ਬਰਲਿਨ, 2 ਮਈ
ਜਰਮਨ ਚਾਂਸਲਰ ਓਲਾਫ਼ ਸ਼ੋਲਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਰਮਨੀ ਵਿਚ ਜੀ-7 ਸਿਖਰ ਵਾਰਤਾ ਲਈ ਸੱਦਾ ਦਿੱਤਾ ਹੈ। ਸ੍ਰੀ ਮੋਦੀ ਨਾਲ ਮੁਲਾਕਾਤ ਦੌਰਾਨ ਸ਼ੋਲਜ਼ ਨੇ ਆਲਮੀ ਅਰਥਚਾਰੇ, ਵਾਤਾਵਰਨ ਤਬਦੀਲੀ ਨੂੰ ਲੈ ਕੇ ਗੱਲਬਾਤ ਵਿੱਚ ਭਾਰਤ ਦੀ ਅਹਿਮ ਭੂਮਿਕਾ ਹੈ। ਉਧਰ ਸ੍ਰੀ ਮੋਦੀ ਨੇ ਕਿਹਾ ਕਿ ਜਮਹੂਰੀ ਮੁਲਕਾਂ ਵਿੱਚੋਂ ਭਾਰਤ ਤੇ ਜਰਮਨੀ ਕਈ ਕਦਰਾਂ ਕੀਮਤਾਂ ਸਾਂਝੀਆਂ ਕਰਦੇ ਹਨ। ਦੋਵਾਂ ਆਗੂਆਂ ਨੇ ਖੇਤਰੀ ਤੇ ਆਲਮੀ ਘਟਨਾਕ੍ਰਮ ’ਤੇ ਵੀ ਚਰਚਾ ਕੀਤੀ। ਰੂਸ-ਯੂਕਰੇਨ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸੰਘਰਸ਼ ’ਚ ਕੋਈ ਵੀ ਮੁਲਕ ਜੇਤੂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਦਾ ਹਾਮੀ ਹੈ ਤੇ ਜੰਗ ਖ਼ਤਮ ਕਰਨ ਦੀ ਅਪੀਲ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਜਰਮਨੀ ਦਰਮਿਆਨ ਭਾਈਵਾਲੀ ਇਸ ਗੁੰਝਲਦਾਰ ਵਿਸ਼ਵ ਵਿੱਚ ਸਫ਼ਲਤਾ ਦੀ ਮਿਸਾਲ ਵਜੋਂ ਕੰਮ ਕਰ ਸਕਦੀ ਹੈ। ਦੋਵਾਂ ਧਿਰਾਂ ਨੇ ਟਿਕਾਊ ਵਿਕਾਸ ’ਤੇ ਕੇਂਦਰਿਤ ਕਈ ਸਮਝੌਤਿਆਂ ’ਤੇ ਸਹੀ ਪਾਈ, ਜਿਸ ਤਹਿਤ ਭਾਰਤ ਨੂੰ 2030 ਤੱਕ ਸਵੱਛ ਊਰਜਾ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ 10.5 ਬਿਲੀਅਨ ਡਾਲਰ ਦੀ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੇ ਜਰਮਨ ਚਾਂਸਲਰ ਓਲਾਫ ਸ਼ੋਲਜ਼ ਨਾਲ ਅੰਤਰ-ਸਰਕਾਰੀ ਸਲਾਹ-ਮਸ਼ਵਰੇ (ਆਈਜੀਸੀ) ਦੇ ਛੇਵੇਂ ਮੁਕੰਮਲ ਸੈਸ਼ਨ ਦੀ ਸਹਿ-ਪ੍ਰਧਾਨਗੀ ਕੀਤੀ, ਨੇ ਭਾਰਤ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ਵਿੱਚ ਜਰਮਨੀ ਨੂੰ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ।
ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਬੱਚਿਆਂ ਨੇ ਭਾਰਤ ਮਾਂ ਦੇ ਹੱਕ ਵਿਚ ਨਾਅਰੇ ਲਾਏ। ਪੀਟੀਆਈ