37.4 C
Patiāla
Monday, July 22, 2024

ਕਿਸੇ ਅਜੂਬੇ ਤੋਂ ਘੱਟ ਨਹੀਂ ਪਨਾਮਾ

Must read

ਕਿਸੇ ਅਜੂਬੇ ਤੋਂ ਘੱਟ ਨਹੀਂ ਪਨਾਮਾ


ਹਰਜੀਤ ਅਟਵਾਲ

ਜੇ ਤੁਸੀਂ ਭੂਗੋਲ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਜ਼ਰੂਰ ਜਾਣਦੇ ਹੋਵੋਗੇ ਕਿ ਦੱਖਣੀ-ਅਮਰੀਕਾ ਮਹਾਂਦੀਪ ਦੇ ਉੱਪਰਲੇ ਪਾਸੇ ਐਟਲਾਂਟਿਕ ਮਹਾਸਾਗਰ ਪੈਂਦਾ ਹੈ ਤੇ ਹੇਠਾਂ ਪ੍ਰਸ਼ਾਂਤ ਮਹਾਸਾਗਰ। ਉਂਜ ਤਾਂ ਦੋਵੇਂ ਮਹਾਸਾਗਰਾਂ ਵਿੱਚ ਹਜ਼ਾਰਾਂ ਮੀਲਾਂ ਦਾ ਫਰਕ ਹੈ, ਪਰ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੋਂ ਦੋਵਾਂ ਦੀ ਦੂਰੀ ਸਿਰਫ਼ ਪੰਜਾਹ ਮੀਲ ਰਹਿ ਜਾਂਦੀ ਹੈ। ਇਹ ਜਗ੍ਹਾ ਪਨਾਮਾ ਵਿੱਚ ਹੈ। ਪਨਾਮਾ ਜਿੱਥੇ ਇੱਕ ਮੁਲਕ ਹੈ, ਉਸ ਦੀ ਰਾਜਧਾਨੀ ਦਾ ਨਾਂ ਵੀ ਪਨਾਮਾ ਹੀ ਹੈ। ਇੱਥੋਂ ਜੇ ਤੁਸੀਂ ਇੱਕ ਸਾਗਰ ਤੋਂ ਦੂਜੇ ਸਾਗਰ ਤੱਕ ਜ਼ਮੀਨੀ ਸਫ਼ਰ ਕਰਨਾ ਹੋਵੇ ਤਾਂ ਕਿਸੇ ਵਾਹਨ ਰਾਹੀਂ ਸ਼ਾਇਦ ਘੰਟਾ ਵੀ ਨਾ ਲੱਗੇ, ਪਰ ਜੇ ਸਮੁੰਦਰ ਰਾਹੀਂ ਇਹੋ ਸਫ਼ਰ ਤੈਅ ਕਰਨਾ ਹੋਵੇ ਤਾਂ ਇਹ ਅੱਠ ਹਜ਼ਾਰ ਮੀਲ ਪੈਂਦਾ ਹੈ ਤੇ ਜਹਾਜ਼ ਰਾਹੀਂ ਇਸ ਸਫ਼ਰ ਨੂੰ ਸਰ ਕਰਨ ਵਿੱਚ ਪੰਦਰਾਂ-ਵੀਹ ਦਿਨ ਲੱਗ ਜਾਂਦੇ ਹਨ। ਜਦੋਂ ਪੁਰਤਗਾਲੀਆਂ ਤੇ ਸਪੇਨੀਆਂ ਨੇ ਇਨ੍ਹਾਂ ਮੁਲਕਾਂ ਨੂੰ ਕਾਲੋਨੀਆਂ ਬਣਾਉਣਾ ਸ਼ੁਰੂ ਕੀਤਾ ਤਾਂ ਉਦੋਂ ਤੋਂ ਹੀ ਇਸ ਖਾਸੀਅਤ ਦਾ ਪਤਾ ਚੱਲ ਗਿਆ ਸੀ ਤੇ ਉਦੋਂ ਤੋਂ ਹੀ ਅੱਠ ਹਜ਼ਾਰ ਦੇ ਸਫ਼ਰ ਨੂੰ ਪੰਜਾਹ ਮੀਲ ਵਿੱਚ ਬਦਲਣ ਦੀਆਂ ਸਕੀਮਾਂ ਬਣਨ ਲੱਗੀਆਂ ਸਨ।

ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਸਪੇਨੀ ਰਾਜੇ ਤੇ ਰੋਮਨ ਰਾਜੇ ਚਾਰਲਸ ਪੰਜਵੇਂ ਨੇ ਧਰਤੀ ਦੇ ਇਸ ਟੁਕੜੇ ਦਾ ਸਰਵੇ ਕਰਨ ਲਈ ਇੱਕ ਟੀਮ ਭੇਜੀ ਸੀ ਤਾਂ ਜੋ ਸਪੇਨ ਤੋਂ ਪੇਰੂ ਜਾਣ ਵਾਲੇ ਜਹਾਜ਼ਾਂ ਨੂੰ ਘੱਟ ਵਕਤ ਲੱਗੇ। ਇਸ ਇਲਾਕੇ ਵਿੱਚ ਸਪੇਨ ਤੇ ਪੁਰਤਗਾਲੀਆਂ ਨੇ ਆਪਣਾ ਵਾਧਾ ਵੀ ਦਰਜ ਕਰਨਾ ਸੀ। 1668 ਵਿੱਚ ਇੱਕ ਅੰਗਰੇਜ਼ ਫ਼ਿਲਾਸਫ਼ਰ ਸਰ ਥੌਮਸ ਬਰਾਉਨ ਨੇ ਇਸ ਜਗ੍ਹਾ ਨੂੰ ਕੱਟ ਕੇ ਦੋਵਾਂ ਸਮੁੰਦਰਾਂ ਨੂੰ ਜੋੜਨ ਦੀ ਮਹੱਤਤਾ ਬਾਰੇ ਬਹੁਤ ਕੁਝ ਲਿਖਿਆ। 1788 ਵਿੱਚ ਥੌਮਸ ਜੈਫਰਸਨ ਨਾਂ ਦੇ ਅਮਰੀਕਨ ਨੇ ਸਪੇਨ ਸਰਕਾਰ ਕੋਲ ਪਨਾਮਾ ਵਿੱਚ ਨਹਿਰ ਬਣਾਉਣ ਦੀ ਸਿਫਾਰਸ਼ ਕੀਤੀ ਕਿਉਂਕਿ ਇਹ ਇਲਾਕਾ ਉਸ ਦੇ ਅਧੀਨ ਪੈਂਦਾ ਸੀ। 1788 ਵਿੱਚ ਅਲੈਸੈਂਡਰੋ ਮੈਲਾਸਪੀਨਾ ਨੇ ਇਸ ਦਾ ਸਰਵੇ ਕੀਤਾ ਤੇ 1793 ਵਿੱਚ ਇਸਥਮਸ ਦਾ ਭਾਵ ਦੋ ਸਮੁੰਦਰਾਂ ਵਿਚਕਾਰ ਪੈਂਦੀ ਧਰਤੀ ਉੱਪਰ ਬਣਾਈ ਜਾਣ ਵਾਲੀ ਨਹਿਰ ਦਾ ਨਕਸ਼ਾ ਤਿਆਰ ਕਰ ਲਿਆ ਸੀ। ਇਸ ਤੋਂ ਪਹਿਲਾਂ 1698 ਵਿੱਚ ਸਕੌਟਲੈਂਡ ਦੇ ਰਾਜੇ ਨੇ ਵੀ ਡੈਰੀਅਨ ਸਕੀਮ ਨਾਂ ਦੇ ਪ੍ਰਾਜੈਕਟ ਹੇਠ ਜਗ੍ਹਾ ਦਾ ਸਰਵੇ ਕਰਾਇਆ ਸੀ। ਨਹਿਰ ਬਣਾਏ ਜਾਣ ਬਾਰੇ ਸਲਾਹਾਂ ਤਾਂ ਬਹੁਤ ਹੁੰਦੀਆਂ, ਪਰ ਇਹ ਪ੍ਰਾਜੈਕਟ ਬਹੁਤ ਖ਼ਰਚੀਲਾ ਸੀ ਤੇ ਇਸ ਉੱਪਰ ਪੈਸੇ ਖਰਚਣ ਲਈ ਕੋਈ ਤਿਆਰ ਨਹੀਂ ਸੀ ਹੁੰਦਾ ਕਿਉਂਕਿ ਇਹ ਇਲਾਕਾ ਸਪੇਨ ਦਾ ਸੀ। 1821 ਵਿੱਚ ਜਦੋਂ ਪਨਾਮਾ ਨੂੰ ਸਪੇਨ ਤੋਂ ਆਜ਼ਾਦੀ ਮਿਲੀ ਤਾਂ ਇਸ ਨਹਿਰ ਨੂੰ ਬਣਾਉਣ ਵਿੱਚ ਕਈ ਮੁਲਕ ਦਿਲਚਸਪੀ ਦਿਖਾਉਣ ਲੱਗੇ। ਜਦੋਂ ਫਰਾਂਸ ਨੂੰ ਨਹਿਰ ਸੁਏਜ਼ ਬਣਾਉਣ ਵਿੱਚ ਕਾਮਯਾਬੀ ਮਿਲੀ ਤਾਂ ਉਸ ਨੇ ਪਨਾਮਾ ਨਹਿਰ ਬਣਾਉਣ ਦਾ ਫੈਸਲਾ ਕਰ ਲਿਆ।

