ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਈ
ਯੂਥ ਕਾਂਗਰਸ ਦੇ ਕਾਰਕੁਨਾਂ ਨੇ ਬਿਜਲੀ ਸੰਕਟ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਪੱਖੀਆਂ ਤੇ ਮੋਮਬੱਤੀਆਂ ਵੰਡੀਆਂ ਹਨ। ਉਨ੍ਹਾਂ ਨੇ ਬਿਜਲੀ ਸਪਲਾਈ ’ਚ ਸੁਧਾਰ ਨਾ ਹੋਣ ’ਤੇ ਸਰਕਾਰ ਖ਼ਿਲਾਫ਼ ਸੂੂਬਾ ਪੱਧਰੀ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ।
ਰੋਸ ਵਿਖਾਵਾ ਮਿੱਠੂ ਮਦਾਨ ਦੀ ਅਗਵਾਈ ਹੇਠ ਜੌੜਾ ਫਾਟਕ ਇਲਾਕੇ ਵਿੱਚ ਕੀਤਾ ਗਿਆ, ਜਿੱਥੇ ਕਾਂਗਰਸੀ ਕਾਰਕੁਨਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਤਖਤੀਆਂ ਚੁੱਕੀਆਂ ਹੋਈਆਂ ਸਨ। ਨੌਜਵਾਨ ਕਾਂਗਰਸੀ ਕਾਰਕੁਨਾਂ ਵਲੋਂ ਦੁਕਾਨਦਾਰਾਂ ਤੇ ਹੋਰਨਾਂ ਨੂੰ ਪੱਖੀਆਂ ਤੇ ਮੋਮਬੱਤੀਆਂ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਬਿਜਲੀ ਨਾ ਆਉਣ ’ਤੇ ਗਰਮੀ ਤੋਂ ਰਾਹਤ ਲਈ ਪੱਖੀ ਝੱਲਣ ਅਤੇ ਹਨੇਰੇ ਤੋਂ ਬਚਣ ਲਈ ਮੋਮਬੱਤੀ ਜਗਾਉਣ ਲਈ ਆਖਿਆ।
ਸ੍ਰੀ ਮਦਾਨ ਨੇ ਆਖਿਆ ਕਿ ਮਹੀਨੇ ਦੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਹੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਕਿਸਾਨਾਂ ਨੂੰ ਫਸਲਾਂ ਦੀ ਸਿੰਜਾਈ, ਸਨਅਤਕਾਰਾਂ ਨੂੰ ਸਨਅਤਾਂ ਲਈ ਅਤੇ ਆਮ ਲੋਕਾਂ ਨੂੰ ਘਰੇਲੂ ਵਰਤੋਂ ਲਈ ਬਿਜਲੀ ਨਹੀਂ ਮਿਲ ਰਹੀ। ਗਰਮੀ ਵਿੱਚ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ‘ਆਪ’ ਨੂੰ ਵੋਟਾਂ ਪਾਈਆਂ ਸਨ ਪਰ ਕੋਈ ਬਦਲਾਅ ਨਹੀਂ ਆਇਆ ਸਗੋਂ ਸਥਿਤੀ ਬਦਤਰ ਬਣ ਗਈ ਹੈ।
ਲੋਕਾਂ ਦੀਆਂ ਉਮੀਦਾਂ ਤੇ ਚਾਅ ਕੁਝ ਸਮੇਂ ਵਿੱਚ ਹੀ ਖਿੰਡ ਗਏ ਹਨ। ਮਿੱਠੂ ਮਦਾਨ ਨੇ ਕਿਹਾ ਕਿ ਅੱਜ ਲੋਕਾਂ ਨੂੰ ਇਸ ਕਾਰਨ ਪੱਖੀਆਂ ਤੇ ਮੋਮਬੱਤੀਆਂ ਵੰਡੀਆਂ ਹਨ, ਕਿਉਂਕਿ ਪਹਿਲਾਂ ਜਦੋਂ ਬਿਜਲੀ ਨਹੀਂ ਹੁੰਦੀ ਸੀ ਤਾਂ ਲੋਕ ਗਰਮੀ ਤੋਂ ਬਚਣ ਲਈ ਪੱਖੀਆਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਦੀ ਸਥਿਤੀ ਵਿਚ ਸੁਧਾਰ ਨਾ ਆਇਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ।