ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 5 ਮਈ
ਥਾਣਾ ਦਿਆਲਪੁਰਾ ਭਾਈਕਾ ਨੇ ਇਸ ਸ਼ਹਿਰ ਦੇ ਬੱਸ ਅੱਡੇ ’ਚ 28 ਅਪਰੈਲ ਦੀ ਦੇਰ ਰਾਤ ਤਿੰਨ ਬੱਸਾਂ ਨੂੰ ਅੱਗ ਲੱਗਣ ਤੇ ਬੱਸ ਕੰਡਕਟਰ ਦੇ ਜ਼ਿੰਦਾ ਸੜਨ ਦੇ ਮਾਮਲੇ ’ਚ ਬੱਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬੱਸ ਅੱਡੇ ਵਿਚ ਬੱਸਾਂ ਨੂੰ ਅੱਗ ਲਗਾਉਣ ਵਾਲਾ ਕੋਈ ਹੋਰ ਨਹੀਂ ਸੀ, ਸਗੋਂ ਇਨ੍ਹਾਂ ਬੱਸਾਂ ’ਚੋਂ ਇਕ ਦਾ ਡਰਾਈਵਰ ਹੀ ਸੀ, ਜਿਸ ਨੇ 1300 ਰੁਪਏ ਦੀ ਛੋਟੀ ਜਿਹੀ ਚੋਰੀ ਛੁਪਾਉਣ ਲਈ ਕਥਿਤ ਤੌਰ ’ਤੇ ਇਹ ਕਾਰਾ ਕੀਤਾ। ਗ੍ਰਿਫਤਾਰ ਡਰਾਈਵਰ ਦੀ ਪਛਾਣ ਅਵਤਾਰ ਸਿੰਘ ਤਾਰੀ ਵਾਸੀ ਮਾਨਸਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਮ੍ਰਿਤਕ ਕੰਡਕਟਰ ਸੁਖਵਿੰਦਰ ਕੁਮਾਰ ਦੀ ਮਾਤਾ ਬਿਮਲਾ ਦੇਵੀ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 304, 435, 427 ਤਹਿਤ ਮੁਕੱਦਮਾ ਦਰਜ ਕੀਤਾ ਸੀ। ਡਰਾਈਵਰ ਆਪਣੀਆਂ ਸ਼ੱਕੀ ਗਤੀਵਿਧੀਆਂ ਅਤੇ ਵੱਖੋ ਵੱਖਰੇ ਬਿਆਨਾਂ ਕਾਰਨ ਸ਼ੱਕ ਦੇ ਘੇਰੇ ’ਚ ਆ ਗਿਆ, ਜਦੋਂ ਪੁਲੀਸ ਨੇ ਇਸ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਤਾਂ ਸਾਰੀ ਗੱਲ ਸਾਹਮਣੇ ਆ ਗਈ। ਪਤਾ ਲੱਗਾ ਹੈ ਕਿ ਇਸ ਡਰਾਈਵਰ ਨੇ ਪਹਿਲਾਂ ਬੱਸ ਵਿੱਚੋਂ ਕਰੀਬ ਦੋ ਸੌ ਲਿਟਰ ਡੀਜ਼ਲ ਕੱਢ ਕੇ ਵੇਚ ਦਿੱਤਾ, ਜਦੋਂ ਕਿ ਬਾਅਦ ’ਚ ਬੱਸ ਦੇ ਅੰਦਰ ਸੁੱਤੇ ਕੰਡਕਟਰ ਦੇ ਝੋਲੇ ਵਿੱਚੋਂ 13 ਸੌ ਰੁਪਏ ਚੋਰੀ ਕਰ ਲਏ। ਉਸ ਨੇ ਚੋਰੀ ਦੀ ਵਾਰਦਾਤ ਨੂੰ ਛੁਪਾਉਣ ਲਈ ਕੰਡਕਟਰ ਦੇ ਝੋਲੇ ਨੂੰ ਅੱਗ ਲਾ ਦਿੱਤੀ ਤੇ ਆਪ ਦੂਜੀ ਬੱਸ ’ਚ ਜਾ ਕੇ ਪੈ ਗਿਆ। ਇਸੇ ਦੌਰਾਨ ਥੈਲੇ ਨੂੰ ਲੱਗੀ ਅੱਗ ਕਾਰਨ ਬੱਸਾਂ ਅੱਗ ਦੀ ਲਪੇਟ ਵਿਚ ਆ ਗਈਆਂ। ਅੱਗ ਜ਼ਿਆਦਾ ਤੇਜ਼ ਹੋਣ ਕਾਰਨ ਕੰਡਕਟਰ ਸੁਖਵਿੰਦਰ ਕੁਮਾਰ ਬਾਹਰ ਨਾ ਨਿਕਲ ਸਕਿਆ ਤੇ ਬੱਸ ਅੰਦਰ ਹੀ ਸੜ ਗਿਆ। ਇਸੇ ਦੌਰਾਨ ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ ਡਾ. ਦਰਪਣ ਆਹਲੂਵਾਲੀਆ ਦਾ ਕਹਿਣਾ ਹੈ ਕਿ ਗ੍ਰਿਫਤਾਰ ਡਰਾਈਵਰ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸ ਮਾਲਕਾਂ ਵੱਲੋਂ ਡੀਜ਼ਲ ਚੋਰੀ ਹੋਣ ਸਬੰਧੀ ਦਿੱਤੇ ਬਿਆਨਾਂ ਦੇ ਅਧਾਰ ‘ਤੇ ਇਸ ਸਬੰਧੀ ਦਰਜ ਮੁਕੱਦਮੇ ਵਿਚ ਧਾਰਾ 380 ਦਾ ਵਾਧਾ ਕੀਤਾ ਗਿਆ ਹੈ।