ਫਰਾਂਸੀਸੀਆਂ ਨੇ ਇਸ ਪੂਰੇ ਇਲਾਕੇ ਦਾ ਸਰਵੇ ਕੀਤਾ, ਪਰ ਇਹ ਧਰਤੀ ਮਿਸਰ ਦੀ ਉਸ ਧਰਤੀ ਤੋਂ ਬਿਲਕੁਲ ਭਿੰਨ ਹੈ ਜਿੱਥੇ ਨਹਿਰ ਸੁਏਜ਼ ਬਣੀ ਹੋਈ ਹੈ। ਇੱਥੋਂ ਪਨਾਮਾ ਦਾ ਇਹ ਇਲਾਕਾ ਸਮੁੰਦਰ ਦੇ ਤਲ ਤੋਂ 85 ਫੁੱਟ ਉੱਚਾ ਹੈ ਤੇ ਹੈ ਵੀ ਚਟਾਨੀ। ਪਹਿਲੀ ਸਕੀਮ ਅਨੁਸਾਰ ਚਟਾਨਾਂ ਕੱਟ ਕੇ ਨਹਿਰ ਕੱਢੇ ਜਾਣ ਦੀ ਸੀ, ਪਰ ਇਹ ਕੰਮ ਅਸੰਭਵ ਵਰਗਾ ਸੀ ਤੇ ਦੂਜਾ ਪ੍ਰਸ਼ਾਂਤ ਦਾ ਤਲ ਐਟਲਾਂਟਿਕ ਦੇ ਤਲ ਤੋਂ ਤਕਰੀਬਨ ਵੀਹ ਸੈਂਟੀਮੀਟਰ ਉੱਚਾ ਹੈ ਸੋ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦਾ ਐਟਲਾਂਟਿਕ ਵੱਲ ਹੜ੍ਹ ਲਿਆ ਸਕਦਾ ਸੀ। ਦੂਜੀ ਸਕੀਮ ਮੁਤਾਬਕ ਨਹਿਰ ਕੱਢ ਕੇ ਜਹਾਜ਼ਾਂ ਨੂੰ 85 ਫੁੱਟ ਉੱਪਰ ਲੈ ਜਾ ਕੇ ਇਸ ਵਿੱਚ ਵਾੜਨ ਦੀ ਸੀ। ਇਸ ਇਲਾਕੇ ਵਿੱਚ ਗੈਟਨ ਝੀਲ ਪੈਂਦੀ ਹੈ। ਇਹ ਝੀਲ ਚੈਗਰਜ਼ ਦਰਿਆ ਉੱਪਰ ਬਣੇ ਗੈਟਨ ਡੈਮ ਕਰਕੇ ਬਣੀ ਹੋਈ ਹੈ। ਇਸ ਦੇ ਨਾਲ ਹੀ ਮੈਡਨ ਲੇਕ ਹੈ ਜੋ ਮੈਡਨ ਡੈਮ ਕਰਕੇ ਬਣਦੀ ਹੈ। ਇਸ ਝੀਲ ਨੂੰ ਜਹਾਜ਼ਰਾਨੀ ਯੋਗ ਬਣਾਇਆ ਜਾ ਸਕਦਾ ਸੀ। ਸੋ ਲੋੜ ਸੀ ਦੋਵਾਂ ਪਾਸਿਆਂ ਤੋਂ ਨਹਿਰ ਕੱਢ ਕੇ ਝੀਲ ਤੱਕ ਲਿਆਉਣ ਦੀ ਤੇ ਨਾਲ ਦੀ ਨਾਲ ਜਹਾਜ਼ਾਂ ਨੂੰ 85 ਫੁੱਟ ਉੱਪਰ ਚੁੱਕਣ ਦੀ ਤੇ ਦੂਜੇ ਪਾਸੇ ਹੇਠਾਂ ਲਾਹੁਣ ਦੀ। ਪੂਰੀ ਤਿਆਰੀ ਕਰਕੇ ਫਰਾਂਸ ਨੇ 1881 ਵਿੱਚ ਇਸ ਪ੍ਰਾਜੈਕਟ ਉੱਪਰ ਕੰਮ ਸ਼ੁਰੂ ਕਰ ਦਿੱਤਾ। ਫਰਾਂਸੀਸੀਆਂ ਨੂੰ ਜਲਦੀ ਹੀ ਪਤਾ ਚੱਲ ਗਿਆ ਕਿ ਇਹ ਪ੍ਰਾਜੈਕਟ ਉਨ੍ਹਾਂ ਦੀ ਸੋਚ ਤੋਂ ਕਿਤੇ ਵੱਧ ਔਖਾ ਤੇ ਖਰਚੀਲਾ ਸੀ। ਇੱਕ ਤਾਂ ਇੱਥੋਂ ਦਾ ਮੌਸਮ ਵੀ ਬਹੁਤ ਖਰਾਬ ਸੀ, ਮੱਖੀਆਂ-ਮੱਛਰਾਂ ਦੀ ਬਹੁਤਾਤ ਸੀ ਜਿਸ ਕਾਰਨ ਬਿਮਾਰੀਆਂ ਬਹੁਤ ਫੈਲ ਜਾਂਦੀਆਂ। ਪੁੱਟ-ਪੁਟਾਈ ਦਾ ਕੰਮ ਔਖਾ ਹੋਣ ਕਰਕੇ ਹਾਦਸੇ ਬਹੁਤ ਹੁੰਦੇ, ਮੌਤਾਂ ਹੋ ਜਾਂਦੀਆਂ ਸਨ। ਉੱਪਰੋਂ ਦੀ ਮਲੇਰੀਆ ਤੇ ਪੀਲਾ ਬੁਖਾਰ ਫੈਲ ਜਾਣ ਕਰਕੇ ਵੀ ਕਰਮਚਾਰੀਆਂ ਦੀਆਂ ਭਾਰੀ ਗਿਣਤੀ ਵਿੱਚ ਮੌਤਾਂ ਹੋ ਜਾਂਦੀਆਂ। ਉਨ੍ਹਾਂ ਨੂੰ ਕੋਈ ਅਜਿਹਾ ਨਿਵੇਸ਼ਕ ਵੀ ਨਹੀਂ ਸੀ ਮਿਲਿਆ ਜੋ ਇਸ ਉੱਪਰ ਪੈਸੇ ਖਰਚ ਸਕੇ। ਉਨ੍ਹਾਂ ਨੂੰ ਕੰਮ ਵਿਚਕਾਰ ਹੀ ਛੱਡਣਾ ਪਿਆ।

1904 ਵਿੱਚ ਇਹ ਪ੍ਰਾਜੈਕਟ ਅਮਰੀਕਾ ਨੇ ਸੰਭਾਲ ਲਿਆ। ਉਨ੍ਹਾਂ ਨੇ ਪਨਾਮਾ ਨਾਲ ਇੱਕ ਸੰਧੀ ਕੀਤੀ ਕਿ ਇੱਕ ਨਿਸ਼ਚਤ ਸਮੇਂ ਤੱਕ ਨਹਿਰ ਪਨਾਮਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਉੱਪਰ ਅਮਰੀਕਾ ਦਾ ਕੰਟਰੋਲ ਰਹੇਗਾ। ਨਹਿਰ ਬਣਾਉਣ ਦੇ ਇਵਜ਼ ਵਜੋਂ ਏਨੇ ਸਾਲ ਨਹਿਰ ਦੀ ਸਾਰੀ ਆਮਦਨ ਅਮਰੀਕਾ ਰੱਖੇਗਾ। ਇਵੇਂ ਅਮਰੀਕਾ ਨੇ ਪਨਾਮਾ ਨਹਿਰ ਦਸ ਸਾਲ ਵਿੱਚ ਤਿਆਰ ਕਰਕੇ 1914 ਵਿੱਚ ਆਵਾਜਾਈ ਲਈ ਖੋਲ੍ਹ ਦਿੱਤੀ।

ਇਸ ਦੀ ਬਣਤਰ ਨੂੰ ਦੇਖਣਾ ਵੀ ਬਹੁਤ ਦਿਲਚਸਪ ਹੈ। ਲੌਕ ਸਿਸਟਮ ਰਾਹੀਂ ਵੱਡੇ ਤੋਂ ਵੱਡੇ ਜਹਾਜ਼ ਨੂੰ ਉੱਪਰ ਹੇਠਾਂ ਕੀਤਾ ਜਾ ਸਕਦਾ ਹੈ। ਲੌਕ ਵਿੱਚ ਜਹਾਜ਼ ਦੇ ਸਾਈਜ਼ ਦਾ ਚੈਂਬਰ ਹੁੰਦਾ ਹੈ ਜਿਸ ਵਿੱਚ ਜਹਾਜ਼ ਨੂੰ ਵਾੜ ਕੇ ਇਸ ਵਿੱਚ ਪਾਣੀ ਭਰਕੇ ਇਸ ਨੂੰ ਉੱਪਰ ਚੁੱਕਿਆ ਜਾਂਦਾ ਹੈ ਤੇ ਪਾਣੀ ਕੱਢ ਕੇ ਹੇਠਾਂ ਲਿਆਂਦਾ ਜਾਂਦਾ ਹੈ। ਚੈਂਬਰ ਆਮ ਤੌਰ ’ਤੇ ਹਜ਼ਾਰ ਫੁੱਟ ਲੰਮੇ, ਸੌ ਫੁੱਟ ਤੋਂ ਵੱਧ ਚੌੜੇ ਤੇ ਚਾਲੀ ਫੁੱਟ ਡੂੰਘੇ ਹੁੰਦੇ ਹਨ। ਹਰ ਚੈਂਬਰ ਨੂੰ ਵੱਡੇ-ਵੱਡੇ ਦੋ ਦਰਵਾਜ਼ੇ ਲੱਗੇ ਹੁੰਦੇ ਹਨ। ਇਹ ਦਰਵਾਜ਼ੇ 65 ਫੁੱਟ ਚੌੜੇ, ਸਾਢੇ ਛੇ ਫੁੱਟ ਮੋਟੇ ਤੇ 46 ਫੁੱਟ ਤੋਂ ਲੈ ਕੇ 82 ਫੁੱਟ ਤੱਕ ਉੱਚੇ ਹੁੰਦੇ ਹਨ। ਇਹ ਦਰਵਾਜ਼ੇ ਬਿਜਲੀ ਨਾਲ ਖੁੱਲ੍ਹਦੇ-ਬੰਦੇ ਹੁੰਦੇ ਹਨ ਕਿਉਂਕਿ ਯੂਰਪ ਉੱਚਾ-ਨੀਵਾਂ ਇਲਾਕਾ ਹੈ, ਇਸ ਲਈ ਕਿਸ਼ਤੀਆਂ-ਜਹਾਜ਼ਾਂ ਨੂੰ ਉੱਪਰ ਹੇਠਾਂ ਕਰਨ ਦਾ ਇਹ ਤਰੀਕਾ ਸਦੀਆਂ ਤੋਂ ਵਰਤਿਆ ਜਾਂਦਾ ਹੈ। ਸਮੇਂ ਨਾਲ ਲੌਕ ਦਾ ਸਿਸਟਮ ਬਦਲ ਦਿੱਤਾ ਜਾਂਦਾ ਹੈ। ਲੌਕ ਦਾ ਸਿਸਟਮ ਬਰੈਂਡਰੈਕਟ-ਲੌਕ ਵਾਲਾ ਹੈ ਜੋ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਚ ਸਥਿਤ ਹੈ। ਇਨ੍ਹਾਂ ਵਿੱਚ ਵਾਟਰ-ਸੇਵਿੰਗ ਬੇਸਿਨ ਜਰਮਨੀ ਦੀਆਂ ਨਹਿਰਾਂ ਵਾਲਾ ਹੈ। ਜੇ ਐਟਲਾਂਟਿਕ ਵੱਲੋਂ ਦੇਖੀਏ ਤਾਂ ਜਹਾਜ਼ ਮਹਾਸਾਗਰ ਤੋਂ ਲੈਮਨ ਖਾੜੀ ਵਿੱਚ ਆਉਂਦਾ ਹੈ। ਲੈਮਨ ਖਾੜੀ ਇਵੇਂ ਤਿਆਰ ਕੀਤੀ ਗਈ ਹੈ ਕਿ ਮਹਾਸਾਗਰ ਦੇ ਜਵਾਰ ਭਾਟੇ ਦਾ ਅਸਰ ਨਾ ਰਹੇ। ਲੈਮਨ ਖਾੜੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਤੇ ਉਨ੍ਹਾਂ ਵਿੱਚੋਂ ਹੀ ਪਨਾਮਾ ਨਹਿਰ ਦੋ ਹਿੱਸਿਆਂ ਵਿੱਚ ਬਣਦੀ ਹੈ।

ਇਨ੍ਹਾਂ ਦੋਵਾਂ ਨਹਿਰਾਂ ਉੱਪਰ ਲੌਕ ਬਣੇ ਹੋਏ ਹਨ। ਖੱਬੇ ਪਾਸੇ ਵਾਲੇ ਹਿੱਸੇ ਉੱਪਰ ਐਗਿਊ ਕਲਾਰਾ ਲੌਕਸ ਪੈਂਦੇ ਹਨ ਤੇ ਸੱਜੇ ਪਾਸੇ ਵੱਲ ਗੈਟਨ ਲੌਕਸ। ਇਨ੍ਹਾਂ ਵਿੱਚ ਤਿੰਨ ਪੜਾਵਾਂ ਵਿੱਚ ਜਹਾਜ਼ ਨੂੰ ਉੱਪਰ ਹੇਠਾਂ ਕੀਤਾ ਜਾਂਦਾ ਹੈ। ਇੱਥੋਂ ਜਹਾਜ਼ ਨੂੰ 85 ਫੁੱਟ ਚੁੱਕ ਕੇ ਗੈਟਨ ਝੀਲ ਵਿੱਚ ਵਾੜਿਆ ਜਾਂਦਾ ਹੈ। ਝੀਲ ਵਿੱਚੋਂ ਜਹਾਜ਼ ਲੰਘਾਉਣ ਲਈ ਝੀਲ ਨੂੰ 46 ਫੁੱਟ ਤੋਂ ਲੈ ਕੇ 85 ਫੁੱਟ ਤੱਕ ਡੂੰਘਾ ਕੀਤਾ ਗਿਆ ਹੈ, ਹੁਣ ਜਹਾਜ਼ ਹੋਰ ਵੀ ਵੱਡੇ ਆ ਜਾਣ ਕਾਰਨ ਗੈਟਨ ਝੀਲ ਹੋਰ ਡੂੰਘੀ ਕੀਤੀ ਜਾ ਰਹੀ ਹੈ। ਇਸ ਝੀਲ ਵਿੱਚ 23 ਮੀਲ ਜਹਾਜ਼ ਚੱਲ ਕੇ ਗੈਂਬੋਆ ਤੱਕ ਆਉਂਦਾ ਹੈ ਜਿੱਥੋਂ ਫਿਰ ਨਹਿਰ ਸ਼ੁਰੂ ਹੁੰਦੀ ਹੈ। ਇੱਥੋਂ ਅੱਠ ਮੀਲ ਦਾ ਅੱਗੇ ਹੋਰ ਸਫ਼ਰ ਕਰਕੇ ਜਹਾਜ਼ ਲੌਕ ਵੱਲ ਨੂੰ ਵਧਦਾ ਹੈ। ਇੱਥੋਂ ਨਹਿਰ ਫਿਰ ਦੋ ਸ਼ਾਖਾਵਾਂ ਵਿੱਚ ਵੰਡੀ ਜਾਂਦੀ ਹੈ। ਖੱਬੇ ਪਾਸੇ ਪੈਡਰੋ ਮਗੀਲ ਲੌਕ ਪੈਂਦਾ ਹੈ। ਉੱਥੋਂ ਲੰਘ ਕੇ ਮੀਰਾਫਲੋਰਜ਼ ਝੀਲ ਪੈਂਦੀ ਹੈ ਤੇ ਝੀਲ ਤੋਂ ਬਾਅਦ ਮੀਰਾਫਲੋਰਜ਼ ਲੌਕਸ ਹਨ। ਸੱਜੇ ਪਾਸੇ ਵਾਲੀ ਸ਼ਾਖ ’ਤੇ ਕੋਕੋਲੀ ਲੌਕਸ ਹਨ। ਲੌਕ ਵਿੱਚੋਂ ਜਹਾਜ਼ਾਂ ਨੂੰ ਬਹੁਤ ਹਿਸਾਬ ਨਾਲ ਟੋਅ ਕਰਕੇ ਲੰਘਾਇਆ ਜਾਂਦਾ ਹੈ। ਇਨ੍ਹਾਂ ਨੂੰ ਵਿਸ਼ੇਸ਼ ਚੇਨਾਂ ਨਾਲ ਕਾਬੂ ਵੀ ਕੀਤਾ ਹੁੰਦਾ ਹੈ ਤਾਂ ਕਿ ਜਹਾਜ਼ ਬੇਕਾਬੂ ਨਾ ਹੋ ਜਾਵੇ। ਹਰ ਲੌਕ ਉੱਪਰ ਕੰਟਰੋਲ ਟਾਵਰ ਬਣੇ ਹੁੰਦੇ ਹਨ ਜਿੱਥੋਂ ਜਹਾਜ਼ ਨੂੰ ਸੰਭਾਲ ਰਹੇ ਸਟਾਫ ਨੂੰ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ ਲੌਕਸ ਰਾਹੀਂ ਜਹਾਜ਼ ਹੇਠਾਂ ਉਤਰਦਾ ਹੈ। ਉਵੇਂ ਹੀ ਚੈਂਬਰਾਂ ਵਿੱਚੋਂ ਪਾਣੀ ਕੱਢ ਕੇ ਜਹਾਜ਼ ਨੂੰ ਹੇਠਾਂ ਲਿਆਂਦਾ ਜਾਂਦਾ ਹੈ ਤੇ ਉਹ ਪ੍ਰਸ਼ਾਂਤ ਮਹਾਸਾਗਰ ਦੇ ਤਲ ਦੇ ਬਰਾਬਰ ਆ ਜਾਂਦਾ ਹੈ। ਇੱਥੋਂ ਅੱਗੇ ਸੱਤ ਮੀਲ ਜਹਾਜ਼ ਹੋਰ ਚੱਲ ਕੇ ਪਨਾਮਾ ਖਾੜੀ ਵਿੱਚ ਪੁੱਜ ਜਾਂਦਾ ਹੈ। ਜਹਾਜ਼ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਲਿਆਉਣ ਦੀ ਪ੍ਰਕਿਰਿਆ ਏਨੀ ਆਸਾਨ ਨਹੀਂ ਹੈ। ਇੱਕ ਜਹਾਜ਼ ਨੂੰ ਲੰਘਾਉਣ ਲਈ ਗਿਆਰਾਂ ਤੋਂ ਬਾਰਾਂ ਘੰਟੇ ਲੱਗ ਜਾਂਦੇ ਹਨ, ਪਰ ਅੱਠ ਹਜ਼ਾਰ ਮੀਲ ਜਾਂ ਪੰਦਰਾਂ ਤੋਂ ਵੀਹ ਦਿਨ ਬਚ ਜਾਂਦੇ ਹਨ।

