ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 3 ਮਈ
ਇਥੋਂ ਦੀ ਨਵੀ ਅਨਾਜ ਮੰਡੀ ’ਚ ਅੱਜ ਆੜ੍ਹਤੀਏ ਨੇ ਆਰਥਿਕ ਤੰਗੀ ਦੇ ਚਲਦਿਆਂ ਆਪਣੇ ਆਪ ਨੂੰ ਗੋਲੀ ਮਾਰ ਲਈ। ਖੁਦਕਸ਼ੀ ਤੋਂ ਪਹਿਲਾਂ ਉਸ ਨੇ 17 ਮਿੰਟ ਦੀ ਵੀਡੀਓ ਫੇਸਬੁੱਕ ’ਤੇ ਵਾਇਰਲ ਕੀਤੀ ਅਤੇ ਚਾਰ ਸਫਿਆਂ ਦਾ ਸੁਸਾਇਡ ਨੋਟ ਵੀ ਲਿਖਿਆ। ਪੁਲੀਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਸ਼ਰਮਾ ਕੋਟਕਪੂਰੇ ਦੀ ਨਵੀ ਅਨਾਜ ਮੰਡੀ ‘ਚ ਦੁਕਾਨ ਨੰਬਰ 75 ਦਾ ਮਾਲਕ ਸੀ। ਉਹ ਪਿਛਲੇ ਸਮੇਂ ਤੋਂ ਆਰਥਿਕ ਤੌਰ ’ਤੇ ਕਮਜ਼ੋਰ ਚੱਲ ਰਿਹਾ ਸੀ ਜਿਸ ਕਰਕੇ ਉਸ ਦਾ ਵਪਾਰ ਠੱਪ ਹੋ ਗਿਆ ਸੀ। ਉਸ ਦੇ ਗੁਆਂਢ ‘ਚ ਉਸ ਦੇ ਚਾਚੇ ਅਤੇ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਗਾਹਕਾਂ ਕੋਲ ਉਸ ਖਿਲਾਫ ਗਲਤ ਪ੍ਰਚਾਰ ਕੀਤਾ। ਦੋ ਛੋਟੇ ਬੱਚਿਆਂ ਦੇ ਬਾਪ ਪ੍ਰਮੋਦ ਕੁਮਾਰ ਨੇ ਬਾਅਦ ਦੁਪਹਿਰ ਆਪਣੇ ਦੁਕਾਨ ’ਤੇ ਫੇਸਬੁੱਕ ’ਤੇ ਵੀਡੀਓ ਅਪਲੋਡ ਕੀਤੀ ਤੇ ਸੁਸਾਇਟੀ ਨੋਟ ਲਿਖਣ ਮਗਰੋਂ ਆਪਣੇ ਚਾਚੇ ਦੀ ਦੁਕਾਨ ਨੰਬਰ 76 ’ਤੇ ਆ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ।