ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਈ
ਪਿਛਲੇ ਦਿਨੀਂ ਪਟਿਆਲਾ ਵਿੱਚ ਵਾਪਰੀ ਹਿੰਸਾ ਦੀ ਘਟਨਾ ਸਬੰਧੀ ਭਾਵੇਂ ਵੱਖ-ਵੱਖ ਪੱਧਰ ’ਤੇ ਜਾਂਚ ਪ੍ਰਕਿਰਿਆ ਜਾਰੀ ਹੈ ਪਰ ਸਥਾਨਕ ਪੱਧਰ ’ਤੇ ਹੋਰ ਬਾਰੀਕੀ ਨਾਲ ਜਾਂਚ ਕਰਨ ਲਈ ਅੱਜ ਇੱਥੇ ਇੱਕ ਪੰਜ ਮੈਂਬਰੀ ਸਿੱਟ ਕਾਇਮ ਕੀਤੀ ਗਈ ਹੈ। ਇਸ ਸਬੰਧੀ ਅਧਿਕਾਰਤ ਤੌਰ ’ਤੇ ਹਾਲੇ ਕਿਸੇ ਪੁਲੀਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਮਿਆਰੀ ਸੂਤਰਾਂ ਅਨੁਸਾਰ ਐੱਸਪੀ (ਇਨਵੈਸਟੀਗੇਸ਼ਨ) ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ’ਚ ਕੁੱਲ ਪੰਜ ਮੈਂਬਰ ਲਏ ਗਏ ਹਨ। ਇਨ੍ਹਾਂ ’ਚੋਂ ਦੋ ਡੀਐੱਸਪੀ ਕ੍ਰਿਸ਼ਨ ਕੁਮਾਰ ਪੈਂਥੇ ਅਤੇ ਜਸਵਿੰਦਰ ਸਿੰਘ ਟਿਵਾਣਾ ਤੋਂ ਇਲਾਵਾ ਇੰਸਪੈਕਟਰ ਪੱਧਰ ਦੇ ਦੋ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਸਿਟ ਐੱਸਐੱਸਪੀ ਦੀਪਕ ਪਾਰਿਕ ਵੱਲੋਂ ਆਈਜੀ ਮੁਖਵਿੰਦਰ ਸਿੰਘ ਛੀਨਾ ਦੇ ਆਦੇਸ਼ਾਂ ’ਤੇ ਬਣਾਈ ਗਈ ਦੱਸੀ ਜਾ ਰਹੀ ਹੈ। ਇਹ ਕਮੇਟੀ ਇਸ ਮਾਮਲੇ ਵਿੱਚ ਦਰਜ ਕੇਸਾਂ ਬਾਰੇ ਜਾਂਚ ਕਰੇਗੀ। ਇਸੇ ਤਰ੍ਹਾਂ ਪੰਜਾਬ ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਬੀ. ਚੰਦਰ ਸ਼ੇਖਰ ਨੂੰ ਵੀ ਪਟਿਆਲਾ ਹਿੰਸਾ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੁਲੀਸ ਅਧਿਕਾਰੀ ਸਿੱਖ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦਾ ਯਤਨ ਵੀ ਕਰ ਰਹੇ ਹਨ, ਤਾਂ ਜੋ ਪੇਚੀਦਾ ਬਣੇ ਇਸ ਮਾਮਲੇ ਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਜਿੱਠਿਆ ਜਾ ਸਕੇ। ਇਸ ਕੜੀ ਵਜੋਂ ਬਹੁਤ ਜਲਦੀ ਹੀ ਦੋਵਾਂ ਪਾਸਿਆਂ ਦੇ ਨੁਮਾਇੰਦਿਆਂ ਦੀ ਇੱਕ ਸਾਂਝੀ ਮੀਟਿੰਗ ਹੋ ਸਕਦੀ ਹੈ।
ਨੌਜਵਾਨ ਨੂੰ ਲੱਗੀ ਗੋਲੀ ਸਬੰਧੀ ਭੇਤ ਬਰਕਰਾਰ
ਪਟਿਆਲਾ ਹਿੰਸਾ ਦੌਰਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਬਲਵਿੰਦਰ ਸਿੰਘ ਅਜਨਾਲੀ ਨਾਮ ਦੇ ਨੌਜਵਾਨ ਨੂੰ ਲੱਗੀ ਗੋਲੀ ਸਬੰਧੀ ਭੇਤ ਪੰਜ ਦਿਨਾਂ ਬਾਅਦ ਵੀ ਬਰਕਰਾਰ ਹੈ। ਡਾਕਟਰਾਂ ਵੱੱਲੋਂ ਹਾਲੇ ਵੀ ਇਹ ਗੋਲੀ ਨਹੀਂ ਕੱਢੀ ਗਈ। ਡਾਕਟਰਾਂ ਅਨੁਸਾਰ ਪੱਟਾਂ ਦੇ ਵਿਚਕਾਰ ਨਾਜ਼ੁਕ ਥਾਂ ’ਤੇ ਲੱਗੀ ਇਹ ਗੋਲੀ ਕੱਢਣ ਨਾਲ ਬਲਵਿੰਦਰ ਸਿੰਘ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪੀਜੀਆਈ ਦੇ ਡਾਕਟਰਾਂ ਦੀ ਰਾਇ ਲੈਣ ਦੀ ਗੱਲ ਆਖੀ ਜਾ ਰਹੀ ਹੈ। ਸਿੱਖ ਆਗੂਆਂ ਨੇ ਗੋਲੀ ਡਾਕਟਰਾਂ ਦੇ ਬੋਰਡ ਕੋਲੋਂ ਕਢਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਸਪੱਸ਼ਟ ਹੋ ਸਕੇ ਕਿ ਇਹ ਗੋਲੀ ਕਿਸ ਦੇ ਹਥਿਆਰ ’ਚੋਂ ਨਿਕਲੀ ਹੈ।