ਇਨ੍ਹਾਂ ਲੌਕਸ ਵਿੱਚ ਗੈਟਨ, ਮੈਡਨ ਤੇ ਮੀਰਾਫਲੋਰਜ਼ ਝੀਲਾਂ ਦਾ ਮਿੱਠਾ ਪਾਣੀ ਵਰਤਿਆ ਜਾਂਦਾ ਹੈ ਤੇ ਇਸ ਨੂੰ ਸਮੁੰਦਰ ਦੇ ਖਾਰੇ ਪਾਣੀ ਨਾਲ ਰਲ਼ਣ ਤੋਂ ਬਚਾਇਆ ਜਾਂਦਾ ਹੈ ਕਿਉਂਕਿ ਸਮੁੰਦਰ ਦੇ ਪਾਣੀ ਵਿੱਚ ਵੱਖਰਾ ਕਰੰਟ ਹੁੰਦਾ ਹੈ ਜੋ ਲੌਕ ਲਈ ਢੁਕਵਾਂ ਨਹੀਂ। ਲੌਕ ਦੇ ਸਾਰੇ ਚੈਨਲ ਅੰਦਰੋਂ ਪਾਈਪਾਂ ਰਾਹੀਂ ਜੋੜੇ ਹੁੰਦੇ ਹਨ ਤੇ ਲੌਕ ਦੁਆਲੇ ਪਾਣੀ ਨਾਲ ਭਰੇ ਵੱਡੇ ਹੌਜ਼ ਹਨ। ਇੱਕ ਲੌਕ ਵਿੱਚ ਗਿਆਰਾਂ ਹਜ਼ਾਰ ਟਨ ਪਾਣੀ ਵਰਤਿਆ ਜਾਂਦਾ ਹੈ। ਇਸ ਪਾਣੀ ਵਿੱਚੋਂ 40% ਪਾਣੀ ਜ਼ਾਇਆ ਹੋ ਜਾਂਦਾ ਹੈ ਤੇ 60% ਨੂੰ ਦੁਬਾਰਾ ਵਰਤ ਲਿਆ ਜਾਂਦਾ ਹੈ। ਪਨਾਮਾ ਨਹਿਰ ਨੂੰ ਚਲਾਉਣ ਲਈ ਬਹੁਤ ਖ਼ਰਚਾ ਹੁੰਦਾ ਹੈ, ਪਰ ਇਸ ਤੋਂ ਆਮਦਨ ਵੀ ਬਹੁਤ ਹੈ। ਹੁਣ ਇਸ ਨਹਿਰ ਦੀ ਮਲਕੀਅਤ ‘ਪਨਾਮਾ ਕੈਨਾਲ ਅਥਾਰਟੀ’ ਕੋਲ ਹੈ ਜੋ ਪਨਾਮਾ ਸਰਕਾਰ ਦੀ ਸੰਸਥਾ ਹੈ। ਪਨਾਮਾ ਦੇਸ਼ ਦੀ ਸਾਰੀ ਆਰਥਿਕਤਾ ਹੁਣ ਪਨਾਮਾ ਨਹਿਰ ਉੱਪਰ ਹੀ ਨਿਰਭਰ ਕਰਦੀ ਹੈ। ਸੰਧੀ ਮੁਤਾਬਕ 1977 ਵਿੱਚ ਪਨਾਮਾ ਸਰਕਾਰ ਨਹਿਰ ਵਿੱਚ ਅਮਰੀਕਾ ਨਾਲ ਬਰਾਬਰ ਦੀ ਹਿੱਸੇਦਾਰ ਬਣ ਗਈ ਸੀ ਤੇ 1999 ਵਿੱਚ ਸਾਰਾ ਕੰਟਰੋਲ ਪਨਾਮਾ ਸਰਕਾਰ ਨੂੰ ਦੇ ਦਿੱਤਾ ਗਿਆ।

