38 C
Patiāla
Thursday, April 25, 2024

ਜਦੋਂ ਕਈ ਕਿਲੋਮੀਟਰ ਤੱਕ ਪਰਬਤ ਖਿਸਕਿਆ…

Must read


ਗੁਰਪ੍ਰੀਤ ਸਿੰਘ ਤਲਵੰਡੀ

ਧਰਤੀ ਉੱਪਰ ਸਮੇਂ ਸਮੇਂ ’ਤੇ ਕਈ ਤਰ੍ਹਾਂ ਦੇ ਵਰਤਾਰੇ ਹਮੇਸ਼ਾਂ ਵਾਪਰਦੇ ਰਹੇ ਹਨ ਅਤੇ ਵਾਪਰਦੇ ਰਹਿਣਗੇ। ਕੁਦਰਤ ਜਲ ਨੂੰ ਥਲ ਅਤੇ ਥਲ ਨੂੰ ਜਲ ਵਿੱਚ ਬਦਲ ਦੇਣ ਲਈ ਇੱਕ ਪਲ ਵੀ ਨਹੀਂ ਲਗਾਉਂਦੀ। ਗੁਰਬਾਣੀ ਦਾ ਫੁਰਮਾਨ ਹੈ ਕਿ ਕੁਦਰਤ ਬੜੀ ਬੇਅੰਤ ਹੈ। ਨਦੀਆਂ ਵਿੱਚ ਟਿੱਬੇ ਉਤਪੰਨ ਕਰਨੇ ਅਤੇ ਥਲ ਨੂੰ ਜਲ ਵਿੱਚ ਬਦਲ ਦੇਣਾ ਸਭ ਕੁਦਰਤ ਦੇ ਹੱਥ ਹੈ। ਇਸ ਨੂੰ ਅੱਜ ਵਿਗਿਆਨ ਵੀ ਸਿੱਧ ਕਰ ਚੁੱਕੀ ਹੈ।

ਅਜਿਹੀਆਂ ਵਿਲੱਖਣ ਘਟਨਾਵਾਂ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ‘ਦਿ ਹੋਪ ਸਲਾਈਡ’ ਦੀ ਘਟਨਾ ਵਿਸੇਸ਼ ਸਥਾਨ ਰੱਖਦੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਉੱਚੇ ਪਰਬਤਾਂ ਅਤੇ ਸੰਘਣੇ ਜੰਗਲਾਂ ਵਿਚਕਾਰ ਘਿਰੀ ਨਿਕੋਲਮ ਕ੍ਰੀਕ ਘਾਟੀ ਵਿੱਚ ਛੋਟੇ ਜਿਹੇ ਕਸਬੇ ਹੋਪ ਤੋਂ ਪ੍ਰਿੰਸਟਨ ਨੂੰ ਜਾਂਦਿਆਂ ਹਈਵੇ ਨੰਬਰ 3 ਉੱਪਰ ਖੱਬੇ ਹੱਥ ਇੱਕ ਵਿਸ਼ਾਲ ਪਰਬਤ ਦੇ ਕਈ ਕਿਲੋਮੀਟਰ ਤੱਕ ਖਿਸਕਣ ਦੀ ਘਟਨਾ ਨੂੰ ਹੀ ‘ਦਿ ਹੋਪ ਸਲਾਈਡ’ ਦਾ ਨਾਮ ਦਿੱਤਾ ਗਿਆ ਹੈ। 9 ਜਨਵਰੀ 1965 ਨੂੰ ਸਵੇਰ ਵੇਲੇ ਨਿਕੋਲਮ ਘਾਟੀ ਵਿੱਚ ਮਾਮੂਲੀ ਜਿਹਾ ਭੂਚਾਲ ਆਇਆ।

