36 C
Patiāla
Thursday, April 24, 2025

ਖਜ਼ਾਨੇ ਨੂੰ ਚੂਨਾ ਲਾ ਰਹੀਆਂ ਡਬਲ ਡੈਕਰ ਬੱਸਾਂ ਦਾ ਪਰਦਾਫਾਸ਼

Must read


ਜਗਮੋਹਨ ਸਿੰਘ

ਰੂਪਨਗਰ, 1 ਮਈ

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਯੂ.ਪੀ., ਬਿਹਾਰ ਤੇ ਹੋਰ ਸੂਬਿਆਂ ਨੂੰ ਸਵਾਰੀਆਂ ਢੋਣ ਲਈ ਗੈਰ-ਕਾਨੂੰਨੀ ਚਲਾਈਆਂ ਜਾ ਰਹੀਆਂ ਡਬਲ ਡੈਕਰ ਬੱਸਾਂ ਦਾ ਬੀਤੀ ਰਾਤ ਰੂਪਨਗਰ ਦੇ ਕਾਂਗਰਸੀ ਆਗੂਆਂ ਨੇ ਪਰਦਾਫਾਸ਼ ਕਰਦਿਆਂ ਇੱਕ ਬੱਸ ਨੂੰ ਸਿਟੀ ਥਾਣੇ ’ਚ ਬੰਦ ਕਰਵਾਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਮਰਜੀਤ ਸਿੰਘ ਭੁੱਲਰ, ਬੁਲਾਰੇ ਸੁਖਦੇਵ ਸਿੰਘ ਤੇ ਪਿੰਡ ਸ਼ਾਮਪੁਰਾ ਦੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਬਾਈਪਾਸ ਰੋਡ ’ਤੇ ਜਾ ਰਹੇ ਸਨ ਤਾਂ ਇੱਕ ਢਾਬੇ ’ਤੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪਰਿਵਾਰਾਂ ਸਮੇਤ ਆਪੋ ਆਪਣਾ ਸਾਮਾਨ ਲਈ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਕੁਝ ਮਜ਼ਦੂਰ ਇੱਕ ਡਬਲ ਡੈੱਕਰ ਬੱਸ ਦੀ ਛੱਤ ’ਤੇ ਚੜ੍ਹ ਰਹੇ ਸਨ, ਜਦੋਂਕਿ ਬੱਸ ਦੀਆਂ ਦੋਵੇਂ ਮੰਜ਼ਿਲਾਂ ਅੰਦਰੋਂ ਪੂਰੀ ਤਰ੍ਹਾਂ ਖਚਾਖਚ ਭਰੀਆਂ ਹੋਈਆਂ ਸਨ ਤੇ ਬੱਸ ਅੰਦਰ ਬਹੁਤ ਸਾਰੇ ਮਜ਼ਦੂਰ ਤੇ ਉਨ੍ਹਾਂ ਦੇ ਬੱਚੇ ਖੜ੍ਹੇ ਸਨ। ਆਗੂਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਲਾਲ ਰੰਗ ਦੀ ਇਸ ਬੱਸ ਦੇ ਡਰਾਈਵਰ ਨਾਲ ਗੱਲ ਕਰਨੀ ਚਾਹੀ ਤਾਂ ਡਰਾਈਵਰ ਗੱਲ ਕਰਨ ਦੀ ਬਜਾਇ ਬੱਸ ਭਜਾ ਕੇ ਲੈ ਗਿਆ। ਇਸੇ ਦੌਰਾਨ ਮਜ਼ਦੂਰਾਂ ਨੇ ਦੱਸਿਆ ਕਿ ਹਾਲੇ ਹੋਰ ਬੱਸਾਂ ਵੀ ਪਿੱਛੇ ਆ ਰਹੀਆਂ ਹਨ, ਜਿਸ ਮਗਰੋਂ ਉਨ੍ਹਾਂ ਉੱਥੇ ਹੀ ਖੜ੍ਹ ਕੇ ਇੰਤਜ਼ਾਰ ਕੀਤਾ ਤੇ ਥੋੜ੍ਹੀ ਦੇਰ ਬਾਅਦ ਇੱਕ ਹੋਰ ਹਰੇ ਰੰਗ ਦੀ ਬੱਸ ਆ ਗਈ, ਜਿਸ ਉੱਪਰ ਪਹਿਲਾਂ ਹੀ ਛੱਤ ’ਤੇ ਵੀ ਕਾਫੀ ਮਜ਼ਦੂਰ ਬੈਠੇ ਸਨ। ਉਨ੍ਹਾਂ ਇਸ ਬੱਸ ਨੂੰ ਰੋਕ ਕੇ ਜਦੋਂ ਡਰਾਈਵਰ ਨਾਲ ਗੱਲ ਕਰਨੀ ਚਾਹੀ ਤਾਂ ਡਰਾਈਵਰ ਨੇ ਮਾਲਕ ਨਾਲ ਗੱਲ ਕਰਨ ਲਈ ਕਿਹਾ। ਸ੍ਰੀ ਭੁੱਲਰ ਨੇ ਦੱਸਿਆ ਕਿ ਮਾਲਕ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਦੀ ਗੱਲ ਨਾ ਬਣੀ ਤਾਂ ਉਸ ਨੇ ਧਮਕੀ ਦਿੱਤੀ ਕਿ ਉਸ ਦੀ ਉਪਰ ਤੱਕ ਸੈਟਿੰਗ ਹੈ ਤੇ ਤੁਸੀਂ ਜੋ ਮਰਜ਼ੀ ਕਰਨਾ ਹੈ ਕਰ ਲਵੋ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਫੋਨ ਕਰਨ ’ਤੇ ਪਹਿਲਾਂ ਤਾਂ ਪੁਲੀਸ ਨੇ ਉਨ੍ਹਾਂ ਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਮ ਲਾਉਣ ਦੀ ਚਿਤਾਵਨੀ ਦੇਣ ’ਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਬੱਸ ਦੇ ਡਰਾਈਵਰ ਕੋਲ ਨਾ ਤਾਂ ਡਰਾਈਵਿੰਗ ਲਾਇਸੰਸ ਮਿਲਿਆ ਤੇ ਨਾ ਹੀ ਉਹ ਬੱਸ ਦਾ ਪਰਮਿਟ ਜਾਂ ਹੋਰ ਦਸਤਾਵੇਜ਼ ਪੁਲੀਸ ਨੂੰ ਮੌਕੇ ’ਤੇ ਵਿਖਾ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਦਲਣ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਇਸ ਧੰਦੇ ਨੂੰ ਰੋਕਣ ਵਿੱਚ ਫੇਲ੍ਹ ਸਾਬਤ ਹੋਈ ਹੈ। ਜਦੋਂ ਬੱਸ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਾਰ ਵਾਰ ਕੋਸ਼ਿਸ਼ ਦੇ ਬਾਵਜੂਦ ਫੋਨ ਨਹੀਂ ਸੁਣਿਆ। ਸਿਟੀ ਪੁਲੀਸ ਰੂਪਨਗਰ ਦੇ ਐੱਸ.ਐੱਚ.ਓ. ਅੰਡਰਟਰੇਨੀ ਆਈਪੀਐੱਸ ਰਣਧੀਰ ਕੁਮਾਰ ਨੇ ਦੱਸਿਆ ਕਿ ਬੱਸ ਦਾ ਚਲਾਨ ਕਰਕੇ ਉਸ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਮਰੱਥਾ ਤੋਂ ਕਿਤੇ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਮੁਸ਼ਕਿਲ ਨੂੰ ਵੇਖਦਿਆਂ ਕੰਡਕਟਰ ਤੋਂ ਪੈਸੇ ਵਾਪਸ ਕਰਵਾ ਕੇ ਹੋਰ ਵਾਹਨਾ ਰਾਹੀਂ ਰਵਾਨਾ ਕੀਤਾ ਗਿਆ ਹੈ।





News Source link

- Advertisement -

More articles

- Advertisement -

Latest article