ… ਚੰਗਾ ਅਸੀਂ ਚਲਦੇ ਹਾਂ…।’’
ਕਾਰ ਅੱਗੇ ਵਧ ਗਈ। ਬਾਂਕੇ ਅੱਖਾਂ ਤੋਂ ਓਝਲ ਹੋਣ ਤੱਕ ਕਾਰ ਨੂੰ ਜਾਂਦਿਆਂ ਵੇਖਦਾ ਰਿਹਾ। ਮਾਰੇ ਗਏ ਬੇਟਾ ਬਾਂਕੇ! ਉਹਨੇ ਤਾਂ ਰਹਿਮਤ ਅਲੀ ਦੀ ਕਬਰ ਖੋਦ ਲਈ, ਜਿਸ ਦਾ ਇੰਤਕਾਲ ਅਜੇ ਅੱਠ-ਦਸ ਦਿਨ ਪਹਿਲਾਂ ਹੀ ਹੋਇਆ ਸੀ। ਵਾਹ ਬਈ ਕਿਸਮਤ! ਰਹੀਮ ਚਾਚਾ ਤਾਂ ਪਹੁੰਚ ਗਏ ਗੰਗਾ ਜੀ! ਬਾਰਸ਼ ਸ਼ੁਰੂ ਹੋ ਗਈ। ਬਾਂਕੇ ਆਪਣੀ ਮਸਤੀ ਵਿੱਚ ਸੀ। ਵਰ੍ਹ ਪਿਆਰੇ, ਜੰਮ ਕੇ ਵਰ੍ਹ! ਕਬਰ ਦੀ ਮਿੱਟੀ ਜਿੰਨੀ ਧੱਸਣੀ ਹੈ, ਧੱਸ ਲਵੇਗੀ। ਫਿਰ ਸਵੇਰੇ ਇੱਥੇ ਕੀਹਨੇ ਆਉਣਾ ਹੈ? ਨਵੇਂ ਮਹਿਮਾਨ ਦੇ ਆਉਣ ਤੱਕ ਕਬਰਸਤਾਨ ਹਮੇਸ਼ਾਂ ਵਾਂਗ ਮਿੱਟੀ ਦੇ ਢੇਲਿਆਂ ਦੇ ਉਸੇ ਉਜਾੜ ਵੀਰਾਨੇ ਵਿੱਚ ਗੁੰਮ ਜਾਵੇਗਾ।
ਸੰਪਰਕ: 93147-80280
ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
(ਸੰਪਰਕ: 94176-92015)
News Source link
#ਲਸ਼