ਮੈਡਰਿਡ, 4 ਮਈ
ਨੋਵਾਕ ਜੋਕੋਵਿਚ ਨੇ ਗੇਲ ਮੋਨਫਿਲਸ ਨੂੰ ਸਿੱਧੇ ਸੈੱਟਾਂ ’ਚ 6-3, 6-2 ਨਾਲ ਮਾਤ ਦਿੰਦਿਆਂ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਸਰਬੀਆ ਦੇ ਜੋਕੋਵਿਚ ਨੇ ਦੂਜੇ ਗੇੜ ਦੇ ਮੈਚ ਵਿੱਚ ਮੋਨਫਿਲਸ ਨੂੰ 6-3, 6-2 ਨਾਲ ਹਰਾਉਣ ਮਗਰੋਂ ਇਸ ਨੂੰ ਸਾਲ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਰ ਦਿੱਤਾ ਹੈ। ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜੋਕੋਵਿਚ ਦਾ ਮੁਕਾਬਲਾ ਦੋ ਵਾਰ ਇਹ ਟੂਰਨਾਮੈਂਟ ਜਿੱਤ ਚੁੱਕੇ ਐਂਡੀ ਮੱਰੇ ਨਾਲ ਹੋਵੇਗਾ। ਐਂਡੀ ਮੱਰੇ ਡੈਨਿਸ ਸ਼ਾਪੋਵਾਲੋਵ ਨੂੰ 6-1, 3-6, 6-2 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਈ ਹੈ। ਮਹਿਲਾ ਵਰਗ ਵਿੱਚ ਅਮਰੀਕਾ ਦੀ ਜੈਸਿਕਾ ਪੇਗੁਲਾ ਨੇ ਬਿਯਾਂਕਾ ਆਂਂਦਰੀਸਕੂ ਨੂੰ 7-5, 6-1 ਨਾਲ ਅਤੇ ਸਪੇਨ ਦੀ ਸੋਰਬਿਸ ਟਾਰਮੋ ਨੇ ਦਾਰਿਆ ਕਸਾਤਕਿਨਾ ਨੂੰ 6-4, 1-6, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। -ਏਪੀ