ਨਿਊ ਯਾਰਕ, 2 ਮਈ
ਨਿਊ ਯਾਰਕ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਅਮਰੀਕੀ ਰਾਜ ਕਨੈਕਟੀਕਟ ਦੀ ਜਨਰਲ ਅਸੈਂਬਲੀ ਵੱਲੋਂ ਅਖੌਤੀ “ਸਿੱਖਾਂ ਦੀ ਆਜ਼ਾਦੀ ਦੇ ਐਲਾਨ” ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਵਾਲੇ ਹਵਾਲੇ ਦੀ ਸਖ਼ਤ ਨਿੰਦਾ ਕੀਤੀ ਹੈ। ਕੌਂਸੁਲੇਟ ਨੇ ਕਿਹਾ ਕਿ ਉਹ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨਾਲ ਇਸ ਮੁੱਦੇ ਨੂੰ ਸਬੰਧਤ ਅਮਰੀਕੀ ਸੰਸਦ ਮੈਂਬਰਾਂ ਕੋਲ ਮੁਨਾਸਿਬ ਢੰਗ ਨਾਲ ਉਠਾਏਗਾ। ਭਾਰਤੀ ਕੌਂਸੁਲੇਟ ਨੇ ਕਿਹਾ, “ਅਸੀਂ ਇੱਕ ਗੈਰ-ਕਾਨੂੰਨੀ ਕਾਰਵਾਈ ਦੇ ਸਬੰਧ ਵਿੱਚ ਅਮਰੀਕਾ ਵਿੱਚ ਕਨੈਕਟੀਕਟ ਰਾਜ ਦੀ ਜਨਰਲ ਅਸੈਂਬਲੀ ਦੇ ਅਖੌਤੀ ਹਵਾਲੇ ਦੀ ਨਿੰਦਾ ਕਰਦੇ ਹਾਂ। ਇਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਸੈਂਬਲੀ ਦੇ ਨਾਮ ਨੂੰ ਆਪਣੇ ਨਾਪਾਕ ਉਦੇਸ਼ਾਂ ਲਈ ਵਰਤਣ ਦੀ ਕੋਸ਼ਿਸ਼ ਹੈ। ਇਹ ਭਾਈਚਾਰਿਆਂ ਨੂੰ ਵੰਡਣ ਅਤੇ ਕੱਟੜਤਾ ਤੇ ਨਫ਼ਰਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਹਿੰਸਾ ਦੇ ਉਨ੍ਹਾਂ ਦੇ ਏਜੰਡੇ ਦੀ ਅਮਰੀਕਾ ਅਤੇ ਭਾਰਤ ਵਰਗੇ ਜਮਹੂਰੀ ਸਮਾਜਾਂ ਵਿੱਚ ਕੋਈ ਥਾਂ ਨਹੀਂ ਹੈ।” ਅਧਿਕਾਰਤ ਹਵਾਲੇ ਵਿੱਚ, ਕਨੈਕਟੀਕਟ ਰਾਜ ਦੀ ਜਨਰਲ ਅਸੈਂਬਲੀ ਨੇ ‘ਸਿੱਖਾਂ ਦੀ ਆਜ਼ਾਦੀ ਦੇ ਐਲਾਨ ਦੀ 36ਵੀਂ ਵਰ੍ਹੇਗੰਢ ਨੂੰ ਮਿਲੀ ਮਾਨਤਾ ਲਈ ਖਾਲਿਸਤਾਨ ਪੱਖੀ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ’ ਨੂੰ ਵਧਾਈ ਦਿੱਤੀ ਹੈ। -ਪੀਟੀਆਈ