ਨਹਿਰ ਕਾਰਨ ਜਹਾਜ਼ਾਂ ਦੀਆਂ ਕੰਪਨੀਆਂ ਦਾ ਬਹੁਤ ਸਾਰਾ ਸਮਾਂ ਤੇ ਪੈਸਾ ਬਚਦਾ ਹੈ, ਉੱਥੇ ਇਸ ਨਹਿਰ ਰਾਹੀਂ ਲੰਘਣਾ ਵੀ ਸਸਤਾ ਨਹੀਂ ਹੈ। ਇਸ ਵਿੱਚੋਂ ਲੰਘਣ ਲਈ ਭਾੜਾ ਭਾਰ ਦੇ ਹਿਸਾਬ ਨਾਲ ਜਾਂ ਹਰ ਵਿਅਕਤੀ ਮਗਰ ਲਿਆ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਪਿਛਲੇ ਸਾਲਾਂ ਵਿੱਚ ਇੱਕ ਕੰਟੇਨਰ ਦੇ 90 ਡਾਲਰ ਲਏ ਜਾਂਦੇ ਸਨ ਤੇ ਸਵਾਰੀਆਂ ਵਾਲੇ ਜਹਾਜ਼ ਭਾਵ ਕਰੂਜ਼ ਵਿੱਚ ਇੱਕ ਬੰਦੇ ਮਗਰ 150 ਡਾਲਰ ਸਨ। ਇੱਕ ਜਹਾਜ਼ ਵਿੱਚ ਪੰਜ ਹਜ਼ਾਰ ਕੰਟੇਨਰ ਲੱਦੇ ਹੁੰਦੇ ਹਨ ਸੋ ਇੱਕ ਜਹਾਜ਼ ਦੇ ਲੰਘਣ ਦਾ ਭਾੜਾ ਸਾਢੇ ਚਾਰ ਲੱਖ ਡਾਲਰ। ਘੱਟੋ-ਘੱਟ ਚਾਲੀ ਜਹਾਜ਼ ਰੋਜ਼ਾਨਾ ਲੰਘਦੇ ਹਨ। ਹੁਣ ਤਾਂ ਦਸ ਤੋਂ ਪੰਦਰਾਂ ਹਜ਼ਾਰ ਕੰਟੇਨਰਾਂ ਵਾਲੇ ਜਹਾਜ਼ ਵੀ ਆ ਗਏ। ਇਵੇਂ ਹੀ ਇੱਕ ਕਰੂਜ਼ ਵਿੱਚ ਚਾਰ ਹਜ਼ਾਰ ਯਾਤਰੀ ਹੁੰਦੇ ਹਨ ਇਵੇਂ ਇੱਕ ਕਰੂਜ਼ ਨੂੰ ਪਨਾਮਾ ਨਹਿਰ ਪਾਰ ਕਰਨ ਦੇ ਛੇ ਲੱਖ ਪੌਂਡ ਦੇਣੇ ਪੈਂਦੇ ਹਨ। ਪਨਾਮਾ ਨਹਿਰ ਦੇ ਨਾਲ-ਨਾਲ ਰੇਲਵੇ ਲਾਈਨ ਵੀ ਜਾਂਦੀ ਹੈ ਤੇ ਹਾਈਵੇ ਵੀ।