ਜਿਸ ਵਕਤ ਇਹ ਭੂਚਾਲ ਆਇਆ ਤਾਂ ਉਦੋਂ ਉਕਤ ਇਲਾਕਾ ਸੰਘਣੀ ਬਰਫ਼ਬਾਰੀ ਦੀ ਲਪੇਟ ਵਿੱਚ ਆਇਆ ਹੋਇਆ ਸੀ, ਤਦ ਇਸ ਹਾਈਵੇ ਦੇ ਉੱਤਰ ਵਾਲੇ ਪਾਸਿਉਂ ਕਰੀਬ 2000 ਮੀਟਰ ਉੱਚਾ ਪਰਬਤ ਪਲ ਭਰ ਵਿੱਚ ਹੀ ਹੇਠਾਂ ਡਿੱਗ ਗਿਆ। ਇਸ ਦਾ ਮਲਬਾ ਕਰੀਬ 46 ਮਿਲੀਅਨ ਘਣ ਮੀਟਰ ਦੱਸਿਆ ਜਾਂਦਾ ਹੈ, ਜਿਸ ਵਿੱਚ ਮਿੱਟੀ, ਪੱਥਰ ਅਤੇ ਬਰਫ਼ ਵੀ ਸ਼ਾਮਲ ਸੀ। ਇਸ ਪਰਬਤ ਨੇ 3 ਕਿਲੋਮੀਟਰ ਤਕ ਇਲਾਕੇ ਨੂੰ ਕਰੀਬ 70 ਮੀਟਰ ਮੋਟੇ ਮਲਬੇ ਨਾਲ ਭਰ ਦਿੱਤਾ। ਇਸ ਪਹਾੜ ਦੇ ਹੇਠਾਂ ਹੀ ਇੱਕ ਆਉਟਰਮ ਨਾਮ ਦੀ ਝੀਲ ਵਹਿ ਰਹੀ ਸੀ, ਉਹ ਝੀਲ ਵੀ ਮਲਬੇ ਦੇ ਹੇਠਾਂ ਪੂਰੀ ਤਰ੍ਹਾਂ ਦੱਬ ਗਈ। ਉਨ੍ਹਾਂ ਦਿਨਾਂ ਵਿੱਚ ਸਮੁੱਚਾ ਇਲਾਕਾ ਭਾਰੀ ਬਰਫ਼ਵਬਾਰੀ ਦੀ ਮਾਰ ਹੇਠਾਂ ਆਇਆ ਹੋਇਆ ਸੀ। ਪਰਬਤ ਦੇ ਖਿਸਕਣ ਤੋਂ ਪਹਿਲਾਂ ਹਈਵੇ ਨੰਬਰ 3 ਬਰਫ਼ ਦੀ ਮੋਟੀ ਤਹਿ ਕਾਰਨ ਬੰਦ ਹੋ ਚੁੱਕਾ ਸੀ।

ਇਸ ਰਸਤੇ ’ਤੇ ਆਪੋ ਆਪਣੀਆਂ ਮੰਜ਼ਿਲਾਂ ਵੱਲ ਵਧ ਰਹੇ ਚਾਰ ਵਿਅਕਤੀ ਜੋ ਤਿੰਨ ਵਾਹਨਾਂ ਵਿੱਚ ਸਵਾਰ ਦੱਸੇ ਜਾਂਦੇ ਹਨ, ਉਹ ਵੀ ਰਸਤਾ ਬੰਦ ਹੋਣ ਕਾਰਨ ਰੁਕੇ ਹੋਏ ਸਨ। ਜਦੋਂ ਪਹਾੜ ਖਿਸਕਿਆ ਤਦ ਉਕਤ ਰਾਹਗੀਰ ਵੀ ਇਸ ਨੇ ਆਪਣੀ ਲਪੇਟ ਵਿੱਚ ਲੈ ਲਏ। ਉਹ ਚਾਰੇ ਰਾਹਗੀਰ ਮਲਬੇ ਹੇਠਾਂ ਦੱਬ ਜਾਣ ਕਾਰਨ ਮਾਰੇ ਗਏ, ਜਿਨ੍ਹਾਂ ਵਿੱਚ ਦੋ ਦੇ ਮ੍ਰਿਤਕ ਸਰੀਰ ਮਿਲੇ ਹੀ ਨਹੀਂ। ਇਨ੍ਹਾਂ ਮਰਨ ਵਾਲਿਆਂ ਵਿੱਚ ਡੈਨਿਸ ਜੌਰਜ ਅਰਲਿਟ, ਬਰਨੀ ਲੌਆਇਡ ਬੈੱਕ, ਮਾਰੀ ਕਾਲਮਾਕੌਫ ਅਤੇ ਥੌਮਸ ਸਟਾਰਚੱਕ ਵਜੋਂ ਪਛਾਣੇ ਗਏ। ਹੋਪ-ਪ੍ਰਿੰਸਟਨ ਹਾਈਵੇ ਦੁਬਾਰਾ ਮਲਬਾ ਹਟਾ ਕੇ ਚਾਲੂ ਕੀਤਾ ਗਿਆ। ਮਲਬੇ ਉੱਪਰ ਹੀ ਹਈਵੇ ਦੇ ਨੇੜੇ ਇੱਕ ਪੱਥਰ ਲਗਾ ਕੇ ਸਮੁੱਚੀ ਘਟਨਾ ਦਾ ਵਿਸਥਾਰ ਅਤੇ ਮ੍ਰਿਤਕ ਵਿਅਕਤੀਆਂ ਦੇ ਨਾਮ ਅੰਕਿਤ ਕੀਤੇ ਗਏ ਹਨ। ਇਸੇ ਹੀ ਜਗ੍ਹਾ ’ਤੇ 13 ਅਗਸਤ 1965 ਨੂੰ ਇੱਕ ਛੋਟਾ ਹਵਾਈ ਜਹਾਜ਼ ਡਿੱਗਣ ਕਾਰਨ ਜਹਾਜ਼ ਦਾ ਪਾਇਲਟ ਸਟੈਵੈਨਸਨ ਵੀ ਮਾਰਿਆ ਗਿਆ। ਇਸ ਤੋਂ ਬਾਅਦ ਇਸੇ ਹੀ ਸਥਾਨ ’ਤੇ ਰੌਇਲ ਕੈਨੇਡੀਅਨ ਏਅਰ ਫੋਰਸ ਦਾ ਜਹਾਜ਼ 23 ਅਪ੍ਰੈਲ 1966 ਨੂੰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਚਾਲਕ ਦਲ ਦੇ ਸਾਰੇ ਮੈਂਬਰ ਮਾਰੇ ਗਏ। ਇਸ ਪਹਾੜ ਦੇ ਸਥਾਨ ’ਤੇ ਵੱਖ ਵੱਖ ਘਟਨਾਵਾਂ ਵਿੱਚ ਜਾਨ ਗਵਾ ਚੁੱਕੇ ਵਿਅਕਤੀਆਂ ਦੀ ਯਾਦ ਵਿੱਚ ਪੱਥਰ ਲਗਾ ਕੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ ਦੇ ਨਾਲ ਨਾਲ ਉਨ੍ਹਾਂ ਨੂੰ ਹਰ ਸਾਲ ਉਨ੍ਹਾਂ ਦੇ ਸਬੰਧੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਸਿਲਸਿਲਾ ਵੀ ਹਾਲੇ ਤੱਕ ਜਾਰੀ ਹੈ। ਇੰਜ ‘ਹੋਪ ਸਲਾਈਡ’ ਵਰਗੀ ਘਟਨਾ ਕੈਨੇਡਾ ਦੀਆਂ ਪ੍ਰਮੁੱਖ ਕੁਦਰਤੀ ਘਟਨਾਵਾਂ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ।
ਸੰਪਰਕ: 001-778-980-9196



News Source link
#ਜਦ #ਕਈ #ਕਲਮਟਰ #ਤਕ #ਪਰਬਤ #ਖਸਕਆ

- Advertisement -

More articles

- Advertisement -

Latest article