34.8 C
Patiāla
Monday, October 14, 2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵਰ੍ਹੇ ਹਰਮੀਤ ਸਿੰਘ ਕਾਲਕਾ

Must read


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 3 ਮਈ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਵਿੱਚ ਕਰਵਾਏ ਸਮਾਗਮ ’ਚ ਜੇਕਰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਵੱਲੋਂ ਸਿੱਖ ਨੁਮਾਇੰਦੇ ਸ਼ਾਮਲ ਹੁੰਦੇ ਤਾਂ ਕਈ ਵੱਡੇ ਸਿੱਖ ਮਸਲੇ ਹੱਲ ਕਰਾਉਣ ਲਈ ਪ੍ਰਧਾਨ ਮੰਤਰੀ ਕੋਲ ਰੱਖੇ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਇਹ ਮੌਕਾ ਅਜਾਈਂ ਗਿਆ ਹੈ ਜਦੋਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ ਸਨ। ਉਹ ਇੱਥੇ ਪੰਥਕ ਜਥੇਬੰਦੀਆਂ ਦੀ ਸੱਦੀ ਗਈ ਮੀਟਿੰਗ ’ਚ ਸ਼ਾਮਲ ਹੋਣ ਲਈ ਆਏ ਸਨ।

ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਕਾਲਕਾ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ, ਦਿੱਲੀ ਦੇ ਦਫ਼ਤਰ ’ਤੇ ਕਬਜ਼ਾ ਕਰਨ ਦੇ ਮੰਤਵ ਨਾਲ ਗੁਰੂ ਗ੍ਰੰਥ ਸਾਹਿਬ ਦਾ ਕਥਿਤ ਤੌਰ ਨਿਰਾਦਰ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਅਕਾਲੀ ਲੀਡਰਸ਼ਿਪ ਗੁਰਦੁਆਰਾ ਰਕਾਬਗੰਜ ਦੇ ਕੈਂਪਸ ਵਿੱਚ ਬਣੇ ਦਫ਼ਤਰ ’ਤੇ ਕਬਜ਼ਾ ਕਰਨ ਦਾ ਯਤਨ ਕਰ ਰਹੀ ਹੈ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਂ ’ਤੇ ਉਥੇ ਅਖੰਡ ਪਾਠ ਆਰੰਭ ਕਰਵਾ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਦੀ ਸਿੱਖ ਸੰਗਤ ਲਈ ਪੰਜਾਬ ਦੇ ਗੁਰਧਾਮਾਂ ਦੀ ਯਾਤਰਾ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ, ਦਿੱਲੀ ਦੇ ਸਿੱਖਾਂ ਲਈ ਵੱਖ-ਵੱਖ ਕਾਰਜਾਂ ਵਾਸਤੇ ਪੰਜ ਕਰੋੜ ਰੁਪਏ ਖ਼ਰਚਣ ਦਾ ਐਲਾਨ ਕਰਨ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਐਲਾਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਦਿੱਲੀ ਕਮੇਟੀ ਦੇ ਆਗੂਆਂ ਨੇ ਆਖਿਆ ਕਿ ਇਹ ਦਿੱਲੀ ਕਮੇਟੀ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਕਿਸੇ ਸਿਆਸੀ ਮੰਤਵ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਕੋਲੋਂ ਇਸ ਬਾਰੇ ਜਵਾਬਤਲਬੀ ਕਰਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਬਾਰੇ ਫਿਲਹਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

ਦਿੱਲੀ ਦੇ ਸਿੱਖ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਹਨ ਅਤੇ ਉਨ੍ਹਾਂ ਦਿੱਲੀ ਦੀ ਸੰਗਤ ਦੇ ਸੁਝਾਅ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਬਾਦਲ ਦਲ ਵੱਲੋਂ ਪਰਮਜੀਤ ਸਿੰਘ ਸਰਨਾ ਨੂੰ ਪ੍ਰਧਾਨ ਬਣਾਉਣ ਲਈ ਆਖਿਆ ਗਿਆ ਸੀ, ਜਿਸ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ ਹੈ।

ਭਾਜਪਾ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ਵਿੱਚ 400 ਸਾਲਾ ਸ਼ਤਾਬਦੀ ਸਬੰਧੀ ਕਰਵਾਏ ਸਮਾਗਮ ਵਿੱਚ ਉਹ ਇੱਕ ਨੋਡਲ ਏਜੰਸੀ ਵਜੋਂ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ‘ਆਪ’ ਦੀ ਦਿੱਲੀ ਸਰਕਾਰ ਨਾਲ ਇਸ ਲਈ ਤਾਲਮੇਲ ਰੱਖਿਆ ਗਿਆ ਹੈ ਕਿਉਂਕਿ ਸਿੱਖ ਮਸਲਿਆਂ ਨੂੰ ਹੱਲ ਕਰਾਉਣ ਲਈ ਸਰਕਾਰਾਂ ਨਾਲ ਤਾਲਮੇਲ ਜ਼ਰੂਰੀ ਹੈ।





News Source link

- Advertisement -

More articles

- Advertisement -

Latest article