ਪਨਾਮਾ ਨਹਿਰ ਦੀ ਸਾਂਭ-ਸੰਭਾਲ ਵੀ ਕੋਈ ਸੌਖਾ ਕੰਮ ਨਹੀਂ ਹੈ। ਇਸ ਨੂੰ ਸਮੇਂ-ਸਮੇਂ ਨਵਿਆਇਆ ਜਾਂਦਾ ਹੈ। ਵਕਤ ਨਾਲ ਜਹਾਜ਼ ਵੱਡੇ ਬਣਨ ਲੱਗੇ ਹਨ ਤੇ ਉਨ੍ਹਾਂ ਦੀ ਲੋੜ ਅਨੁਸਾਰ ਨਹਿਰ ਨੂੰ ਵੀ ਨਵੀਨ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਇਸ ਦੀ ਸੁਰੱਖਿਆ ਉੱਪਰ ਵੀ ਵਾਹਵਾ ਖਰਚ ਆਉਂਦਾ ਹੈ। ਪਨਾਮਾ ਨਹਿਰ ਨੂੰ ਕਈ ਕਿਸਮ ਦੀਆਂ ਚਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਮੀਂਹ ਜ਼ਿਆਦਾ ਪੈਣ ਕਾਰਨ ਕਈ ਵਾਰ ਜ਼ਮੀਨ ਦੇ ਖਿਸਕਣ ਕਾਰਨ ਨਹਿਰ ਮਿੱਟੀ ਨਾਲ ਭਰ ਜਾਂਦੀ ਹੈ ਤੇ ਇਸ ਦੀ ਜਲਦੀ-ਜਲਦੀ ਸਫ਼ਾਈ ਕਰਨੀ ਪੈਂਦੀ ਹੈ। ਨਹਿਰ ਕਾਰਨ ਵਾਤਾਵਰਨ ਉੱਪਰ ਵੀ ਬਹੁਤ ਅਸਰ ਪੈਂਦਾ ਹੈ। ਪਨਾਮਾ ਨਹਿਰ ਦੇ ਆਲੇ-ਦੁਆਲੇ ਦੇ ਜੰਗਲਾਂ ਵਿੱਚ ਵਸਦੇ ਲੋਕਾਂ ਦੇ ਜੀਵਨ ਉੱਪਰ ਨਹਿਰ ਦਾ ਨਾਂਹ ਵਾਚਕ ਅਸਰ ਪੈਂਦਾ ਹੈ। ਹੁਣ ਗਵਾਂਢੀ ਮੁਲਕ ਨਿਕਾਰਾਗੁਆ ਵੱਲੋਂ ਵੀ ਅਜਿਹੀ ਹੀ ਇੱਕ ਨਹਿਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਨਿਕਾਰਾਗੁਆ ਵਿੱਚ ਦੋਵਾਂ ਸਮੁੰਦਰਾਂ ਵਿਚਕਾਰਲੀ ਧਰਤੀ ਕੁਝ ਲੰਮੇਰੀ ਹੈ, ਪਰ ਉੱਥੇ ਵੀ ਇੱਕ ਝੀਲ ਪੈਂਦੀ ਹੈ ਜਿਸ ਦਾ ਸਹਾਰਾ ਲਿਆ ਜਾ ਸਕਦਾ ਹੈ। ਪਰ ਹਾਲੇ ਇਹ ਪ੍ਰਾਜੈਕਟ ਬਹੁਤ ਦੂਰ ਹੈ।

ਪਨਾਮਾ ਨਹਿਰ ਨੂੰ ਬਣਾਉਣ ਦੀਆਂ ਬਹੁਤ ਸਾਰੀਆਂ ਤਸਵੀਰਾਂ ਇੰਟਰਨੈੱਟ ’ਤੇ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਮਨੁੱਖ ਦੀ ਇੰਜੀਨੀਅਰਿੰਗ ਕਾਬਲੀਅਤ ’ਤੇ ਹੈਰਾਨ ਰਹਿ ਜਾਵੋਗੇ। ਬਹੁਤ ਸਾਰੀਆਂ ਵੀਡੀਓ’ਜ਼ ਵੀ ਯੂ-ਟਿਊਬ ’ਤੇ ਦੇਖੀਆਂ ਜਾ ਸਕਦੀਆਂ ਹਨ। ਇਸ ਨਹਿਰ ਵਿੱਚੋਂ ਲੰਘਣ ਦਾ ਅਨੁਭਵ ਵੀ ਬਹੁਤ ਅਨੋਖਾ ਹੈ। ‘ਅਮਰੀਕਨ ਸੁਸਾਇਟੀ ਆਫ ਸਿਵਲ ਇੰਜੀਨੀਅਰ’ ਨੇ ਪਨਾਮਾ ਨਹਿਰ ਨੂੰ ਆਧੁਨਿਕ ਦੁਨੀਆ ਦਾ ਸੱਤਵਾਂ ਅਜੂਬਾ ਕਿਹਾ ਹੈ।
ਈ-ਮੇਲ : harjeetatwal@hotmail.co.ukNews Source link
#ਕਸ #ਅਜਬ #ਤ #ਘਟ #ਨਹ #ਪਨਮ

- Advertisement -

More articles

- Advertisement -

Latest article